ਘੁਣ ਵਾਂਗ ਖਾ ਰਿਹਾ ਨੌਜਵਾਨ ਪੀੜੀ ਨੂੰ ਨਸ਼ਾ

ਕਹਿਣ ਨੂੰ ਤਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ, ਪਰ ਇਸ ਪਵਿੱਤਰ ਧਰਤੀ ਤੇ ਛੇਵਾਂ ਦਰਿਆ ਵਗ ਰਿਹਾ ਹੈ, ਉਹ ਦਰਿਆ ਹੈ ਨਸ਼ੇ ਦਾ| ਨਸ਼ਾ ਸਾਡੇ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਿਹਾ ਹੈ | ਜਿਸ ਤਰ੍ਹਾਂ ਘੁਣ ਹੌਲੀ ਹੌਲੀ ਲੱਕੜ ਨੂੰ ਖਾ ਜਾਂਦਾ ਹੈ, ਉਸੇ ਤਰ੍ਹਾਂ ਨਸ਼ਾ ਨੌਜਵਾਨ ਪੀੜੀ ਦੇ ਖੂਨ ਵਿੱਚ ਮਿਲ ਕੇ ਹੌਲੀ ਹੌਲੀ ਉਸ ਨੂੰ ਤਬਾਹ ਕਰ ਦਿੰਦਾ ਹੈ| ਕਈ ਵਾਰ ਨੌਜਵਾਨ ਲੜਕੇ ਅਤੇ ਲੜਕੀਆਂ ਜਦੋਂ ਘਰ ਤੋਂ ਬਾਹਰ ਚੰਗਾ ਇਨਸਾਨ ਬਣਨ ਲਈ ਕਿਸੇ ਡਿਗਰੀ ਜਾਂ ਡਿਪਲੋਮੇ ਵਿੱਚ ਦਾਖਲਾ ਲੈਂਦੇ ਹਨ ਤਾਂ ਇਸ ਮਿਲੀ ਅਜ਼ਾਦੀ ਦਾ ਫਾਇਦਾ ਗਲਤ ਢੰਗ ਨਾਲ ਉਠਾਉਦੇ ਹਨ, ਕਿਉਕਿ ਇਸ ਉਮਰ ਵਿੱਚ ਏਨੀ ਸਮਝ ਤਾਂ ਹੁੰਦੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ? ਸਾਡੇ ਮਾਤਾ ਪਿਤਾ ਨੇ ਸਾਨੂੰ ਕਿਸ ਕੰਮ ਲਈ ਭੇਜਿਆ ਹੈ ਤੇ ਕੀ ਕਰ ਰਹੇ ਹਾਂ? ਕਸੂਰ ਉਹਨਾਂ ਦੀ ਸੰਗਤ ਦਾ ਹੈ, ਜਿਹੋ ਜਿਹੀ ਸੰਗਤ ਵਿੱਚ ਉਹ ਰਹਿੰਦੇ ਹਨ| ਉਸੇ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਨ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਲਾਲਸਾ ਹੋ ਜਾਂਦੀ ਹੈ ਕਿ ਨਸ਼ਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਇਸ ਨੂੰ ਕਰਕੇ ਕੀ ਮਹਿਸੂਸ ਹੁੰਦਾ ਹੈ, ਸ਼ਾਇਦ ਸੱਚਮੁੱਚ ਹੀ ਕੋਈ ਵਧੀਆ ਚੀਜ਼ ਹੈ, ਚਲੋ ਇਕ ਵਾਰੀ ਕਰਕੇ ਦੇਖ ਲੈਂਦੇ ਹਾਂ, ਪਰ ਇਕ ਵਾਰ ਦਾ ਕੀਤਾ, ਫਿਰ ਇਹ ਸਾਰੀ ਜਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ, ਪਰ ਉਨ੍ਹਾਂ ਭੋਲਿਆਂ ਨੂੰ ਕੀ ਪਤਾ, ਇਸ ਦੀ ਕੀਮਤ ਕੀ ਚੁਕਾਉਣੀ ਪਵੇਗੀ? ਫਿਰ ਉਹ ਆਪਣੇ ਮਾਪਿਆਂ ਤੋਂ ਨਸ਼ੇ ਲਈ ਵੱਧ ਤੋਂ ਵੱਧ ਪੈਸੇ ਮੰਗਦੇ ਹਨ| ਮਾਪੇ ਵੀ ਆਪਣੀਆਂ ਜਮੀਨਾਂ ਗਹਿਣੇ ਰੱਖ ਕੇ, ਗਹਿਣਾ ਗੱਟਾ ਵੇਚ ਕੇ ਬੱਚਿਆਂ ਨੂੰ ਪੈਸੇ ਪਹੁੰਚਾਉਦੇ ਹਨ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਬੱਚੇ ਨਸ਼ੇ ਵਾਲੀ ਦੀਮਕ ਦਾ ਸ਼ਿਕਾਰ ਹੋ ਗਏ ਹਨ, ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ|
ਸੋਚਦੇ ਹਨ ਕਿ ਇਹੋ ਜਿਹਾ ਕਿਵੇਂ ਹੋਇਆ? ਕਈ ਮਾਵਾਂ ਨੇ ਆਪਣੇ ਪੁੱਤ ਗਵਾ ਲਏ ਹਨ| ਕਈ ਭੈਣਾਂ ਨੇ ਆਪਣੇ ਭਰਾਂ, ਨਸ਼ਾ ਕਰਨ ਵਾਲੇ ਨੂੰ ਤਾਂ ਆਪਣੇ ਰਿਸ਼ਤਿਆਂ ਦੀ ਪ੍ਰਵਾਹ ਵੀ ਨਹੀਂ ਹੁੰਦੀ| ਉਸ ਲਈ ਤਾਂ ਬਸ ਇੱਕੋਂ ਮਕਸਦ ਹੁੰਦਾ ਹੈ ਕਿ ਮੇਰਾ ਨਸ਼ਾ ਪੂਰਾ ਹੋ ਜਾਏ, ਆਪਾਂ ਕਿਸੇ ਤੋਂ ਕੀ ਲੈਣਾ ਹੈ| ਅਸੀਂ ਕਈ ਵਾਰ ਅਜਿਹੀਆਂ ਖਬਰਾਂ ਪੜ ਚੁੱਕੇ ਹਾਂ ਕਿ ਇਨਸਾਨ ਨਸ਼ੇ ਦੀ ਹਾਲਤ ਵਿੱਚ ਕਿਸੇ ਰਿਸ਼ਤੇ ਦੀ ਪਰਵਾਹ ਨਾ ਕਰਦਾ ਹੋਇਆ ਸਭ ਹੱਦਾਂ ਲੰਘ ਚੁੱਕਾ ਹੈ| ਚਾਹੇ ਉਹ ਰਿਸ਼ਤਾ ਕੋਈ ਵੀ ਕਿਉਂ ਨਾ ਹੋਵੇ, ਆਪਣੇ ਬੱਚਿਆਂ ਨੂੰ ਵੀ ਨਹੀ ਬਖਸ਼ਦਾ| ਕਈ ਵਾਰ ਅਸੀਂ ਦੇਖਦੇ ਹਾਂ ਕਿ ਘਰ ਵਿੱਚ ਔਰਤ ਆਪਣੇ ਪਤੀ ਨੂੰ ਨਸ਼ਾ ਕਰਨ ਤੋਂ ਰੋਕਦੀ ਹੈ ਤਾਂ ਆਦਮੀ ਘਰ ਵਿੱਚ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦਾ ਹੈ, ਬੱਚੇ ਵੀ ਵੇਖਦੇ ਹਨ, ਮਾਨਸਿਕ ਬੋਝ ਦਾ ਸ਼ਿਕਾਰ ਹੁੰਦੇ ਹਨ| ਔਰਤ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕਰਨ ਵਾਲਾ ਨਸ਼ੇ ਨੂੰ ਪੂਰਾ ਕਰਨ ਲਈ ਹੋਰ ਵੀ ਕਈ ਤਰ੍ਹਾਂ ਦੇ ਬੁਰੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ| ਜਿਵੇਂ ਚੋਰੀ, ਡਕੈਤੀ, ਸੋ ਲੋੜ ਹੈ, ਅੱਜ ਇਸ ਨੌਜਵਾਨ ਪੀੜੀ ਨੂੰ ਬਚਾਉਣ ਦੀ| ਇਸ ਸਮਾਜ ਵਿੱਚੋਂ ਨਸ਼ੇ ਵਰਗੀ ਬੁਰਾਈ ਨੂੰ ਖਤਮ ਕਰਨ ਦੀ, ਜੇਕਰ ਅਸੀਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖਿਆ ਦਿੰਦੇ ਰਹਾਂਗੇਂ ਕਿ ਚੰਗੀ ਸੰਗਤ ਵਿੱਚ ਰਹਿਣਾ ਹੈ, ਨਸ਼ੇ ਕਰਨ ਵਾਲਿਆਂ ਤੋਂ ਦੂਰ ਰਹਿਣਾ ਹੈ, ਜੋ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੋਵੇ, ਉਸਦੀ ਸੰਗਤ ਵਿੱਚ ਨਹੀਂ ਜਾਣਾ| ਅਸੀਂ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿਵਾਉਣ ਲਈ ਕਿਤੇ ਵੀ ਭੇਜਦੇ ਹਾਂ ਅਸੀਂ ਖੁਦ ਉਨ੍ਹਾਂ ਦੀ ਸੰਗਤ ਦਾ ਧਿਆਨ ਰੱਖਣਾ ਹੈ ਕਿ ਸਾਡਾ ਬੱਚਾ ਕਿਸ ਪਾਸੇ ਵੱਲ ਜਾ ਰਿਹਾ ਹੈ| ਵਧੀਆਂ ਸੰਸਕਾਰ ਦੇ ਕੇ ਅਤੇ ਉੱਚੀ ਸੋਚ ਰੱਖ ਕੇ ਹੀ ਅਸੀਂ ਆਪਣੇ ਬੱਚੇ ਨੂੰ ਸਹੀ ਰਾਹ ਤੇ ਪਾ ਸਕਦੇ ਹਾਂ ਤਾਂ ਕਿ ਭਵਿੱਖ ਵਿੱਚ ਉਹ ਕਿਸੇ ਵੀ ਬੁਰਾਈ ਦਾ ਸ਼ਿਕਾਰ ਨਾ ਹੋਵੇ|
ਵਿਪਨ ਕੁਮਾਰ

Leave a Reply

Your email address will not be published. Required fields are marked *