ਗੰਭੀਰ ਸਮੱਸਿਆ ਬਣ ਚੁੱਕੇ ਹਨ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂ

ਐਸ ਏ ਐਸ  ਨਗਰ, 28 ਅਕਤੂਬਰ (ਜਸਵਿੰਦਰ ਸਿੰਘ) ਮੁਹਾਲੀ ਸ਼ਹਿਰ ਦੇ ਵਸਨੀਕ ਜਿਥੇ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਥੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਪਸ਼ੂ ਲੋਕਾਂ ਲਈ ਗੰਭੀਰ ਸਮੱਸਿਆ ਬਣੇ ਹੋਏ ਹਨ| ਸ਼ਹਿਰ ਦੇ ਹਰ ਇਲਾਕੇ ਵਿੱਚ ਆਵਾਰਾ ਪਸ਼ੂਆਂ ਦੇ ਝੁੰਡ ਘੁੰਮਦੇ ਆਮ ਦਿਖਦੇ ਹਨ, ਜੋ ਕਿ ਆਵਾਜਾਈ ਵਿੱਚ ਤਾਂ ਵਿਘਨ ਪਾਉਂਦੇ ਹਨ, ਬਲਕਿ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ| ਆਵਾਰਾ ਘੁੰਮਦੇ  ਇਹ  ਪਾਲਤੂ  ਅਤੇ ਆਵਾਰਾ ਪਸ਼ੂ ਜਿਥੇ ਲੋਕਾਂ ਦੇ ਘਰਾਂ ਅੱਗੇ ਮਲ ਮੂਤਰ ਕਰ ਦਿੰਦੇ ਹਨ, ਉਥੇ ਇਹ ਪਸ਼ੂ ਕੂੜਾ ਫਰੋਲਕੇ ਗੰਦਗੀ ਖਿਲਾਰਦੇ ਰਹਿੰਦੇ ਹਨ| ਅਕਸਰ ਇਹ  ਆਵਾਰਾ ਪਸ਼ੂ ਆਪਸ ਵਿੱਚ ਲੜਾਈ ਝਗੜਾ ਕਰਦੇ ਹਨ ਅਤੇ ਆਪਸ ਵਿੱਚ ਲੜਦੇ ਪਸ਼ੂ ਅਕਸਰ ਵਾਹਨਾਂ ਨਾਲ ਟਕਰਾਅ ਕੇ ਵਾਹਨਾਂ ਦਾ ਨੁਕਸਾਨ ਕਰ ਦਿੰਦੇ ਹਨ| 
ਸ਼ਹਿਰ ਦੀਆਂ ਸੜਕਾਂ ਉਪਰ ਝੁੰਡਾਂ ਵਿੱਚ  ਘੁੰਮ ਰਹੇ ਪਸ਼ੂਆਂ ਵਿੱਚ ਪਾਲਤੂ ਗਾਵਾਂ ਅਤੇ ਪਾਲਤੂ ਮੱਝਾਂ ਦੀ ਵੀ ਕਾਫੀ ਗਿਣਤੀ ਹੁੰਦੀ ਹੈ| ਇਹ ਪਾਲਤੂ ਪਸ਼ੂ ਸਾਰਾ ਦਿਨ ਆਵਾਰਾ ਪਸ਼ੂਆਂ ਵਾਂਗ ਸ਼ਹਿਰ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਫਿਰ ਰਾਤ ਸਮੇਂ ਇਹਨਾਂ ਪਾਲਤੂ ਪਸ਼ੂਆਂ ਨੂੰ ਉਹਨਾਂ ਦੇ ਮਾਲਕ ਆਪੋ ਆਪਣੇ ਟਿਕਾਣਿਆਂ ਉਪਰ ਲੈ ਜਾਂਦੇ ਹਨ| ਇਹ ਵੀ ਵੇਖਣ ਵਿਚ ਆਇਆ ਹੈ ਕਿ ਜਦੋਂ ਨਗਰ ਨਿਗਮ ਮੁਹਾਲੀ ਦੀ ਆਵਾਰਾ ਪਸ਼ੂ ਫੜਨ ਵਾਲੀ ਗੱਡੀ ਸ਼ਹਿਰ ਵਿਚ ਘੁੰਮਦੀ ਹੈ ਤਾਂ  ਸ਼ਹਿਰ ਵਿੱਚ ਘੁੰਮ ਰਹੇ ਵੱਡੀ ਗਿਣਤੀ ਪਾਲਤੂ ਪਸ਼ੂ ਇਕ ਦਮ ਸੜਕਾਂ ਤੋਂ ਗਾਇਬ ਹੋ ਜਾਂਦੇ ਹਨ ਅਤੇ ਨਗਰ ਨਿਗਮ ਦੀ ਆਵਾਰਾ ਪਸ਼ੂ ਫੜਨ ਵਾਲੀ ਗੱਡੀ ਦੇ ਜਾਣ ਤੋਂ ਬਾਅਦ ਇਹ ਪਾਲਤੂ ਪਸ਼ੂ ਮੁੜ ਝੁੰਡਾਂ ਦੇ ਰੂਪ ਵਿੱਚ ਸੜਕਾਂ ਉਪਰ ਘੁੰਮਦੇ ਨਜਰ ਆਉਂਦੇ ਹਨ|
ਨਗਰ ਨਿਗਮ ਮੁਹਾਲੀ ਦੇ ਆਵਾਰਾ ਪਸ਼ੂ ਫੜਨ ਵਾਲੇ ਅਮਲੇ ਵਲੋਂ  ਭਾਵੇਂ ਇਹ ਆਵਾਰਾ ਪਸ਼ੂ ਫੜੇ ਵੀ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਕਿ ਸ਼ਹਿਰ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁਕੇ ਹਨ|  
ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਤੁਰੰਤ ਹਲ ਕੀਤਾ ਜਾਵੇ|

Leave a Reply

Your email address will not be published. Required fields are marked *