ਘੱਟੋ ਘੱਟ ਇੱਕ ਹਫਤੇ ਲਈ ਹੋਰ ਅੱਗੇ ਪਿਆ ਨਗਰ ਨਿਗਮ ਚੋਣਾਂ ਦੀ ਵਾਰਡਬੰਦੀ ਦਾ ਕੰਮ

ਘੱਟੋ ਘੱਟ ਇੱਕ ਹਫਤੇ ਲਈ ਹੋਰ ਅੱਗੇ ਪਿਆ ਨਗਰ ਨਿਗਮ ਚੋਣਾਂ ਦੀ ਵਾਰਡਬੰਦੀ ਦਾ ਕੰਮ
ਆਜਾਦੀ ਦਿਹਾੜੇ ਤੋਂ ਬਾਅਦ ਹੀ ਸਾਮ੍ਹਣੇ ਆਏਗੀ ਨਵੇਂ ਵਾਰਡਾਂ ਦੀ ਰੂਪ ਰੇਖਾ
ਭੁਪਿੰਦਰ ਸਿੰਘ
ਐਸ.ਏ.ਐਸ.ਨਗਰ, 10 ਅਗਸਤ 
ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਲਈ ਕੀਤੀ ਜਾਣ ਵਾਲੀ ਵਾਰਡਬੰਦੀ ਦਾ ਕੰਮ ਘੱਟੋ ਘੱਟ ਇੱਕ ਹਫਤੇ ਲਈ ਲਮਕ ਬਸਤੇ ਵਿੱਚ ਪੈ ਗਿਆ ਹੈ ਅਤੇ ਹੁਣ ਨਵੇਂ ਵਾਰਡਾਂ ਦੀ ਰੂਪਰੇਖਾ ਅਤੇ ਉਹਨਾਂ ਦੇ ਨੰਬਰਾਂ ਦੀ ਜਾਣਕਾਰੀ ਆਜਾਦੀ ਦਿਹਾੜੇ ਦੇ ਸਮਾਗਮ ਤੋਂ ਬਾਅਦ ਹੀ ਮਿਲਣ ਦੀ ਸੰਭਾਵਨਾ ਹੈ| ਇੱਥੇ ਜਿਕਰਯੋਗ ਹੈ ਕਿ ਸਕਾਈ ਹਾਕ ਟਾਈਮਜ਼ ਵਲੋਂ ਪਹਿਲਾਂ ਹੀ (30 ਜੁਲਾਈ ਨੂੰ) ਪਾਠਕਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਵਾਰਡਬੰਦੀ ਦਾ ਕੰਮ ਦੋ ਤਿੰਨ ਹਫਤਿਆਂ ਲਈ ਲਮਕ ਸਕਦਾ ਹੈ ਅਤੇ  ਮੌਜੂਦਾ ਹਾਲਾਤ ਇਸੇ ਵੱਲ ਇਸ਼ਾਰਾ ਕਰ ਰਹੇ ਹਨ| 
ਇਸ ਸੰਬੰਧੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁਖ ਸਕੱਤਰ ਵਲੋਂ ਭਾਵੇਂ ਨਗਰ ਨਿਗਮ ਦੀ ਵਾਰਡਬੰਦੀ ਦਾ ਕੰਮ ਮੁਕੰਮਲ ਕਰਨ ਲਈ 31 ਜੁਲਾਈ ਨੂੰ ਵਾਰਡਬੰਦੀ ਬੋਰਡ ਦਾ ਗਠਨ ਕਰ ਦਿੱਤਾ ਗਿਆ ਸੀ ਪਰੰਤੂ ਇਸ ਬੋਰਡ ਦੀ ਹੁਣ ਤਕ ਕੋਈ ਮੀਟਿੰਗ ਨਾ ਸੱਦੇ ਜਾਣ ਕਾਰਨ ਇਹ ਕੰਮ ਲਗਾਤਾਰ ਪਿੱਛੇ ਪੈਂਦਾ ਜਾ ਰਿਹਾ ਹੈ ਅਤੇ ਹਾਲ ਦੀ ਘੜੀ ਇਸਦੀ ਮੀਟਿੰਗ ਹੋਣ ਦੀ ਕੋਈ ਆਸ ਨਹੀਂ ਦਿਖ ਰਹੀ ਹੈ| 
ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡਬੰਦੀ ਬੋਰਡ ਦੀ ਮੀਟਿੰਗ ਅਗਲੇ ਹਫਤੇ ਤੋਂ ਪਹਿਲਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ| ਇਸਦਾ ਕਾਰਨ ਇਹ ਹੈ ਕਿ ਭਲਕੇ ਸਰਕਾਰੀ ਛੁੱਟੀ ਹੈ ਅਤੇ ਉਂਝ ਵੀ ਮੁਹਾਲੀ ਵਿੱਚ ਆਜਾਦੀ ਦਿਹਾੜੇ ਦਾ ਰਾਜ ਪੱਧਰੀ ਸਮਾਗਮ ਹੋਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁਹਾਲੀ ਵਿੱਚ ਕੌਮੀ ਝੰਡਾ ਫਹਿਰਾਉਣ ਦਾ ਪ੍ਰੋਗਰਾਮ ਹੋਣ ਕਾਰਨ ਪੂਰਾ ਪ੍ਰਸ਼ਾਸ਼ਨ ਆਜਾਦੀ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਅਤੇ ਵਾਰਡਬੰਦੀ ਬੋਰਡ ਦੀ ਮੀਟਿੰਗ ਇਸ ਪ੍ਰੋਗਰਾਮ ਤੋਂ ਬਾਅਦ ਹੀ ਹੋਣ ਦੀ ਸੰਭਾਵਨਾ ਹੈ| 
ਇੱਥੇ ਇਹ ਵੀ ਜਿਕਰਯੋਗ ਹੈ ਕਿ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਪਿਛਲੇ ਕੁੱਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਛੁੱਟੀ ਤੇ ਚਲ ਰਹੇ ਹਨ ਅਤੇ ਵਾਰਡਬੰਦੀ ਬੋਰਡ ਦੀ ਮੀਟਿੰਗ ਸੰਬੰਧੀ ਪੱਤਰ ਵੀ ਉਹਨਾਂ ਵਲੋਂ ਹੀ ਜਾਰੀ ਕੀਤਾ ਜਾਣਾ ਹੈ| ਇਸ ਸਾਰੇ ਕੁੱਝ ਨੂੰ ਮੁੱਖ ਰੱਖਦਿਆਂ ਹਾਲ ਦੀ ਘੜੀ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਨਗਰ ਨਿਗਮ ਦੀ ਚੋਣ ਲਈ ਕੀਤੀ ਜਾਣ ਵਾਲੀ ਵਾਰਡਬੰਦੀ ਦਾ ਕੰਮ ਛੇਤੀ ਮੁਕੰਮਲ ਹੋ ਪਾਏਗਾ|
ਹਾਲਾਂਕਿ ਇਸ ਦੌਰਾਨ ਸ਼ਹਿਰ ਵਿੱਚ ਇਹ ਚਰਚਾ ਵੀ ਜੋਰਾਂ ਤੇ ਹੈ ਕਿ ਇਹ ਵਾਰਡਬੰਦੀ ਅੰਦਰਖਾਤੇ ਤਿਆਰ ਕੀਤੀ ਜਾ ਚੁੱਕੀ ਹੈ ਅਤੇ ਕਾਂਗਰਸ ਪਾਰਟੀ ਵਲੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ ਪ੍ਰਸਤਾਵਿਤ ਵਾਰਡਾਂ ਵਿੱਚ ਵੋਟਰਾਂ ਨਾਲ ਸੰਪਰਕ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ| ਇਸ ਦੌਰਾਨ ਪੁਰਾਣੇ ਵਾਰਡਾਂ ਵਿੱਚ ਵੱਡਾ ਹੇਰਫੇਰ ਕੀਤੇ ਜਾਣ ਦੀ ਵੀ ਚਰਚਾ ਜੋਰਾਂ ਤੇ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਨਵੀਂ ਵਾਰਡਬੰਦੀ ਵਿੱਚ ਅਕਾਲੀ ਭਾਜਪਾ ਗਠਜੋੜ ਦੇ ਸਾਬਕਾ ਕੌਂਸਲਰਾਂ ਦੇ ਵਾਰਡਾਂ ਦੀ ਵਿਸ਼ੇਸ਼ ਤੌਰ ਤੇ ਕੱਟ ਵੱਢ ਕੀਤੀ ਗਈ ਹੈ ਅਤੇ ਕਈ ਵਾਰਡ ਅਜਿਹੇ ਬਣੇ ਹਨ ਜਿੱਥੇ ਅਕਾਲੀ ਭਾਜਪਾ ਗਠਜੋੜ ਦੇ ਦੋ ਸਾਬਕਾ ਕੌਂਸਲਰ ਆਹਮੋ ਸਾਮ੍ਹਣੇ ਹੋਣਗੇ| ਇਹ ਵੀ ਚਰਚਾ ਹੈ ਕਿ ਇਹ ਸਾਰਾ ਕੁੱਝ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਸਿੱਧੀ ਦਖਲਅੰਦਾਜੀ ਨਾਲ ਹੀ ਕੀਤਾ ਗਿਆ ਹੈ ਅਤੇ ਉਹਨਾਂ ਵਲੋਂ ਸ਼ਹਿਰ ਦੀ ਪ੍ਰਸਤਾਵਿਤ ਵਾਰਡਬੰਦੀ ਤਿਆਰ ਕੀਤੀ ਜਾ ਚੁੱਕੀ ਹੈ ਜਿਸਦਾ ਖਰੜਾ ਵਾਰਡਬੰਦੀ ਬੋਰਡ ਦੀ ਪਹਿਲੀ ਮੀਟਿੰਗ ਵਿੱਚ ਪੇਸ਼ ਕਰਨ ਉਪਰੰਤ ਸਥਾਨਕ ਸਰਕਾਰ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ ਅਤੇ ਉਸਤੋਂ ਬਾਅਦ ਹੀ ਨਗਰ ਨਿਗਮ ਦੀ ਪ੍ਰਸਤਾਵਿਤ ਵਾਰਡਬੰਦੀ ਦੀ ਪੂਰੀ ਜਾਣਕਾਰੀ ਜਨਤਕ ਹੋਵੇਗੀ| 
ਵੇਖਣਾ ਇਹ ਹੈ ਕਿ ਇਹ ਕੰਮ ਹੁਣ ਹੋਰ ਕਿੰਨਾ ਸਮਾਂ ਲਮਕਦਾ ਹੈ ਅਤੇ ਨਵੀਂ ਵਾਰਡਬੰਦੀ ਸੰਬੰਧੀ ਪਹਿਲਾਂ ਤੋਂ ਚਲ ਰਹੀਆਂ ਚਰਚਾਵਾਂ ਕਿਸ ਹੱਦ ਤੱਕ ਠੀਕ ਸਾਬਿਤ ਹੁੰਦੀਆਂ ਹਨ| 

Leave a Reply

Your email address will not be published. Required fields are marked *