ਗੱਡੀ ਨੂੰ ਰਾਹ ਨਾ ਦੇਣ ਕਾਰਨ ਜੀਰਕਪੁਰ ਵਿੱਚ ਅੱਧੀ ਰਾਤ ਨੂੰ ਚਲੀਆਂ ਗੋਲੀਆਂ, ਨੌਜਵਾਨ ਦਾ ਕਤਲ


ਜ਼ੀਰਕਪੁਰ, 10 ਅਕਤੂਬਰ (ਸ.ਬ.) ਜੀਰਕਪੁਰ ਦੀ ਵੀਆਈਪੀ ਰੋਡ ਤੇ ਦੋ ਕਾਰ ਸਵਾਰਾਂ ਦੀ ਆਪਸੀ ਤੂੰ -ਤੂੰ ਮੈਂ- ਮੈਂ ਤੋਂ ਬਾਅਦ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ|  
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਕਰੀਬ 1 :40 ਵਜੇ ਵੀਆਈਪੀ ਰੋਡ ਤੇ ਸੂਰੀਆ ਟਾਵਰ ਦੇ ਸਾਹਮਣੇ ਪਹਿਲਾਂ ਦੋ ਕਾਰ ਸਵਾਰਾਂ ਵਿਚ ਝਗੜਾ ਹੋਇਆ ਤੇ ਉਸ ਤੋਂ ਬਾਅਦ 4-5 ਨੌਜਵਾਨ ਵੱਲੋਂ ਪੱਥਰਬਾਜ਼ੀ ਵੀ ਕੀਤੀ ਗਈ ਅਤੇ ਇੱਕ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ|
ਬਾਅਦ ਵਿੱਚ ਡੋਮੀਨੋਜ਼ ਪੀਜ਼ਾ ਦੇ ਬਾਹਰ ਇਹਨਾਂ ਨੌਜਵਾਨਾਂ ਦੀ ਫਿਰ ਲੜਾਈ ਹੋਈ| ਜਿਸ ਵਿੱਚ ਇੱਕ ਨੌਜਵਾਨ ਨੂੰ ਗੋਲੀਆਂ ਲੱਗੀਆਂ| ਗੋਲੀਆ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਨੌਜਵਾਨ ਨੂੰ ਜੀਰਕਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ| 
ਮ੍ਰਿਤਕ ਦੀ ਪਹਿਚਾਣ ਅਨਿਲ ਠਾਕੁਰ (30) ਵਜੋਂ ਹੋਈ, ਜੋ ਕਿ ਹਿਮਾਚਲ ਦਾ ਰਹਿਣ ਵਾਲਾ ਸੀ ਅਤੇ ਜ਼ੀਰਕਪੁਰ ਵਿਖੇ ਇੱਕ ਫਲੈਟ ਵਿਚ ਆਪਣੀ ਪਤਨੀ ਸਮੇਤ ਰਹਿੰਦਾ ਸੀ| ਜਿਸਦੀ ਪਤਨੀ ਪਾਸ 8-9 ਮਹੀਨਿਆਂ ਦਾ ਇੱਕ ਬੱਚਾ ਵੀ ਹੈ ਅਤੇ ਉਹ ਲਿਫਟਾਂ ਦਾ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਵੀ ਨੌਕਰੀ ਕਰਦੀ ਹੈ| 
ਮ੍ਰਿਤਕ ਦੇ ਦੋਸਤ ਕਮਲ ਨੇ ਦੱਸਿਆ ਕਿ ਅਨਿਲ ਠਾਕਰ ਆਪਣੇ ਦੋਸਤਾਂ ਨਾਲ ਏਸੈਂਟ ਕਾਰ ਤੇ ਸੇਠੀ ਢਾਬੇ ਤੋਂ ਖਾਣਾ ਖਾ ਕੇ ਵਾਪਸ ਆਪਣੇ ਫਲੈਟ ਵੱਲ ਜਾ ਰਿਹਾ ਸੀ ਅਤੇ ਇਸ ਦੌਰਾਨ ਕਾਰ ਨੂੰ ਰਸਤਾ ਨਾ ਦੇਣ ਪਿੱਛੇ ਉਸਦੀ ਕਿਸੇ ਹੋਰ ਕਾਰ ਚਾਲਕ ਨਾਲ ਲੜਾਈ ਹੋ ਗਈ| ਉਸਨੇ ਦੱਸਿਆ ਕਿ ਪਹਿਲਾਂ ਦੂਜੀ ਕਾਰ ਵਿਚ ਸਵਾਰਾਂ ਵੱਲੋਂ ਪੱਥਰ ਮਾਰੇ ਗਏ ਅਤੇ ਬਾਅਦ ਵਿੱਚ ਹੋਰ ਲੜਕੇ ਆਏ ਜਿਹਨਾਂ ਵਲੋਂ ਅਨਿਲ ਠਾਕਰ ਤੇ ਗੋਲੀਆਂ ਚਲਾਈਆਂ ਗਈਆਂ| ਹਮਲਾਵਰ ਇੱਕ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਆਏ ਸੀ|
ਘਟਨਾਂ ਤੋਂ ਬਾਅਦ ਡੇਰਾਬਸੀ ਦੇ ਡੀਐਸਪੀ ਤੇ ਜੀਰਕਪੁਰ ਦੇ ਐਸ ਐਚ ਓ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ| ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਵੱਲੋਂ ਸੁਸਾਇਟੀਆਂ ਦੀ ਸੀ ਸੀ ਟੀ ਵੀ ਫੁਟੇਜ ਵੀ ਆਪਣੇ ਕਬਜ਼ੇ ਵਿੱਚ ਲਈ ਹੈ| ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਛੋਟੀ ਜਿਹੀ ਲੜਾਈ ਕਿਵੇਂ ਖੂਨੀ ਰੂਪ ਧਾਰਨ ਕਰ ਗਈ| 
ਇਸ ਖੂਨੀ ਝੜਪ ਤੋਂ ਬਾਅਦ ਵੀਆਈਪੀ ਰੋਡ ਦੇ ਵਾਸੀਆਂ ਵਿਚ ਕਾਫੀ ਡਰ ਦਾ ਮਾਹੌਲ ਹੈ| ਵੀਆਈਪੀ ਰੋਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਰੋਡ ਤੇ ਲੜਾਈ ਝਗੜੇ ਆਮ ਹੁੰਦੇ ਰਹਿੰਦੇ ਹਨ ਅਤੇ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਪੰਜਾਬ ਪੁਲੀਸ ਦੀ ਗਸ਼ਤ ਨਾ ਮਾਤਰ ਹੈ, ਜਿਸ ਕਾਰਨ ਲੋਕ ਖਤਰਾ ਮਹਿਸੂਸ ਕਰਦੇ ਹਨ|

Leave a Reply

Your email address will not be published. Required fields are marked *