ਘਰੇਲੂ ਕਲੇਸ਼ ਕਾਰਨ ਕੈਨੇਡਾ ਵਿੱਚ ਪੰਜਾਬੀ ਨੇ ਕੀਤਾ ਪਤਨੀ ਦਾ ਕਤਲ

ਬਰਨਬੀ, 25 ਫਰਵਰੀ (ਸ.ਬ.)  ਕੈਨੇਡਾ ਵਿਚ ਘਰੇਲੂ ਕਲੇਸ਼ ਨੇ ਇਕ ਪੰਜਾਬੀ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ| ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਬੱਚਿਆਂ ਦੇ ਪਿਤਾ 47 ਸਾਲਾ ਪਰਵੀਨ ਮਾਨ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ| ਪੁਲੀਸ ਨੇ ਪਰਵੀਨ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ| ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਕਿ 18ਵੇਂ ਐਵੇਨਿਊ ਦੇ 7900 ਬਲਾਕ ਤੇ ਸਥਿਤ ਅਪਾਰਟਮੈਂਟ ਵਿਚ ਪਤੀ-ਪਤਨੀ ਵਿਚ ਝਗੜਾ ਹੋ ਰਿਹਾ ਹੈ| ਜਦੋਂ ਤੱਕ ਪੁਲੀਸ ਮੌਕੇ ਤੇ ਪਹੁੰਚੀ ਤਾਂ ਉੱਥੇ ਇਕ ਔਰਤ ਦੀ ਲਾਸ਼ ਪਈ ਸੀ| ਮ੍ਰਿਤਕ ਔਰਤ ਦੀ ਪਛਾਣ ਗੋਲਡੀ ਮਾਨ ਦੇ ਰੂਪ ਵਿਚ ਹੋਈ ਹੈ| ਉਸ ਦੇ ਸਰੀਰ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ| ਘਟਨਾ ਦੇ ਸਮੇਂ ਜੋੜੇ ਦੇ ਬੱਚੇ ਘਰ ਵਿਚ ਮੌਜੂਦ ਨਹੀਂ ਸੀ|
ਪੁਲੀਸ ਦਾ ਕਹਿਣਾ ਹੈ ਕਿ ਅਦਾਲਤ ਵਿਚ ਪਰਵੀਨ ਦੀ ਪੇਸ਼ੀ ਤੱਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇਗਾ| ਪੁਲੀਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਦਾਲਤ ਵਿਚ ਪੇਸ਼ੀ ਤੋਂ ਬਾਅਦ ਕੀਤੀ ਜਾਵੇਗੀ| ਇੱਥੇ ਜਿਕਰਯੋਗ ਹੈ ਕਿ ਗੋਲਡੀ ਇਕ ਬੇਹੱਦ ਮਿਹਨਤਕਸ਼ ਔਰਤ ਸੀ| ਉਹ ਕੱਪੜਿਆਂ ਦੀ ਸਿਲਾਈ ਕਰਕੇ ਘਰ ਦੇ ਗੁਜ਼ਾਰੇ ਵਿਚ ਆਪਣੇ ਪਤੀ ਦਾ ਹੱਥ ਵਟਾਉਂਦੀ ਸੀ| ਘਟਨਾ ਤੋਂ ਪਹਿਲਾਂ ਉਹ ਪੰਜਾਬ ਆਉਣ ਦੀ ਤਿਆਰੀ ਕਰ ਰਹੀ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਆਖਰੀ ਵਾਰ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣਾ ਵੀ ਨਸੀਬ ਨਹੀਂ ਹੋ ਸਕਿਆ|

Leave a Reply

Your email address will not be published. Required fields are marked *