ਚਾਰਾ ਘਪਲਾ ਮਾਮਲੇ ਵਿੱਚ ਲਾਲੂ ਯਾਦਵ ਨੂੰ ਮਿਲੀ ਜ਼ਮਾਨਤ, ਫਿਲਹਾਲ ਜੇਲ ਵਿੱਚ ਹੀ ਰਹਿਣਗੇ


ਪਟਨਾ, 9 ਅਕਤੂਬਰ (ਸ.ਬ.) ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਨਾਲ ਜੁੜੇ ਇਕ ਹੋਰ ਮਾਮਲੇ ਵਿੱਚ ਜ਼ਮਾਨਤ ਮਿਲ ਗਈ| ਹਾਲਾਂਕਿ ਇਕ ਹੋਰ ਮਾਮਲੇ ਵਿੱਚ ਜ਼ਮਾਨਤ ਨਾ ਮਿਲਣ ਕਾਰਨ ਫਿਲਹਾਲ ਉਨ੍ਹਾਂ ਨੂੰ ਜੇਲ ਵਿੱਚ ਹੀ ਰਹਿਣਾ             ਪਵੇਗਾ ਅਤੇ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੇਗੀ| 
ਪ੍ਰਾਪਤ ਜਾਣਕਾਰੀ ਅਨੁਸਾਰ ਅੰਤਿਮ ਮਾਮਲੇ ਵਿੱਚ ਜ਼ਮਾਨਤ ਇਕ ਮਹੀਨੇ ਬਾਅਦ ਮਿਲੇਗੀ| ਸਾਰੇ ਮਾਮਲਿਆਂ ਵਿੱਚ ਜ਼ਮਾਨਤ ਇਸ ਆਧਾਰ ਤੇ ਮਿਲ ਰਹੀ ਹੈ ਕਿ ਲਾਲੂ ਯਾਦਵ ਨੇ ਸਜ਼ਾ ਦਾ 50 ਫੀਸਦੀ ਜੇਲ ਵਿੱਚ ਬਿਤਾਇਆ ਹੈ| ਚਾਰਾ ਘਪਲੇ ਵਿੱਚ ਸਜ਼ਾ ਭੁਗਤ ਰਹੇ ਲਾਲੂ ਪ੍ਰਸਾਦ ਨੂੰ ਚਾਈਬਾਸਾ ਖਜ਼ਾਨਾ ਮਾਮਲੇ ਵਿੱਚ ਜ਼ਮਾਨਤ ਮਿਲੀ ਹੈ| ਝਾਰਖੰਡ ਹਾਈ ਕੋਰਟ ਨੇ ਚਾਰਾ ਘਪਲੇ ਨਾਲ ਜੁੜੇ ਚਾਈਬਾਸਾ ਖਜ਼ਾਨਾ ਮਾਮਲੇ ਵਿੱਚ ਲਾਲੂ ਯਾਦਵ ਨੂੰ ਜ਼ਮਾਨਤ ਦਿੱਤੀ ਹੈ| ਹਾਲਾਂਕਿ ਦੁਮਕਾ ਖਜ਼ਾਨਾ ਮਾਮਲਾ ਪੈਂਡਿੰਗ ਹੋਣ ਕਾਰਨ ਉਨ੍ਹਾਂ ਨੂੰ ਜੇਲ ਵਿੱਚ ਹੀ ਰਹਿਣ ਪਵੇਗਾ|
ਲਾਲੂ ਯਾਦਵ ਦੀ ਜ਼ਮਾਨਤ ਤੇ ਆਰ.ਜੇ.ਡੀ. ਨੇ ਟਵੀਟ ਕਰ ਕੇ ਕਿਹਾ ਕਿ ਲਾਲੂ ਪ੍ਰਸਾਦ ਦੀ ਅੱਧੀ ਸਜ਼ਾ ਪੂਰੀ ਹੋਣ ਤੇ ਚੌਥੇ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ| ਹੁਣ ਇਕ ਕੇਸ ਬਾਕੀ ਹੈ, ਜਿਸ ਦੀ ਅੱਧੀ ਸਜ਼ਾ 9 ਨਵੰਬਰ ਨੂੰ ਪੂਰੀ ਹੋਣ ਤੇ ਉਹ ਬਾਹਰ ਆ           ਸਕਣਗੇ| ਕਈ ਬੀਮਾਰੀਆਂ ਅਤੇ ਉਮਰ ਦੇ ਬਾਵਜੂਦ ਵੀ ਨਿਤੀਸ਼-ਭਾਜਪਾ ਨੇ ਯੋਜਨਾ ਕਰ ਕੇ ਉਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੱਤਾ|
ਜਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਲਾਲੂ ਯਾਦਵ ਦੀ ਜ਼ਮਾਨਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ| ਇਸ ਤੋਂ ਪਹਿਲਾਂ ਲਾਲੂ ਯਾਦਵ ਨੂੰ ਚਾਰਾ ਘਪਲੇ ਦੇ ਤਿੰਨ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ| ਫਿਲਹਾਲ ਉਹ ਰਾਂਚੀ ਦੇ ਰਿਮਸ ਹਸਪਤਾਲ ਵਿੱਚ ਦਾਖਲ ਹਨ| ਪਹਿਲਾਂ ਉਹ ਰਿਮਸ ਦੇ ਪੇਇੰਗ ਵਾਰਡ ਵਿੱਚ ਰਹਿੰਦੇ ਸਨ ਪਰ ਕੋਰੋਨਾ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਡਾਇਰੈਕਟਰ ਬੰਗਲੇ ਵਿੱਚ ਰੱਖਿਆ ਗਿਆ ਹੈ|

Leave a Reply

Your email address will not be published. Required fields are marked *