ਘਾਟੀ ਵਿੱਚ ਜ਼ਮੀਨ ਖਿੱਸਕਣ ਕਾਰਨ ਰਾਜਮਾਰਗ ਬੰਦ

ਸ਼੍ਰੀਨਗਰ, 20 ਫਰਵਰੀ (ਸ.ਬ.) ਕਸ਼ਮੀਰ ਘਾਟੀ ਵਿੱਚ ਲਗਾਤਾਰ ਹੋ ਰਹੇ ਮੀਂਹ ਅਤੇ ਜ਼ਮੀਨ ਖਿੱਸਕਣ ਦੇ ਕਾਰਨ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਮੁੜ ਬੰਦ ਕਰ ਦਿੱਤਾ ਗਿਆ| ਇਕ ਟ੍ਰੈਫਿਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਡਿਗਡੋਲ, ਪੈਂਥਲ, ਬਤਰੀ ਚਸ਼ਮਾ ਅਤੇ ਰਾਮਬਨ ਅਤੇ ਰਾਮਸੂ ਵਿਚਕਾਰ ਵੱਖ-ਵੱਖ ਸਥਾਨਾਂ ਤੇ ਜ਼ਮੀਨ ਖਿੱਸਕੀ, ਜਿਸ ਕਾਰਨ ਰਾਜਮਾਰਗ ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ, ਜਦੋਂਕਿ ਜੰਮੂ ਤੋਂ ਸ਼੍ਰੀਨਗਰ ਵਿਚਕਾਰ ਆਵਾਜਾਈ ਜਾਰੀ ਹੈ| ਉਨ੍ਹਾਂ ਦੱਸਿਆ ਕਿ ਸੀਮਾ ਸੜਕ ਸੰਗਠਨ ਦੇ ਜਵਾਨ ਮਸ਼ੀਨਾਂ ਅਤੇ ਮਨੁੱਖੀ ਫੋਰਸ ਦੀ ਸਹਾਇਤਾ ਨਾਲ ਸੜਕਾਂ ਨੂੰ ਮੁੜ ਠੀਕ ਕਰਨ ਲਈ ਮੁੰਹਿਮ ਵਿੱਚ ਲੱਗੇ ਹੋਏ ਹਨ| ਵਧੇਰੇ ਜ਼ਮੀਨ ਖਿੱਸਕਣ ਅਤੇ ਪੱਥਰਾਂ ਦੇ ਡਿੱਗਣ ਕਾਰਨ ਇਸ ਕੰਮ ਵਿੱਚ ਕਾਫੀ ਮੁਸ਼ਕਿਲ ਵੀ ਆ ਰਹੀ ਹੈ|
ਜ਼ਿਕਰਯੋਗ ਹੈ ਕਿ ਕਰੀਬ 6 ਮਹੀਨਿਆਂ ਦੇ ਖੁਸ਼ਕ ਮੌਸਮ ਤੋਂ ਬਾਅਦ ਬੀਤੀ 6 ਜਨਵਰੀ ਨੂੰ ਪਹਿਲੇ ਭਾਰੀ ਬਰਫਬਾਰੀ ਹੋਣ ਤੋਂ ਬਾਅਦ ਤੋਂ ਰਾਜਮਾਰਗ ਤੇ ਲਗਾਤਾਰ ਆਵਾਜਾਈ ਤੇ ਰੋਕ ਲੱਗੀ ਹੋਈ ਹੈ|
ਨੌਜਵਾਨ ਮੁੰਡੇ ਅਤੇ ਕੁੜੀ ਤੇ ਕਾਤਲਾਨਾ ਹਮਲਾ, ਮੁੰਡੇ ਦੀ ਮੌਤ, ਕੁੜੀ ਗੰਭੀਰ ਜ਼ਖਮੀ
ਕੀਰਤਪੁਰ ਸਾਹਿਬ, 20 ਫਰਵਰੀ (ਸ.ਬ.) ਇੱਥੇ ਅੱਜ ਸਵੇਰੇ ਇਕ ਤਰਫਾ ਪਿਆਰ ਵਿੱਚ ਪਾਗਲ ਹੋਏ ਫੌਜੀ ਨੇ ਆਪਣੀ ਪ੍ਰੇਮਿਕਾ ਅਤੇ ਉਸ ਦੇ ਮੰਗੇਤਰ ਤੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਦੌਰਾਨ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਰੈਫਰ ਕਰ ਦਿੱਤਾ ਗਿਆ| ਜਾਣਕਾਰੀ ਮੁਤਾਬਕ ਉਕਤ ਫੌਜੀ ਭਾਰਤੀ ਫੌਜ ਵਿੱਚ ਤਾਇਨਾਤ ਦੱਸਿਆ ਜਾ ਰਿਹਾ ਹੈ, ਜੋ ਕਿ ਜ਼ਖਮੀ ਹੋਈ ਲੜਕੀ ਨੂੰ ਇਕ ਤਰਫਾ ਪਿਆਰ ਕਰਦਾ ਸੀ ਪਰ ਕੁਝ ਸਮਾਂ ਪਹਿਲਾਂ ਲੜਕੀ ਦੀ ਮੰਗਣੀ ਕਿਤੇ ਹੋਰ ਹੋ ਗਈ ਸੀ, ਜਿਸ ਨੂੰ ਫੌਜੀ ਬਰਦਾਸ਼ਤ ਨਾ ਕਰ ਸਕਿਆ| ਅੱਜ ਸਵੇਰੇ ਮ੍ਰਿਤਕ ਨੌਜਵਾਨ ਨੀਰਜ ਸ਼ਰਮਾ ਅਤੇ ਉਸ ਦੀ ਮੰਗੇਤਰ ਸ਼ਿਵਾਨੀ ਸ਼ਰਮਾ ਵਾਸੀ ਹਿਮਾਚਲ ਪ੍ਰਦੇਸ਼ ਰੋਜ਼ਾਨਾ ਦੀ ਤਰ੍ਹਾਂ ਨਾਲਾਗੜ੍ਹ ਆਪਣੇ ਕੰਮ ਤੇ ਜਾ ਰਹੇ ਸਨ| ਜਿਹੜੀ ਬੱਸ ਵਿੱਚ ਇਹ ਦੋਵੇਂ ਬੈਠੇ, ਉਸੇ ਬੱਸ ਵਿੱਚ ਮੁਲਜਮ ਵੀ ਬੈਠ ਗਿਆ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ, ਜਿਸ ਕਾਰਨ ਲੜਕਾ-ਲੜਕੀ ਕੀਰਤਪੁਰ ਬੱਸ ਅੱਡੇ ਤੇ ਉਤਰ ਗਏ| ਮੁਲਜਮ ਵੀ ਉਨ੍ਹਾਂ ਦੇ ਨਾਲ ਹੀ ਉਤਰ ਗਿਆ| ਫਿਰ ਉਹ ਉਨ੍ਹਾਂ ਨਾਲ ਝਗੜਾ ਕਰਨ ਲੱਗ ਪਿਆ ਅਤੇ ਇਸੇ ਦੌਰਾਨ ਮੁਲਜਮ ਨੇ ਲੜਕੇ ਤੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੀ ਮੌਤ ਹੋ ਗਈ|
ਇਸ ਹਾਦਸੇ ਦੌਰਾਨ ਲੜਕੀ ਵੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਸ੍ਰੀ ਆਨੰਦਪੁਰ ਸਾਹਿਬ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ| ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਗਸਤ ਵਿੱਚ ਉਨ੍ਹਾਂ ਦੇ ਬੇਟੇ ਦਾ ਵਿਆਹ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਦੋਸ਼ੀ ਨੇ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ|

Leave a Reply

Your email address will not be published. Required fields are marked *