ਘਰੇਲੂ ਹਿੰਸਾ ਦੀ ਸ਼ਿਕਾਰ ਲੜਕੀ ਨੂੰ ਹੈਲਪਿੰਗ ਹੈਪਲੈਸ ਦੀ ਟੀਮ ਨੇ ਮਨੀਲਾ ਤੋਂ ਬਚਾ ਕੇ ਲਿਆਂਦਾ

ਐਸ.ਏ.ਐਸ ਨਗਰ, 19 ਸਤੰਬਰ (ਸ.ਬ.) ਹੈਲਪਿੰਗ ਹੈਪਲੈਸ ਦੀ ਟੀਮ ਨੇ ਘਰੇਲੂ ਹਿੰਸਾ ਦਾ ਸ਼ਿਕਾਰ ਲੜਕੀ ਨੂੰ ਮਨੀਲਾ ਤੋਂ ਬਚਾ ਕੇ ਲਿਆਂਦਾ ਹੈ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ  ਚਰਨਜੀਤ ਕੌਰ ਨਾਂਅ ਦੀ ਕੁੜੀ ਜੋ ਜਗਰਾਓ ਦੀ ਰਹਿਣ ਵਾਲੀ ਹੈ ਇਕ ਚੰਗੇ ਜੀਵਨਸਾਥੀ ਦਾ ਸੁਫਨਾ ਸੰਜੋ ਕੇ ਵਿਆਹ ਦੇ ਬੰਧਨ ਵਿੱਚ ਬੱਝ ਗਈ, ਪਰ ਉਹ ਇਸ ਗੱਲ ਤੋਂ ਅਨਜਾਣ ਸੀ ਇਹ ਸੁਨਿਹਰਾ ਸੁਪਨਾ ਭਿਆਨਕ ਸੁਪਨੇ ਵਿੱਚ ਤਬਦੀਲ ਹੋ ਜਾਵੇਗਾ|
ਉਹਨਾਂ ਦੱਸਿਆ ਕਿ  ਵਿਆਹ ਦੇ ਚਾਰ ਮਹੀਨਿਆਂ ਬਾਅਦ ਉਸ ਦਾ ਪਤੀ ਉਸ ਨੂੰ ਮਨੀਲਾ ਲੈ ਗਿਆ ਅਤੇ ਫਿਰ ਉਸਨੇ ਚਰਨਜੀਤ ਦੇ ਮਾਂਪਿਆਂ ਕੋਲੋ ਪੈਸੇ ਦੀ ਮੰਗ ਸ਼ੁਰੂ ਕਰ ਦਿੱਤੀ| ਪੈਸੇ ਨਾ ਮਿਲਣ ਤੇ ਉਹ ਉਸ ਨੂੰ ਕੁੱਟਦਾ ਮਾਰਦਾ ਰਿਹਾ| ਇਸੇ ਦੌਰਾਨ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ| ਚਰਨਜੀਤ ਨੂੰ ਲੱਗਿਆ ਸ਼ਾਇਦ ਹੁਣ ਉਨ੍ਹਾਂ ਦਾ ਰਿਸ਼ਤਾ ਠੀਕ ਹੋ ਜਾਵੇ| ਪਰ ਅਜਿਹਾ ਨਾ ਹੋਇਆ ਬਲਕਿ ਉਸਦਾ ਪਤੀ ਹੋਰ ਵਹਿਸ਼ੀ ਹਰਕਤਾਂ ਤੇ ਉਤਰ ਆਇਆ| ਉਸ ਵਲੋਂ ਪੈਸੇ ਮੰਗਾਉਣ ਲਈ ਉਸਦੇ ਮਾਂਪਿਆ ਨੂੰ ਵੀਡੀਓ ਕਾਲ ਲਗਾ ਕੇ ਉਨ੍ਹਾਂ ਦੀ ਬੇਟੀ ਅਤੇ ਦੋਹਤੀ ਨੂੰ ਜਾਨੋਂ ਮਾਰਣ ਦੀਆਂ ਧਮਕੀਆ ਦਿੱਤੀਆਂ ਜਾਂਦੀਆਂ ਸੀ| ਦਾਜ ਦੀ ਪੂਰਤੀ ਕਰਦਿਆਂ ਪੀੜਤ ਲੜਕੀ ਦੇ ਪਰਿਵਾਰ ਦਾ ਸਭ ਕੁਝ ਵਿਕ ਗਿਆ|
ਉਹਨਾਂ ਦੱਸਿਆ ਕਿ ਜਦੋਂ ਤਸ਼ਦੱਦ ਹੱਦ ਤੋਂ ਬਾਹਰ ਹੋ ਗਿਆ ਤਾਂ ਪੀੜਤ ਲੜਕੀ ਦੇ ਪਰਿਵਾਰ ਨੇ ਹੈਲਪਿੰਗ ਹੈਪਲੈਸ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਕੋਲ ਆ ਕੇ ਸਾਰੀ ਗੱਲ ਸਾਂਝੀ ਕੀਤੀ| ਉਹਨਾਂ ਦੱਸਿਆ ਕਿ ਇਸਤੋਂ ਬਾਅਦ ਹੈਲਪਿੰਗ ਹੈਪਲੈਸ ਦੀ ਟੀਮ ਨੇ ਮਨੀਲਾ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਟੈਚੀ ਸ਼੍ਰੀ ਮਿਸ਼ਰਾ ਨਾਲ ਲਗਾਤਾਰ ਗੱਲ ਕੀਤੀ ਜਿਸਤੋਂ ਬਾਅਦ ਚਰਨਜੀਤ ਅਤੇ ਉਸ ਦੀ ਬੱਚੀ ਨੂੰ ਪੁਲੀਸ ਰਾਹੀਂ ਦੂਤਾਵਾਸ ਲਿਆਂਦਾ ਗਿਆ| 
ਉਹਨਾਂ ਦੱਸਿਆ ਕਿ ਬੱਚੀ ਦੇ ਜਨਮ ਸਰਟੀਫਿਕੇਟ ਤੇ ਨਾਮ ਗਲਤ ਹੋਣ ਕਾਰਨ ਉਹ ਹਿੰਦੁਸਤਾਨ ਨਹੀਂ ਆ ਸਕਦੀ ਸੀ ਇਸ ਲਈ ਉਸਦਾ ਨਾਮ ਠੀਕ ਕਰਵਾ ਕੇ ਬੱਚੀ ਨੂੰ ਪਾਸਪੋਰਟ ਦਿਵਾਇਆ ਗਿਆ ਤੇ ਵਾਪਸੀ ਲਈ ਹਵਾਈ ਜਹਾਜ਼ ਦੀ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ ਜਿਸ ਸਦਕਾ ਚਰਨਜੀਤ ਕੌਰ  ਵਤਨ ਪਰਤ ਕੇ ਆਪਣੇ ਮਾਪਿਆਂ ਕੋਲ ਪਹੁੰਚ ਗਈ ਹੈ|
ਅੱਜ ਚੰਡੀਗੜ੍ਹ ਵਿੱਚ ਹੈਲਪਿੰਗ ਹੈਪਲੈਸ ਦੇ ਦਫਤਰ ਵਿੱਚ ਪਹੁੰਚੀ ਚਰਨਜੀਤ ਕੌਰ ਤੇ ਉਸ ਦੇ ਪਰਿਵਾਰ ਨੇ ਬੀਬੀ ਰਾਮੂਵਾਲੀਆ ਤੇ ਹੈਲਪਿੰਗ ਹੈਪਲੈਸ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ| ਇਸ ਮੌਕੇ ਡਾ. ਹਮਜੋਲ ਸਿੰਘ, ਸ਼੍ਰੀ ਅਰਵਿੰਦਰ ਭੁੱਲਰ, ਅਨਮੋਲ ਚੱਕਲ ਤੇ ਅਮ੍ਰਿਤਪਾਲ ਸਿੰਘ  ਵੀ ਮੌਜੂਦ ਸਨ|

Leave a Reply

Your email address will not be published. Required fields are marked *