ਘਾੜ ਇਲਾਕੇ ਦੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਆਪਣੇ ਯਤਨ ਜਾਰੀ ਰੱਖਾਂਗੀ : ਗਰਚਾ

ਮੁੱਲਾਂਪੁਰ, 30 ਜੂਨ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਕਿਹਾ ਹੈ ਕਿ ਉਹ ਵਿਧਾਨ ਸਭਾ ਹਲਕਾ ਖਰੜ ਅਧੀਨ ਆਉਂਦੇ ਘਾੜ ਦੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੀਡੀਆ ਰਾਹੀਂ ਉਭਾਰ ਕੇ ਅਤੇ ਸਬੰਧਿਤ ਮੰਤਰੀਆਂ ਜਾਂ ਪ੍ਰਸ਼ਾਸਨ ਨਾਲ ਮਿਲ ਕੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ| ਸ੍ਰੀਮਤੀ ਗਰਚਾ ਨੇ ਘਾੜ ਇਲਾਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਜਾਣਿਆ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਉਹ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਜੇਕਰ ਸਰਕਾਰ ਘਾੜ ਇਲਾਕੇ ਵਿੱਚ ਰੇਤ ਦੀਆਂ ਖੱਡਾਂ ਤੋਂ ਹੋਈ ਆਮਦਨ ਦਾ ਕੁਝ ਹਿੱਸਾ ਇਨ੍ਹਾਂ ਪਿੰਡਾਂ ਦੀਆਂ ਲਿੰਕ ਸੜਕਾਂ ਉਤੇ ਖਰਚ ਕਰਦੀ ਰਹੇ ਤਾਂ ਪਿੰਡਾਂ ਦੇ ਲੋਕੀਂ ਵੀ ਸਰਕਾਰ ਤੋਂ ਖੁਸ਼ ਰਹਿਣਗੇ| ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਘਾੜ ਇਲਾਕੇ ਦੇ ਲੋਕ ਰੇਤ ਬਜਰੀ ਢੋਣ ਵਾਲੇ ਟਿੱਪਰਾਂ ਦੀ ਵਜ੍ਹਾ ਨਾਲ ਟੁੱਟ ਰਹੀਆਂ ਲਿੰਕ ਸੜਕਾਂ ਤੋਂ ਹੀ  ਪ੍ਰੇਸ਼ਾਨ ਰਹਿੰਦੇ ਹਨ ਜਿਸ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ| ਉਨ੍ਹਾਂ ਕਿਹਾ ਕਿ ਉਹ ਬਹੁਤ ਜਲਦ ਖਜ਼ਾਨਾ ਮੰਤਰੀ ਪੰਜਾਬ ਨੂੰ ਖ਼ੁਦ ਮਿਲ ਕੇ ਵੀ ਸਮੱਸਿਆਵਾਂ ਬਾਰੇ ਜਾਣੂੰ ਕਰਵਾਉਣਗੇ|
ਇਸ ਮੌਕੇ ਰਵਿੰਦਰ ਸਿੰਘ ਰਵੀ ਪੈਂਤਪੁਰ, ਹਕੀਕਤ ਸਿੰਘ ਭੜੌਂਜੀਆਂ, ਬਿੱਟੂ ਪੜੌਲ, ਰਾਜੇਸ਼ ਰਾਠੌਰ, ਲੱਕੀ ਕਲਸੀ, ਬਿੱਲਾ ਖਿਜਰਾਬਾਦ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *