ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭੋਗ ਰਹੇ ਹਨ ਦੇਸੂਮਾਜਰਾ ਦੇ ਵਸਨੀਕ

ਖਰੜ, 28 ਜੁਲਾਈ (ਸ਼ਮਿੰਦਰ ਸਿੰਘ) ਖਰੜ ਨਗਰ ਨਿਗਮ ਦੀ ਹੱਦ ਵਿੱਚ ਪੈਂਦੇ ਪਿੰਡ ਦੇਸੂਮਾਜਰਾ ਵਿੱਚ ਪਾਣੀ ਦੀ ਟੈਂਕੀ ਦੇ ਨਾਲ ਲੱਗਦੀ ਗੱਲੀ ਦੇ ਵਸਨੀਕ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭੋਗਣ ਲਈ ਮਜਬੂਰ ਹਨ| ਇਸ ਗੱਲੀ ਦਾ ਪਾਣੀ ਬਾਹਰ ਜਾ ਕੇ ਮੁੱਖ ਸੜਕ ਤੇ ਕਿਨਾਰੇ ਬਣੇ ਡ੍ਰੋਨ ਵਿੱਚ ਡਿੱਗਦਾ ਸੀ ਪਰਤੂੰ ਵਸਨੀਕਾਂ ਅਨੁਸਾਰ ਇੱਕ ਹਫਤਾ ਪਹਿਲਾ ਫਲਾਈ ਓਵਰ ਦੀ ਉਸਾਰੀ ਕਰਨ ਵਾਲੀ ਕੰਪਨੀ ਵਲੋਂ ਮਿੱਟੀ ਪਾ ਕੇ ਇਸ ਡ੍ਰੇਨ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਪਿੱਛਲੇ ਇੱਕ ਹਫਤੇ ਤੋਂ ਪਾਣੀ ਦੀ ਨਿਕਾਸੀ ਰੁਕ ਗਈ ਹੈ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ              ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਹਾਲਾਤ ਇਹ ਹਨ ਕਿ ਥਾਂ-ਥਾਂ ਤੇ ਖੜ੍ਹੇ ਇਸ ਗੰਦੇ ਅਤੇ ਬਦਬੂਦਾਰ ਪਾਣੀ ਕਾਰਨ ਪੂਰੇ ਇਲਾਕੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| 
ਸਥਾਨਕ ਵਸਨੀਕਾਂ ਹਰਵਿੰਦਰ ਸਿੰਘ, ਤਜਿੰਦਰ ਕੌਰ, ਪਵਨ ਮਨੋਚਾ, ਪੰਡਤ ਦਿਨੇਸ਼ ਕੁਮਾਰ, ਪ੍ਰਦੀਪ ਭੰਡਾਰੀ, ਬਲਬੀਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਫਲਾਈ ਓਵਰ ਦੀ ਉਸਾਰੀ ਕਰਨ ਵਾਲੀ ਐਲ.ਐਂਡ.ਟੀ. ਕੰਪਨੀ ਦੇ ਮੁਲਾਜਮਾਂ ਵਲੋਂ ਇੱਥੇ ਜੇ.ਸੀ.ਬੀ. ਮਸ਼ੀਨ ਨਾਲ ਖੁਦਾਈ ਕਰਕੇ ਇਸ ਥਾਂ ਨੂੰ ਪੱਧਰਾ ਕਰਵਾ ਦਿੱਤਾ ਗਿਆ ਸੀ ਅਤੇ ਇੱਥੇ ਮਿੱਟੀ ਭਰ ਦਿੱਤੀ ਗਈ, ਜਿਸ ਕਾਰਨ ਇੱਥੇ ਪਾਣੀ ਦੀ ਨਿਕਾਸੀ ਰੁਕ ਗਈ ਹੈ ਅਤੇ ਗੰਦਾ ਅਤੇ ਬਦਬੂਦਾਰ ਪਾਣੀ ਗਲੀ ਵਿੱਚ ਖੜ੍ਹਾ ਹੋ ਗਿਆ ਹੈ ਜਿਸ ਵਿੱਚ ਮੱਛਰ ਪੈਦਾ ਹੋ ਰਿਹਾ ਹੈ|
ਉਹਨਾਂ ਦੱਸਿਆ ਕਿ ਇਸ ਸੰਬਧੀ ਜਦੋਂ ਉਨ੍ਹਾਂ ਐਲ.ਐਂਡ.ਟੀ. ਕੰਪਨੀ ਦੇ ਕਰਮਚਾਰੀਆਂ ਨਾਲ ਇਸ ਸੱਮਸਿਆ ਨੂੰ ਹੱਲ ਕਰਵਾਉਣ ਦੀ  ਗੱਲ ਕੀਤੀ ਤਾਂ ਉਹਨਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਕੰਮ ਨਗਰ ਕੌਂਸਲ ਵਾਲੇ ਕਰਨਗੇ| ਇੱਥੋਂ ਦੇ ਵਸਨੀਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਇੱਥੇ 1970 ਤੋਂ ਬਣੇ ਪਾਰਕ ਵਿੱਚ ਨਗਰ ਕੌਂਸਲ ਵਲੋਂ ਇੱਥੇ ਕੂੜੇ ਦਾ ਡਪਿੰਗ ਪੁਆਇੰਟ ਬਣਵਾ ਦਿੱਤਾ ਗਿਆ ਹੈ ਜਿਸ ਕਾਰਨ ਪੂਰੇ ਇਲਾਕੇ ਵਿੱਚ ਬਦਬੂ ਫੈਲਣ ਕਾਰਨ ਵਸਨੀਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ| ਉਹਨਾਂ ਮੰਗ ਕੀਤੀ ਕਿ ਇਨ੍ਹਾਂ ਸੱਮਸਿਆਵਾਂ ਦਾ ਢੁਕਵਾਂ ਹੱਲ ਕੀਤਾ ਜਾਵੇ ਤਾਂ ਜੋ ਵਸਨੀਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ|
ਇਸ ਸੰਬਧੀ ਸੰਪਰਕ ਕਰਨ ਤੇ ਇੱਥੋਂ ਦੇ ਸਾਬਕਾ ਕੌਂਸਲਰ ਸ੍ਰ. ਹਰਵਿੰਦਰ ਪਾਲ ਸਿੰਘ ਜੌਲੀ ਨੇ ਕਿਹਾ ਕਿ ਐਲ. ਐਂਡ.ਟੀ. ਕੰਪਨੀ ਦੇ ਕਰਮਚਾਰੀਆਂ ਵਲੋਂ ਕੀਤੇ ਕੰਮ ਕਾਰਨ ਇਹ ਸੱਮਸਿਆ ਪੈਦਾ ਹੋਈ ਹੈ| ਉਹਨਾਂ ਕਿਹਾ ਕਿ ਉਨ੍ਹਾਂ ਵਲੋਂ ਇੱਥੇ ਨਿਕਾਸੀ ਨਾਲਾ ਉੱਚਾ ਬਣਵਾਏ ਜਾਣ ਕਾਰਨ ਇਹ ਸੱਮਸਿਆ ਪੈਦਾ ਹੋਈ ਹੈ| ਉਹਨਾਂ ਕਿਹਾ ਕਿ ਇਸਦੇ ਹੱਲ ਲਈ ਐਸ.ਡੀ.ਓ. ਨੂੰ ਇੱਥੇ ਖੜ੍ਹੇ ਪਾਣੀ ਦੀ ਵੀਡੀਓ ਵੀ ਬਣਾ ਕੇ ਭੇਜ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹਲ ਲਈ ਛੇਤੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ| 

Leave a Reply

Your email address will not be published. Required fields are marked *