ਗੰਦੇ ਨਾਲੇ ਵਿੱਚ ਡੁੱਬ ਕੇ 6 ਮਹੀਨਿਆਂ ਦੇ ਬੱਚੇ ਦੀ ਮੌਤ

ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਨੇੜਲੇ ਪਿੰਡ ਦਾਊਂ ਵਿਖੇ ਅੱਜ ਸਵੇਰੇ ਇਕ ਛੇ ਮਹੀਨਿਆਂ ਦੇ ਬੱਚੇ (ਲੜਕੇ) ਦੀ ਗੰਦੇ ਨਾਲੇ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦਾਊਂ ਵਿਖੇ ਇਕ ਸਾਬਕਾ ਅਧਿਆਪਕ ਦੇ ਮਕਾਨ ਵਿੱਚ ਕਿਰਾਏਦਾਰ ਵਿਸ਼ਨੂੰ ਦਾ 6 ਮਹੀਨਿਆਂ ਦਾ ਲੜਕਾ ਘਰ ਦੇ ਵਿਹੜੇ ਵਿੱਚ ਆਪਣੇ ਵਾਕਰ ਵਿੱਚ ਖੇਡ ਰਿਹਾ ਸੀ| ਇਸ ਦੌਰਾਨ ਇਹ ਬੱਚਾ ਖੇਡਦਾ ਖੇਡਦਾ ਘਰ ਦੇ ਬਾਹਰ ਪਹੁੰਚ ਗਿਆ ਅਤੇ ਘਰ ਦੇ ਬਾਹਰ ਲੰਘਦੇ ਗੰਦੇ ਨਾਲੇ ਵਿੱਚ ਡਿੱਗ ਪਿਆ|
ਬੱਚੇ ਦੇ ਮਾਂਪਿਆਂ ਨੂੰ ਬੱਚੇ ਦੇ ਇਸ ਨਾਲੇ ਵਿੱਚ ਡਿੱਗਣ ਦਾ ਪਤਾ ਕਾਫੀ ਦੇਰ ਬਾਅਦ ਲੱਗਿਆ ਅਤੇ ਇਸ ਬਾਰੇ ਪਤਾ ਲੱਗਣ ਤੇ ਜਦੋਂ ਬੱਚੇ ਨੂੰ ਨਾਲੇ ਵਿੱਚੋਂ ਕੱਢਆ ਗਿਆ ਤਾਂ ਉਹ ਪੂਰੀ ਤਰ੍ਹਾਂ ਬੇਸੁਧ ਸੀ ਅਤੇ ਉਸਦੇ ਸ਼ਰੀਰ ਵਿੱਚ ਕੋਈ ਹਰਕਤ ਨਹੀਂ ਸੀ| ਬੱਚੇ ਦੇ ਮਾਪਿਆਂ ਵਲੋਂ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿਤਾ|
ਵਿਸ਼ਨੂੰ ਦਾ ਪਰਿਵਾਰ ਪਿਛਲੇ ਚਾਰ ਸਾਲ ਤੋਂ ਇਸ ਮਕਾਨ ਵਿੱਚ ਕਿਰਾਏ ਉਪਰ ਰਹਿ ਰਿਹਾ ਸੀ ਤੇ ਪਿਛੋਂ ਉਹ ਅਲੀਗੜ੍ਹ ਤੋਂ ਆ ਕੇ ਇਥੇ ਵਸੇ ਹੋਏ ਹਨ| ਇਸ ਹਾਦਸੇ ਤੋਂ ਬਾਅਦ ਪਰਿਵਾਰ ਭਾਰੀ ਸਦਮੇ ਦੀ ਹਾਲਤ ਵਿੱਚ ਹੈ| ਜਿਸ ਨਾਲੇ ਵਿੱਚ ਬੱਚਾ ਡਿਗਿਆ ਸੀ, ਉਹ ਨਾਲਾ ਲਗਭਗ ਤਿੰਨ ਫੁੱਟ ਡੂੰਘਾ ਅਤੇ ਡੇਢ ਫੁੱਟ ਚੌੜਾ ਹੈ| ਜਿਸ ਵਿੱਚ ਹਰ ਸਮੇਂ ਗੰਦਾ ਪਾਣੀ ਭਰਿਆ ਰਹਿੰਦਾ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਪਿੰਡ ਦਾਉਂ ਨੂੰ ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਸਾਂਸਦ ਆਦਰਸ਼ ਗ੍ਰਾਮ ਯੋਜਨਾ ਦੇ ਤਹਿਤ ਗੋਦ ਲਿਆ ਗਿਆ ਹੈ ਪਰੰਤੂ ਪਿੰਡ ਵਾਸੀ ਪਿੰਡ ਦੀ ਮਾੜੀ ਹਾਲਤ ਦੀ ਅਕਸਰ ਸ਼ਿਕਾਇਤ ਕਰਦੇ ਹਨ| ਪਿੰਡ ਦੇ ਵਸਨੀਕ ਸਮਾਜਸੇਵੀ ਆਗੂ ਸ੍ਰ. ਸਤਨਾਮ ਸਿੰਘ ਦਾਊਂ ਨੇ ਇਸ ਘਟਨਾ ਤੋਂ ਬਾਅਦ ਪ੍ਰੋ. ਚੰਦੂਮਾਜਰਾ ਅਤੇ ਪ੍ਰਧਾਨ ਮੰਤਰੀ ਦਫਤਰ ਸਮੇਤ ਹੋਰਨਾਂ ਥਾਵਾਂ ਤੇ ਪੱਤਰ ਭੇਜ ਕੇ ਇਸ ਬੱਚੇ ਦੀ ਮੌਤ ਲਈ ਸਰਕਾਰ ਦੀ ਅਣਗਹਿਲੀ ਨੂੰ ਜਿੰਮੇਵਾਰ ਠਹਿਰਾਇਆ ਹੈ| ਉਹਨਾਂ ਲਿਖਿਆ ਹੈ ਕਿ ਪਿੰਡ ਨੂੰ ਆਦਰਸ਼ ਗ੍ਰਾਮ ਯੋਜਨਾ ਤਹਿਤ ਗੋਦ ਵਿੱਚ ਲਏ ਜਾਣ ਦੇ ਬਾਵਜੂਦ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਦੀ ਹਾਲਤ ਤਰਸਯੋਗ ਹੈ ਅਤੇ ਇਸ ਸੰਬੰਧੀ ਪਿੰਡ ਵਾਸੀਆਂ ਵਲੋਂ ਸਮੇਂ ਸਮੇਂ ਤੇ ਪ੍ਰਸ਼ਾਸ਼ਨ ਨੂੰ ਜਾਣੂ ਕਰਵਾਇਆ ਜਾਂਦਾ ਰਿਹਾ ਹੈ ਪਰੰਤੂ ਕੋਈ ਕਾਰਵਾਈ ਨਹੀਂ ਹੋਈ| ਇਸ ਦੌਰਾਨ ਅੱਜ ਸਵੇਰੇ ਪਿੰਡ ਵਿੱਚ ਇੱਥੇ ਛੇ ਮਹੀਨੇ ਦੇ ਬੱਚੇ ਦੀ ਨਾਲੇ ਵਿੰਚ ਡੁੱਬਣ ਕਾਰਨ ਮੌਤ ਹੋ ਗਈ ਹੈ ਜਿਸ ਲਈ ਸਰਕਾਰ ਦੀ ਅਣਗਹਿਲੀ ਜਿੰਮੇਵਾਰ ਹੈ| ਉਹਨਾਂ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਉਸ ਨਾਲੇ ਅਤੇ ਸੜਕ ਦਾ ਸੁਧਾਰ ਕੀਤਾ ਜਾਵੇ|

Leave a Reply

Your email address will not be published. Required fields are marked *