ਘਰ ਵਿੱਚ ਦਾਖਲ ਹੋ ਕੇ ਪਤੀ-ਪਤਨੀ ਤੇ ਚਾਕੂਆਂ ਨਾਲ ਹਮਲਾ

ਬਟਾਲਾ, 5 ਜੂਨ (ਸ.ਬ.) ਅੱਜ ਸਵੇਰੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਪਤੀ ਪਤਨੀ ਤੇ ਜਾਨਲੇਵਾ ਹਮਲਾ ਕਰਕੇ ਦੋਵਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੇਰੇ ਇਲਾਜ ਕੁਲਵਿੰਦਰ ਕੌਰ ਪਤਨੀ ਕਰਨ ਪੁੱਤਰ ਨਸੀਬ ਵਾਸੀ ਸਟਾਫ਼ ਰੋਡ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਪਿੰਡ ਉਗਰੇਵਾਲ ਦੇ ਇਕ ਵਿਅਕਤੀ ਕੋਲੋਂ 20 ਹਜ਼ਾਰ ਰੁਪਏ ਲਏ ਸਨ ਅਤੇ ਉਸ ਦੇ ਬਦਲੇ ਉਨ੍ਹਾਂ ਨੇ ਉਕਤ ਨੂੰ ਆਪਣੀ ਸਕੂਟਰੀ ਦੇ ਦਿੱਤੀ ਸੀ ਅਤੇ ਅੱਜ ਸਵੇਰੇ 5-6 ਵਜੇ ਦੇ ਕਰੀਬ ਉਕਤ ਵਿਅਕਤੀ ਸਾਡੇ ਘਰ ਆਇਆ ਤਾਂ ਆਉਂਦਿਆ ਹੀ ਉਸ ਨੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਉਸ ਨੇ ਦੋਵਾਂ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ| ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਏ| ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ|
ਕੁਲਵਿੰਦਰ ਕੌਰ ਨੇ ਦੱਸਿਆ ਕਿ ਨੇੜਲੇ ਲੋਕਾਂ ਰਾਹੀਂ ਉਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ| ਉਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ| ਇਸ ਸੰਬੰਧੀ ਥਾਣਾ ਸਿਵਲ ਲਾਈਨ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ| ਇਸ ਸੰਬੰਧੀ ਜਦੋਂ ਚੌਕੀ ਸਿੰਬਲ ਦੇ ਇੰਚਾਰਜ ਐਸ. ਆਈ ਪ੍ਰਕਾਸ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਪਤੀ-ਪਤਨੀ ਦੇ ਬਿਆਨ ਲੈਣ ਅੰਮ੍ਰਿਤਸਰ ਜਾ ਰਹੇ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *