ਚਾਰ ਦਿਨ ਪਹਿਲਾਂ ਚੋਰੀ ਹੋਈ ਕਾਰ ਦੀ ਪੁਲੀਸ ਨੇ ਦਰਜ ਨਹੀਂ ਕੀਤੀ ਐਫ ਆਈ ਆਰ, ਪੀੜਿਤ ਨੇ ਕਿਹਾ ਕਿਤੇ ਨਹੀਂ ਹੋ ਰਹੀ ਸੁਣਵਾਈ

ਚਾਰ ਦਿਨ ਪਹਿਲਾਂ ਚੋਰੀ ਹੋਈ ਕਾਰ ਦੀ ਪੁਲੀਸ ਨੇ ਦਰਜ ਨਹੀਂ ਕੀਤੀ ਐਫ ਆਈ ਆਰ, ਪੀੜਿਤ ਨੇ ਕਿਹਾ ਕਿਤੇ ਨਹੀਂ ਹੋ ਰਹੀ ਸੁਣਵਾਈ
ਪੁਲੀਸ ਨੇ ਕਿਹਾ, ਸ਼ਿਕਾਇਤਕਰਤਾ ਵਲੋਂ ਬਿਆਨ ਦਰਜ ਨਾ ਕਰਵਾਉਣ ਕਾਰਨ ਦਰਜ ਨਹੀਂ ਹੋਈ ਐਫ ਆਈ ਆਰ
ਐਸ ਏ ਐਸ ਨਗਰ, 15 ਅਪ੍ਰੈਲ (ਸ.ਬ.) ਚਾਰ ਦਿਨ ਪਹਿਲਾਂ ਸਥਾਨਕ   ਫੇਜ਼ 7 ਵਿੱਚ ਗਮਾਡਾ ਵਲੋਂ ਬਣਾਏ ਗਏ ਸਟੇਡੀਅਮ (ਜਿਸਨੂੰ ਇੱਕ ਪ੍ਰਈਵੇਟ ਕੰਪਨੀ ਵਲੋਂ ਚਲਾਇਆ ਜਾ ਰਿਹਾ ਹੈ) ਵਿੱਚ ਕਸਰਤ ਕਰਨ ਗਏ ਇੱਕ ਵਿਅਕਤੀ ਦੀ ਕਾਰ 11 ਮਾਰਚ ਨੂੰ ਸਟੇਡੀਅਮ ਦੀ ਅੰਦਰੂਨੀ ਪਾਰਕਿੰਗ ਤੋਂ ਚੋਰੀ ਹੋ ਗਈ| ਚੋਰੀ ਦੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਜਿਮ ਦੇ ਕਾਉਂਟਰ ਤੋਂ ਉਕਤ ਵਿਅਕਤੀ ਦੀ ਕਾਰ ਦੀ ਚਾਬੀ ਲੈ ਕੇ ਆਰਾਮ ਨਾਲ ਤੁਰਦਾ ਬਣਿਆ ਅਤੇ ਕਾਰ ਮਾਲਕ ਵਲੋਂ ਇਸ ਸੰਬੰਧੀ ਸਥਾਨਕ ਪੁਲੀਸ ਨੂੰ ਕੀਤੀ ਗਈ ਸ਼ਿਕਾਇਤ ਦੇ ਬਾਵਜੂਦ ਹੁਣ ਤਕ ਪੁਲੀਸ ਵਲੋਂ ਇਸ ਸੰਬੰਧੀ ਮਾਮਲਾ ਤਕ ਦਰਜ ਨਹੀਂ ਕੀਤਾ ਗਿਆ ਹੈ| ਪੀੜਿਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਸੰਬੰਧੀ ਕਈ ਵਾਰ ਪੁਲੀਸ ਅਧਿਕਾਰੀਆਂ ਤਕ ਪਹੁੰਚ ਕੀਤੀ ਜਾ ਚੁੱਕੀ ਹੈ ਪਰੰਤੂ ਪੁਲੀਸ ਵਲੋਂ ਹੁਣ ਤਕ ਉਸਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਹੈ|
ਸ਼ਿਕਾਇਤਕਰਤਾ ਇੱਕੀ ਰਤਨ ਮੋਂਗਾ ਨੇ ਦੱਸਿਆ ਕਿ ਉਹ ਰੋਜਾਨਾ ਸ਼ਾਮ ਨੂੰ ਕਸਰਤ ਕਰਨ ਲਈ ਫੇਜ਼ 7 ਦੇ ਗਮਾਡਾ ਸਟੇਡੀਅਮ ਕਾਂਪਲੈਕਸ ਵਿੱਚ ਚਲਦੇ ਓਸ਼ਿਆਨਿਕ ਜਿਮ ਵਿੱਚ ਕਸਰਤ ਕਰਨ ਜਾਂਦਾ ਹੈ ਅਤੇ ਬੀਤੀ 11 ਮਾਰਚ ਨੂੰ ਵੀ ਉਹ ਸ਼ਾਮ 7.30 ਵਜੇ ਦੇ ਆਸਪਾਸ ਆਪਣੀ ਵਰਨਾ ਕਾਰ ਨੰਬਰ ਸੀ ਐਚ 01 ਏ ਐਸ 5778 ਤੇ ਉੱਥੇ ਗਿਆ ਸੀ ਅਤੇ ਕਾਉਂਟਰ ਤੇ ਮੌਜੂਦ ਰਿਸੈਸਪਨਿਸਟ ਨੂੰ ਕਾਰ ਦੀ ਚਾਬੀ ਫੜਾ ਕੇ ਕਸਰਤ ਕਰਨ ਚਲਾ ਗਿਆ ਸੀ| ਉਸਨੇ ਦੱਸਿਆ ਕਿ ਲਗਭਗ ਪੌਣਾ ਘੰਟਾ ਕਸਰਤ ਕਰਨ ਤੋਂ ਬਾਅਦ ਵਾਪਸ ਆ ਕੇ ਜਦੋਂ ਉਸਨੇ ਕਾਉਂਟਰ ਤੋਂ ਆਪਣੀ ਕਾਰ ਦੀ ਚਾਬੀ ਮੰਗੀ ਤਾਂ ਚਾਬੀ ਉਸਨੂੰ ਨਹੀਂ ਮਿਲੀ| ਜਦੋਂ ਉਸਨੇ ਬਾਹਰ ਨਜਰ ਮਾਰੀ ਤਾਂ ਪਾਰਕਿੰਗ ਵਿੱਚੋਂ ਉਸਦੀ ਕਾਰ ਵੀ ਗਾਇਬ ਸੀ| ਉਸਨੇ ਦੱਸਿਆ ਕਿ ਕਾਉਂਟਰ ਤੇ ਬੈਠੀ ਲੜਕੀ ਅਨੁਸਾਰ ਉਸ ਦਿਨ ਇੱਕ ਨਵਾਂ ਲੜਕਾ ਕਸਰਤ ਕਰਨ ਆਇਆ ਸੀ ਅਤੇ ਹੋ ਸਕਦਾ ਹੈ ਕਿ ਉਹ ਹੀ ਕਾਉਂਟਰ ਤੋਂ ਕਾਰ ਦੀ ਚਾਬੀ ਲੈ ਕੇ ਕਾਰ ਚੋਰੀ ਕਰਕੇ ਲੈ ਗਿਆ    ਹੋਵੇ| ਸ੍ਰੀ ਮੋਂਗਾ ਅਨੁਸਾਰ ਉਹਨਾਂ ਵਲੋਂ 100 ਨੰਬਰ ਤੇ ਫੋਨ ਕਰਕੇ ਪੁਲੀਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਅਤੇ ਬਾਅਦ ਵਿੱਚ ਪੁਲੀਸ ਥਾਣਾ ਮਟੌਰ ਵਿੱਚ ਜਾ ਕੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ| ਉਹਨਾਂ ਦੱਸਿਆ ਕਿ ਪੁਲੀਸ ਵਲੋਂ ਉਸਦੀ ਸ਼ਿਕਾਇਤ ਤਾਂ ਲੈ ਲਈ ਗਈ ਪਰੰਤੂ ਹੁਣ ਤਕ ਨਾ ਤਾਂ ਇਸ ਸੰਬੰਧੀ ਪੁਲੀਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਨਾ ਹੀ ਉਸਦੀ ਕਾਰ ਦਾ ਕੋਈ ਪਤਾ ਲੱਗਿਆ ਹੈ| ਉਸਨੇ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਤੋਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਬਣਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਸਦੀ ਕਾਰ ਦੀ ਚੋਰੀ ਲਈ  ਜਿੰਮੇਵਾਰ ਵਿਅਕਤੀ ਨੂੰ ਕਾਬੂ ਕੀਤਾ  ਜਾਵੇ|
ਇਸ ਸੰਬੰਧੀ ਸੰਪਰਕ ਕਰਨ ਤੇ ਉਸ਼ਿਆਨਿਕ ਫਿਟਨੈਸ ਦੀ ਮਾਲਕ ਜਸਬੀਰ ਕੌਰ ਨੇ ਕਿਹਾ ਕਿ ਜਿੱਥੋਂ ਤਕ ਕਾਉਂਟਰ ਤੋਂ ਚਾਬੀ ਚੋਰੀ ਹੋਣ ਦੀ ਗੱਲ ਹੈ, ਜਿਮ ਵਲੋਂ ਆਪਣੇ ਗ੍ਰਾਹਕਾਂ ਤੋਂ ਪਹਿਲਾਂ ਹੀ ਲਿਖਵਾ ਕੇ ਲਿਆ ਜਾਂਦਾ ਹੈ ਕਿ ਉਹਨਾਂ ਵਲੋਂ ਜਿੰਮ ਵਿੱਚ ਲਿਆਂਦੇ ਜਾਣ ਵਾਲੇ ਨਿੱਜੀ ਸਾਮਾਨ ਦੀ ਰਖਵਾਲੀ ਵਿੱਚ ਜਿਮ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਅਤੇ ਨਾ ਹੀ ਜਿਮ ਵਲੋਂ ਗ੍ਰਾਹਕਾਂ ਨੂੰ ਅਜਿਹੀ ਕੋਈ ਸੁਵਿਧਾ ਦਿੱਤੀ ਜਾਂਦੀ ਹੈ ਕਿ ਰਿਸੈਪਸ਼ਨ ਕਾਉਂਟਰ ਤੇ ਵਾਹਨ ਦੀ ਚਾਬੀ ਸੰਭਾਲ ਕੇ ਰੱਖੀ ਜਾਵੇਗੀ| ਜੇਕਰ ਇਸਦੇ ਬਾਵਜੂਦ ਕੋਈ ਵਿਅਕਤੀ ਜਬਰਦਸਤੀ ਕਾਉਂਟਰ ਤੇ ਆਪਣੀ ਚਾਬੀ ਛੱਡ ਜਾਂਦਾ ਹੈ ਤਾਂ ਇਸ ਵਿੱਚ ਕਾਉਂਟਰ ਤੇ ਬੈਠੇ ਕਰਮਚਾਰੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ| ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਕਤ ਵਿਅਕਤੀ ਕਾਰ ਲੈ ਕੇ ਆਇਆ ਵੀ ਸੀ ਜਾਂ ਨਹੀਂ ਅਤੇ ਇਸ ਮਾਮਲੇ ਲਈ ਜਿਮ ਦੇ ਸਟਾਫ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ|
ਸੰਪਰਕ ਕਰਨ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਤਫਤੀਸ਼ੀ ਅਫਸਰ ਨੇ ਸਕਾਈ ਹਾਕ ਟਾਈਮਜ਼ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਖੁਦ ਹੀ ਇਸ ਮਾਮਲੇ ਵਿੱਚ ਬਿਆਨ ਦਰਜ ਕਰਵਾਉਣ ਤੋਂ ਆਨਾਕਾਨੀ ਕੀਤੇ ਜਾਣ ਕਾਰਨ ਇਸ ਸੰਬਧੀ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਸਕੀ ਹੈ ਅਤੇ ਉਹਨਾਂ ਵਲੋਂ ਸ਼ਿਕਾਇਤਕਰਤਾ ਨੂੰ ਕਿਹਾ ਜਾ ਚੁੱਕਿਆ ਹੈ ਕਿ ਉਹ ਆਪਣੇ ਬਿਆਨ ਦਰਜ ਕਰਵਾਏ ਤਾਂ ਜੋ ਇਸ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾ   ਸਕੇ|
ਇਸ ਸੰਬੰਧੀ ਸੰਪਰਕ ਕਰਨ ਤੇ ਐਸ ਐਸ ਪੀ ਸ੍ਰ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪਰੰਤੂ ਉਹ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਦੀਆਂ ਹਿਦਾਇਤਾਂ ਜਾਰੀ ਕਰ ਰਹੇ ਹਨ ਅਤੇ ਇਸ ਮਾਮਲੇ ਵਿੱਚ ਪੁਲੀਸ ਵਲੋਂ ਤੁਰੰਤ ਬਣਦੀ ਕਾਰਵਾਈ ਕੀਤੀ  ਜਾਵੇਗੀ|

Leave a Reply

Your email address will not be published. Required fields are marked *