ਗੱਠਜੋੜ ਨੂੰ ਸਰੂਪ ਦੇ ਕੇ ਰਾਜਨੀਤੀ ਵਿੱਚ ਆ ਹੀ ਗਈ ਪ੍ਰਿਯੰਕਾ ਗਾਂਧੀ

ਉੱਤਰ ਪ੍ਰਦੇਸ਼ ਵਿੱਚ ਸਪਾ-ਕਾਂਗਰਸ ਗੱਠਜੋੜ ਆਖਿਰ ਪਰਵਾਨ ਚੜ੍ਹ ਹੀ ਗਿਆ| ਕਾਂਗਰਸ ਨੇ ਹਵਾ ਵਿੱਚ ਉੱਡਣ ਦੀ ਬਜਾਏ ਜ਼ਮੀਨੀ ਹਕੀਕਤ ਸਮਝ ਕੇ ਗੱਠਜੋੜ ਦਾ ਜੋ ਫੈਸਲਾ ਲਿਆ ਹੈ, ਉਸ ਨਾਲ ਯੂ ਪੀ ਵਿੱਚ ਮਰਨ ਕਿਨਾਰੇ ਪੰਹੁਚੀ  ਕਾਂਗਰਸ ਵਿੱਚ ਕਿੰਨੀ ਊਰਜਾ ਪੈਦਾ ਹੋਵੇਗੀ, ਇਸ ਗੱਲ ਦਾ ਅੰਦਾਜਾ 11 ਮਾਰਚ ਨੂੰ ਨਤੀਜਾ ਆਉਣ ਤੇ ਲੱਗੇਗਾ ਪਰ ਜੋ ਦਿਖ ਰਿਹਾ ਹੈ ਉਸ ਤੇ ਧਿਆਨ ਦਿੱਤਾ ਜਾਵੇ ਤਾਂ ਰਾਸ਼ਟਰੀ ਪਾਰਟੀ ਕਾਂਗਰਸ ਜਿਸਦਾ ਇੱਕ ਸਮੇਂ ਪੂਰੇ ਦੇਸ਼ ਵਿੱਚ ਰਾਜ ਸੀ, ਉਹ ਹੁਣ ਖੇਤਰੀ ਪਾਰਟੀ ਸਮਾਜਵਾਦੀ ਪਾਰਟੀ ਦੀ ਬੀ ਟੀਮ ਬਣ ਕੇ ਚੋਣ ਲੜੇਗੀ| ਉਹ ਪਾਰਟੀ ਜੋ ਕਦੇ ਕਾਂਗਰਸ ਦੀ ਛਤਰਛਾਇਆ ਵਿੱਚ ਸਿਆਸਤ ਕਰਦੇ ਸਨ, ਅੱਜ ਕਾਂਗਰਸ ਨੂੰ ਉਨ੍ਹਾਂ ਦੇ ਸਾਹਮਣੇ ਨਤਮਸਤਕ ਹੋਣਾ ਪੈ ਰਿਹਾ ਹੈ| ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਪੱਛਮ ਬੰਗਾਲ, ਆਸਾਮ ਆਦਿ ਕਈ ਰਾਜਾਂ ਵਿੱਚ ਆਪਣਾ ਜਨਾਧਾਰ ਗੁਵਾਚਣ ਦੇ ਬਾਅਦ ਉੱਤਰ ਪ੍ਰਦੇਸ਼ ਵਿੱਚ ਵੀ ਕਾਂਗਰਸ ਹਾਸ਼ੀਏ ਤੇ ਚੱਲੀ ਗਈ ਹੈ| 403 ਵਿਧਾਨਸਭਾ ਸੀਟਾਂ ਵਿੱਚੋਂ ਕਾਂਗਰਸ ਸਿਰਫ 105 ਸੀਟਾਂ ਤੇ ਚੋਣ ਲੜੇਗੀ| ਇਸ ਵਿੱਚ ਕਿੰਨੀ ਜਿੱਤ ਕਰਕੇ ਆਵੇਗੀ ਇਹ ਦੇਖਣ ਵਾਲੀ ਗੱਲ ਹੋਵੇਗੀ| ਕਾਂਗਰਸ ਜਿੰਨੀਆਂ ਵੀ ਸੀਟਾਂ ਤੇ ਚੋਣ ਜਿੱਤੇਗੀ ਉਸਦਾ ਪੂਰਾ ਸਿਹਰਾ ਪਾਰਟੀ ਦੇ ਖਾਤਿਆਂ ਵਿੱਚ ਨਹੀਂ ਜਾਵੇਗਾ| ਸਪਾ ਵੀ ਉਸ ਵਿੱਚ ਆਪਣੀ ਦਾਅਵੇਦਾਰੀ ਜਤਾਏਗੀ ਕਿਉਂਕਿ ਗੱਠਜੋੜ ਤੋਂ ਪਹਿਲਾਂ ਹੀ ਸਮਾਜਵਾਦੀ ਪਾਰਟੀ ਨੇ ਕਾਂਗਰਸ ਨੂੰ ਇਹ ਜਤਾ ਦਿੱਤਾ ਸੀ ਕਿ ਉਹ ਯੂ ਪੀ ਵਿੱਚ ਆਪਣੇ ਜੋਰ ਤੇ ਚੋਣ ਲੜਨ ਦੀ ਹੈਸੀਅਤ ਨਹੀਂ ਰੱਖਦੀ ਹੈ| ਇਸ ਲਈ ਸਪਾ-ਕਾਂਗਰਸ ਦੇ ਵਿੱਚ ਗਠਜੋੜ ਦਾ ਐਲਾਨ ਦੇ ਵਿੱਚ ਦੋਵੇਂ ਪਾਰਟੀਆਂ ਵਲੋਂ ਕਾਫ਼ੀ ਲੰਬਾ ਕਲਾਈਮੇਕਸ ਕ੍ਰਿਏਟ ਕੀਤਾ ਗਿਆ ਸੀ| ਸ਼ਾਇਦ ਇਹ ਗੱਠਜੋੜ ਕਾਫ਼ੀ ਪਹਿਲਾਂ ਸਰੂਪ ਲੈ ਲੈਂਦਾ, ਪਰ ਕਾਂਗਰਸ ਵੱਲੋਂ ਹੈਸੀਅਤ ਤੋਂ ਜਿਆਦਾ ਦਾਅਵੇਦਾਰੀ ਠੋਕਣ ਦੀ ਵਜ੍ਹਾ ਨਾਲ ਗੱਠਜੋੜ ਵਿੱਚ ਦੇਰੀ ਤਾਂ ਹੋਈ ਹੀ ਇਸ ਦੇ ਨਾਲ-ਨਾਲ ਜਨਤਾ ਦੇ ਵਿੱਚ ਉਸਦੀ ਹੇਠੀ ਵੀ ਹੋਈ|
ਗੱਠਜੋੜ ਦੇ ਪੇਂਚ ਤਾਂ ਸੁਲਝ ਗਏ ਪਰ ਗੱਠਜੋੜ ਦੀਆਂ ਉਲਝਣਾਂ ਦੇ ਵਿਚਾਲੇ ਇਹ ਵੀ ਸਪੱਸ਼ਟ ਹੋ ਗਿਆ ਕਿ ਗੱਠਜੋੜ ਨੂੰ ਲੈ ਕੇ ਕਾਂਗਰਸ ਨੂੰ ਕਾਫ਼ੀ ਝੁਕਣਾ ਪਿਆ| ਗੱਠਜੋੜ ਅਖਿਲੇਸ਼ ਅਤੇ ਸਪਾ ਦੀਆਂ ਸ਼ਰਤਾਂ ਤੇ ਹੀ ਹੋਇਆ| ਸਪਾ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਕਾਂਗਰਸ ਨੂੰ ਸੌ ਦੇ ਲਗਭਗ ਸੀਟਾਂ ਦਿੱਤੀਆਂ ਜਾਣਗੀਆਂ ਅਤੇ ਓਨੇ ਤੇ ਹੀ ਕਾਂਗਰਸ ਨੂੰ ਸੰਤੋਸ਼ ਵੀ ਕਰਨਾ ਪਿਆ| ਅਸਲ ਵਿੱਚ ਕਾਂਗਰਸ ਦੀ ਮਜਬੂਰੀ ਨੂੰ ਸਪਾ ਹਾਈਕਮਾਂਡ ਵੱਲੋਂ ਭਲੀ ਤਰ੍ਹਾਂ ਸਮਝਿਆ ਗਿਆ ਸੀ| ਕਾਂਗਰਸ ਦਾ ਯੂ ਪੀ ਵਿੱਚ ਕੋਈ ਵਜੂਦ ਨਹੀਂ ਹੈ| ਉਸ ਦੇ ਸਿਰਫ 28 ਵਿਧਾਇਕ ਹਨ ਇਸ ਦੇ ਇਲਾਵਾ 2012 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਸਦੇ ਸਿਰਫ 26 ਉਮੀਦਵਾਰ ਹੀ ਨੰਬਰ ਦੋ ਤੇ ਰੁੱਕ ਸਕੇ ਸਨ, ਜਦੋਂ ਕਿ ਕਾਂਗਰਸ ਸੀਟਾਂ ਸਵਾ ਸੌ ਤੋਂ ਉੱਤੇ ਚਾਹ ਰਹੀ ਸੀ| ਰਾਇਬਰੇਲੀ ਅਤੇ ਅਮੇਠੀ ਨੂੰ ਲੈ ਕੇ ਕਾਂਗਰਸੀ ਇੰਨੇ ਭਾਵੁਕ ਸਨ ਕਿ ਉਹ ਚਾਹੁੰਦੇ ਸਨ ਕਿ ਇੱਥੋਂ 2012 ਵਿੱਚ ਜਿੱਤੀਆਂ ਹੋਈਆਂ ਸੀਟਾਂ ਤੇ ਵੀ ਸਪਾ ਚੋਣ ਨਾ ਲੜੇ|
ਦਰਅਸਲ, ਕਾਂਗਰਸ ਦੀ ਮਜਬੂਰੀ ਹੈ ਕਿ ਉਹ ਇਕੱਲੇ ਚੋਣਾਂ ਜਿੱਤ ਹੀ ਨਹੀਂ ਸਕਦੀ ਹੈ ਅਤੇ ਹੋਰ ਕੋਈ ਪਾਰਟੀ ਉਸ ਨੂੰ ਤਵੱਜੋ ਦੇ ਨਹੀਂ ਰਹੀ ਹੈ| ਅਜਿਹੇ ਵਿੱਚ ਇੱਕ ਨਿੱਜੀ ਸਮਾਚਾਰ ਚੈਨਲ ਦੇ ਪ੍ਰੋਗਰਾਮ ਦੇ ਦੌਰਾਨ ਅਖਿਲੇਸ਼ ਨੇ ਕਾਂਗਰਸ ਦੇ ਨਾਲ ਮਿਲ ਕੇ ਚੋਣ ਲੜਨ ਦਾ ਸ਼ਿਗੂਫਾ ਛੱਡਿਆ ਤਾਂ ਪਾਰਟੀ ਦੀਆਂ ਬਾਂਛਾਂ ਖਿੜ ਗਈਆਂ| ਕਾਂਗਰਸੀ ਸਪਾ ਦੇ ਸਹਾਰੇ ਸੱਤਾ ਦਾ ਸਵਾਦ ਚਖਣ ਦੇ ਸੁਫ਼ਨੇ ਦੇਖਣ ਲੱਗੇ| ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਕਾਂਗਰਸੀਆਂ ਨੂੰ ਥੋੜ੍ਹੀ ਜਿਹੀ ਵੀ ਇਸ ਗੱਲ ਦੀ ਫਿਕਰ ਨਹੀਂ ਰਹੀ ਕਿ ਇਸ ਨਾਲ ਉਸ ਦੇ ਭਵਿੱਖ ਦੀ ਦੇਸ਼ਵਿਆਪੀ ਰਾਜਨੀਤੀ ਤੇ ਕਿੰਨਾ ਕੁਪ੍ਰਭਾਵ ਪਵੇਗਾ| ਵਰਕਰਾਂ ਦੇ ਹੌਸਲੇ ਪਸਤ ਪੈ ਜਾਣਗੇ| ਅਸਲ ਵਿੱਚ ਕਾਂਗਰਸ ਦੇ ਪ੍ਰਤੀ ਸਪਾ ਹਵਾਈਕਮਾਂਡ ਨੇ ਜੋ ਰਵੱਈਆ ਅਖਤਿਆਰ ਕਰਕੇ ਰੱਖਿਆ ਸੀ, ਉਸ ਕਾਂਗਰਸ ਦੀ ਮਜਬੂਰੀ ਬਣ ਗਈ ਹੈ| ਇਸ ਦੇ ਚਲਦੇ ਉਹ ਸਪਾ ਵਲੋਂ ਧੋਖਾ ਖਾਣ ਤੱਕ ਤੋਂ ਪਰਹੇਜ ਨਹੀਂ ਕਰ ਰਹੀ ਸੀ|
ਬਹਿਰਹਾਲ, ਸੀਟਾਂ ਦੀ ਵੰਡ ਅਤੇ  ਟਕਰਾਓ ਨੂੰ ਲੈ ਕੇ ਹਨੇਰੇ ਵਿੱਚ ਦਿਖ ਰਹੇ ਕਾਂਗਰਸ-ਸਪਾ ਦੇ ਗੱਠਜੋੜ ਨੂੰ ਉਸ ਸਮੇਂ ਨਵੀਂ ਜਾਨ ਮਿਲ ਗਈ ਜਦੋਂ ਪ੍ਰਿਯੰਕਾ ਗਾਂਧੀ ਨੇ ਗੱਠਜੋੜ ਬਣਵਾਉਣ ਦੇ ਕਾਰਜ ਦੀ ਕਮਾਨ ਸਾਂਭੀ, ਕਾਂਗਰਸ ਦੇ ਦੂਤ ਪ੍ਰਸ਼ਾਂਤ ਕਿਸ਼ੋਰ ਨੂੰ ਗੱਲਬਾਤ ਲਈ ਅੱਗੇ ਕੀਤਾ ਗਿਆ| ਉਦੋਂ ਜਾ ਕੇ ਗੱਲ ਬਣ ਸਕੀ, ਪਰੰਤੂ ਸਪਾ ਦੀਆਂ ਸ਼ਰਤਾਂ ਤੇ| ਹੁਣ ਗੱਠਜੋੜ ਹੋ ਗਿਆ ਹੈ| ਪਰ ਇਸ ਵਿੱਚ ਕਈ ਪਰ-ਪਰ ਵੀ ਲੱਗੇ ਹਨ| ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਰਾਹੁਲ ਅਤੇ ਅਖਿਲੇਸ਼ ਕਿੰਨੀਆਂ ਥਾਵਾਂ ਤੇ ਰੈਲੀਆਂ ਕਰਨਗੇ ਅਤੇ ਜਦੋਂ ਰਾਹੁਲ-ਅਖਿਲੇਸ਼ ਚੋਣ ਪ੍ਰਚਾਰ ਵਿੱਚ ਇਕੱਠੇ ਜਾਣਗੇ ਤਾਂ ਦੋਵਾਂ ਵਿੱਚੋਂ ਕੌਣ ਵੱਡਾ ਨਜ਼ਰ ਆਵੇਗਾ| ਰਾਹੁਲ ਨੂੰ ਸ਼ਾਇਦ ਹੀ ਬਰਦਾਸ਼ਤ ਹੋਵੇ ਕਿ ਅਖਿਲੇਸ਼ ਉਨ੍ਹਾਂ ਦੇ ਸਾਹਮਣੇ ਲੰਬੀ ਲਾਈਨ ਖਿੱਚੇ|
ਪਰ ਇਸ ਗੱਠਜੋੜ ਤੋਂ ਫਾਇਦਾ ਤਾਂ ਦੋਵੇਂ ਹੀ ਪਾਰਟੀਆਂ ਨੂੰ ਹੋਵੇਗਾ, ਪਰੰਤੂ ਕਾਂਗਰਸ ਨੂੰ ਯੂ ਪੀ ਵਿੱਚ ਸਪਾ ਦੀ ਬੀ ਟੀਮ ਬਣਕੇ ਹੀ ਰਹਿਣਾ           ਪਵੇਗਾ| ਸੰਭਾਵਨਾ ਇਸ ਗੱਲ ਦੀ ਵੀ ਹੈ ਕਿ 2019 ਤੱਕ ਤਾਂ ਇਹ ਗੱਠਜੋੜ ਕਿਸੇ ਤਰ੍ਹਾਂ ਨਾਲ ਖਿੰਚਤਾ ਰਹੇਗਾ ਪਰ ਲੋਕਸਭਾ ਚੋਣਾਂ ਦੇ ਸਮੇਂ ਅਖਿਲੇਸ਼ ਅਤੇ ਰਾਹੁਲ ਦੀ ਮਹਤਵਾਕਾਂਕਸ਼ਾ ਵਿੱਚ ਟਕਰਾਓ ਪੈਦਾ ਹੋ ਸਕਦਾ ਹੈ| ਇਤਿਹਾਸ ਵਿੱਚ ਵੀ ਅਜਿਹੇ ਸੰਕੇਤ ਮਿਲਦੇ ਹਨ ਕਿ ਕਾਂਗਰਸ ਅਤੇ ਸਪਾ ਦੇ ਸੰਬੰਧ      ਹਮੇਸ਼ਾ ਕਲ੍ਹਾ ਨਾਲ ਭਰੇ ਰਹੇ ਹਨ| ਅੱਜ ਭਾਵੇਂ ਹੀ ਕਾਂਗਰਸ ਅਤੇ ਸਪਾ ਨਜਦੀਕ ਹੋਣ ਪਰ ਸੋਨਿਆ ਗਾਂਧੀ ਇਹ ਨਹੀਂ ਭੁੱਲ ਸਕਦੀ ਹੈ ਕਿ ਮੁਲਾਇਮ ਦੀ ਵਜ੍ਹਾ ਨਾਲ ਉਹ ਪ੍ਰਧਾਨਮੰਤਰੀ ਦੀ ਕੁਰਸੀ ਤੇ ਨਹੀਂ ਬੈਠ ਸਕੀ ਸੀ ਤਾਂ ਮੁਲਾਇਮ ਨੂੰ ਵੀ ਹਮੇਸ਼ਾ ਇਸ ਗੱਲ ਦਾ ਮਲਾਲ ਰਿਹਾ ਕਿ ਲਾਲੂ ਦੇ ਕਹਿਣ ਤੇ ਸੋਨੀਆ ਗਾਂਧੀ ਨੇ ਉਨ੍ਹਾਂ ਦੇ ਪ੍ਰਧਾਨਮੰਤਰੀ ਬਣਨ ਦੇ ਰਸਤੇ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਸੀ|
ਯੂ ਪੀ ਦੇ ਪੁਰਾਣੇ ਕਾਂਗਰਸੀ ਨੇਤਾ ਜਾਣਦੇ-ਮੰਨਦੇ ਹਨ ਕਿ ਅੱਜ ਜੋ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਦੁਰਦਸ਼ਾ ਹੈ, ਉਸਦਾ ਕਾਰਨ ਸਪਾ ਹੀ ਹੈ| ਫਿਰ ਵੀ ਕਾਂਗਰਸ ਨੇ ਇਹ ਗੱਠਜੋੜ ਕਰਕੇ ਬਹੁਤ ਰਿਸਕ ਲਿਆ ਹੈ| ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਯੂ ਪੀ ਵਿਧਾਨਸਭਾ ਚੋਣਾਂ ਪ੍ਰਿਯੰਕਾ ਗਾਂਧੀ ਦੇ ਰਾਜਨੀਤਿਕ ਸਫਰ ਦਾ ਰੁਖ਼ ਵੀ ਤੈਅ ਕਰ ਸਕਦੇ ਹਨ| ਰਾਹੁਲ ਦੀ ਲਗਾਤਾਰ ਅਸਫਲਤਾ ਅਤੇ ਰਾਜਨੀਤੀ ਵਿੱਚ ਉਨ੍ਹਾਂ ਦੀ ਅਰੂਚੀ ਦੇ ਚਲਦੇ ਅਕਸਰ ਪ੍ਰਿਯੰਕਾ ਨੂੰ ਅੱਗੇ ਕੀਤੇ ਜਾਣ ਦੀ ਗੱਲ ਚੱਲਦੀ ਰਹਿੰਦੀ ਹੈ| ਜਿਸ ਤਰ੍ਰਾਂ ਅਹਿਮਦ ਮੁਖੀਆ ਨੇ ਗੱਠਜੋੜ ਦੇ ਮਾਮਲੇ ਵਿੱਚ ਪ੍ਰਿਯੰਕਾ ਦਾ ਨਾਮ ਲੈ ਕੇ ਟਵੀਟ ਕੀਤਾ ਉਸ ਤੋਂ ਵੀ ਸਪੱਸ਼ਟ ਹੈ ਕਿ ਪ੍ਰਿਯੰਕਾ ਵਿਧਿਵਤ ਰੂਪ ਨਾਲ ਸਰਗਰਮ ਰਾਜਨੀਤੀ ਵਿੱਚ ਆ ਚੁੱਕੀ ਹਨ| ਉਂਜ, ਇੱਕ ਗੱਲ ਤੇ ਹੋਰ ਧਿਆਨ ਦਿੱਤਾ ਜਾਣਾ ਜਰੂਰੀ ਹੈ|
ਸਪਾ-ਕਾਂਗਰਸ ਦੇ ਇਸ ਗੱਠਜੋੜ ਵਿੱਚ ਸਾਲ 2004 ਦੀਆਂ ਲੋਕਸਭਾ ਚੋਣਾਂ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ| ਉਸ ਸਮੇਂ ਦੇ ਐਨ ਡੀ ਏ ਸਰਕਾਰ ਨੂੰ ਹਟਾਉਣ ਲਈ ਸੋਨੀਆ ਗਾਂਧੀ ਨੇ ਸਾਰੀਆਂ ਖੇਤਰੀ ਪਾਰਟੀਆਂ ਨੂੰ ਇੱਕ ਸਟੇਜ ਤੇ ਖੜਾ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ ਅਤੇ ਹੁਣ ਉਸੇ ਫਾਰਮੂਲੇ ਦਾ ਰਾਹੁਲ ਇਸਤੇਮਾਲ ਕਰ ਰਹੇ ਹਨ, ਪਰ ਇਸ ਖੇਡ ਦੇ ਪਿੱਛੇ ਅਸਲੀ ਭੂਮਿਕਾ ਪ੍ਰਿਯੰਕਾ ਗਾਂਧੀ ਦੀ ਹੈ| ਪ੍ਰਿਯੰਕਾ ਦੀ ਬਦੌਲਤ ਹੀ ਇਹ ਗੱਠਜੋੜ ਪੂਰਾ ਹੋ ਸਕਿਆ| ਪ੍ਰਿਯੰਕਾ ਦੀ ਕੋਸ਼ਿਸ਼ ਹੈ ਕਿ ਸਪਾ-ਕਾਂਗਰਸ ਦੇ ਗੱਠਜੋੜ ਨੂੰ ਮਹਾਗਠਬੰਧਨ ਦੇ ਤੌਰ ਤੇ ਪੇਸ਼ ਕੀਤਾ ਜਾਵੇ ਅਤੇ ਦੇਸ਼ਭਰ ਦੀਆਂ ਗੈਰ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਸ ਬਹਾਨੇ ਇਕੱਠੇ ਲਿਆ ਕੇ 2019 ਦੀ ਤਿਆਰੀ ਕੀਤੀ ਜਾ ਸਕੇ| ਇਸ ਗੱਠਜੋੜ ਵਿੱਚ ਸੋਨੀਆ-ਮੁਲਾਇਮ ਵਾਲੀ ਤਲਖੀ ਨਹੀਂ, ਪ੍ਰਿਯੰਕਾ ਅਤੇ ਡਿੰਪਲ ਦੀ ਜੁਗਲਬੰਦੀ ਹੈ| ਜੇਕਰ ਇਸ ਗੱਠਜੋੜ ਦਾ ਹਿੱਸਾ ਰਾਸ਼ਟਰੀ ਲੋਕਦਲ ਵੀ ਬਣ ਜਾਂਦਾ ਤਾਂ ਇਹ ਸੋਨੇ ਤੇ ਸੁਹਾਗਾ ਹੋ ਸਕਦਾ ਸੀ| ਕੁੱਝ ਰਾਜਨੀਤਿਕ ਪੰਡਤ ਤਾਂ ਇਹ ਵੀ ਕਹਿੰਦੇ ਹਨ ਕਿ 2019 ਲੋਕਸਭਾ ਦੀ ਲੜਾਈ ਸ਼ੁਰੂ ਹੋ ਗਈ ਹੈ| ਬੀਤਦੇ ਸਮੇਂ ਦੇ ਨਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਰਾਜਨੀਤਿਕ ਗੱਠਜੋੜ ਨਜ਼ਰ ਆਉਣਗੇ|
ਉਂਜ, ਯੂ ਪੀ ਚੋਣਾਂ ਵਿੱਚ ਗੱਠਜੋੜ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ| ਕਦੇ ਕਾਂਗਰਸ-ਸਪਾ ਵਰਗੀ ਗੱਠਜੋੜ ਸਪਾ-ਬਸਪਾ ਦੇ ਵਿੱਚ ਵੀ ਹੋਇਆ ਸੀ| 1993 ਵਿੱਚ ਸਪਾ-ਬਸਪਾ ਦੇ ਗੱਠਜੋੜ ਵਿੱਚ ਦੋਵਾਂ ਦੇ ਵਿੱਚ 6-6 ਮਹੀਨੇ ਸੀ ਐਮ ਰਹਿਣ ਦਾ ਫਾਰਮੂਲਾ ਤੈਅ ਹੋਇਆ ਸੀ| ਇਸ ਫਾਰਮੂਲੇ ਦੇ ਤਹਿਤ ਪਹਿਲਾਂ ਬਸਪਾ ਸੁਪ੍ਰੀਮੋ ਮਾਇਆਵਤੀ ਸੀ ਐਮ ਬਣੀ, ਪਰ ਛੇ ਮਹੀਨੇ ਬਾਅਦ ਜਦੋਂ ਮੁਲਾਇਮ ਸਿੰਘ ਦੀ ਵਾਰੀ ਆਈ ਤਾਂ ਮਾਇਆਵਤੀ ਨੇ ਸਮਰਥਨ ਵਾਪਸ ਲੈ ਲਿਆ| 1989 ਵਿੱਚ ਜਦੋਂ ਮੁਲਾਇਮ ਸਿੰਘ ਪਹਿਲੀ ਵਾਰ ਯੂ ਪੀ ਦੇ ਸੀ ਐਮ ਬਣੇ ਸਨ ਉਦੋਂ ਭਾਜਪਾ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਸੀ ਪਰ ਰਾਮ ਮੰਦਰ ਅੰਦੋਲਨ ਵਿੱਚ ਲਾਲਕ੍ਰਿਸ਼ਣ ਆਡਵਾਣੀ ਦੀ ਗ੍ਰਿਫਤਾਰੀ ਦੇ ਬਾਅਦ ਭਾਜਪਾ ਨੇ ਮੁਲਾਇਮ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ| 2001 ਵਿੱਚ ਕਾਂਗਰਸ ਨੇ ਬੀ ਐਸ ਪੀ ਦੇ ਨਾਲ ਚੋਣਾਂ ਸੰਬੰਧੀ ਗੱਠਜੋੜ ਕੀਤਾ ਸੀ ਪਰ ਚੋਣਾਂ ਦੇ ਬਾਅਦ ਸਮਾਜਵਾਦੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸਮਰਥਨ ਦੇ ਦਿੱਤਾ ਸੀ|
ਅਜੈ ਕੁਮਾਰ

Leave a Reply

Your email address will not be published. Required fields are marked *