ਚਾਰ ਦੇਸ਼ਾਂ ਦੇ 14 ਲੱਖ ਬੱਚੇ ਭੁੱਖਮਰੀ ਦਾ ਸ਼ਿਕਾਰ : ਯੂਨੀਸੇਫ

ਸੰਯੁਕਤ ਰਾਸ਼ਟਰ, 21 ਫਰਵਰੀ (ਸ.ਬ.)  ਬੱਚਿਆਂ ਤੇ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੂਨੀਸੇਫ’ ਦਾ ਕਹਿਣਾ ਹੈ ਕਿ ਨਾਈਜੀਰੀਆ, ਸੋਮਾਲੀਆ, ਦੱਖਣੀ ਸੂਡਾਨ ਅਤੇ ਯਮਨ ਵਿੱਚ ਇਸ ਸਾਲ ਗੰਭੀਰ ਕੁਪੋਸ਼ਣ ਤੋਂ ਪੀੜਤ ਲਗਭਗ 14 ਲੱਖ ਬੱਚਿਆਂ ਦੀ ਭੁੱਖਮਰੀ ਨਾਲ ਮੌਤ ਹੋ ਸਕਦੀ ਹੈ| ਪਿਛਲੇ ਕਰੀਬ 2 ਸਾਲਾਂ ਤੋਂ ਜੰਗ ਪ੍ਰਭਾਵਿਤ ਯਮਨ ਦੇਸ਼ ਵਿੱਚ 42,000 ਬੱਚੇ ਗੰਭੀਰ ਰੂਪ ਨਾਲ ਕੁਪੋਸ਼ਣ ਦੇ ਸ਼ਿਕਾਰ ਹੋਏ ਹਨ| ਅਕਾਲ ਦੀ ਪਹਿਲਾਂ ਤੋਂ ਚਿਤਾਵਨੀ ਜਾਰੀ ਕਰਨ ਵਾਲੀ ਪ੍ਰਣਾਲੀ ‘ਫਿਊਜ਼ ਨੈਟ’ ਦਾ ਕਹਿਣਾ ਹੈ ਕਿ ਨਾਈਜੀਰੀਆ ਦੇ ਬੋਰਨੋ ਸੂਬੇ ਦੇ ਦੂਰ-ਦਰਾਡੇ ਦੇ ਕੁਝ ਇਲਾਕੇ ਪਿਛਲੇ ਸਾਲ ਤੋਂ ਹੀ ਭੁੱਖਮਰੀ ਤੋਂ ਪ੍ਰਭਾਵਿਤ ਹਨ ਅਤੇ ਆਫਤ ਅੱਗੇ ਵੀ ਜਾਰੀ ਰਹਿਣ ਦਾ ਖਦਸ਼ਾ ਹੈ, ਕਿਉਂਕਿ ਸਹਾਇਤਾ ਏਜੰਸੀਆਂ ਲੋੜਵੰਦ ਲੋਕਾਂ ਤੱਕ ਪਹੁੰਚਣ ਵਿੱਚ ਅਸਮਰੱਥ ਹਨ|
ਯੂਨੀਸੇਫ ਨੇ ਕਿਹਾ ਕਿ ਸੋਕੇ ਕਾਰਨ ਸੋਮਾਲੀਆ ਦੇ 1,85,000 ਬੱਚੇ ਭੁੱਖਮਰੀ ਦੀ ਕਗਾਰ ਤੇ ਪਹੁੰਚ ਗਏ ਹਨ, ਜਦੋਂਕਿ ਅਗਲੇ ਕੁਝ ਮਹੀਨਿਆਂ ਵਿੱਚ ਇਹ ਅੰਕੜਾ ਵਧ ਕੇ 2,70,000 ਤੱਕ ਪਹੁੰਚਣ ਦਾ ਖਦਸ਼ਾ ਹੈ| ਇਸ ਤਰ੍ਹਾਂ ਹੀ ਦੱਖਣੀ ਸੂਡਾਨ ਵਿਚ 2,70,000 ਤੋਂ ਵਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਇੱਥੇ ਉੱਤਰ ਦੇ ਕੁਝ ਸੰਘੀ ਸੂਬਿਆਂ ਵਿਚ ਪਹਿਲਾਂ ਤੋਂ ਅਕਾਲ ਐਲਾਨ ਕੀਤਾ ਜਾ ਚੁੱਕਾ ਹੈ|
ਯੂਨੀਸੇਫ ਦੇ ਡਾਇਰੈਕਟਰ ਐਂਥਨੀ ਲੇਕ ਨੇ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ| ਉਨ੍ਹਾਂ ਕਿਹਾ ਕਿ ਅਸੀਂ ਅਜੇ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਸਕਦੇ ਹਾਂ|
ਬੋਕੋ ਹਰਮ ਦੇ ਅੱਤਵਾਦੀਆਂ ਨਾਲ ਸੰਘਰਸ਼ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਬਾਰੇ ਕੌਮਾਂਤਰੀ ਭਾਈਚਾਰੇ ਦਾ ਧਿਆਨ ਖਿੱਚਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਰਾਜਦੂਤ ਅਗਲੇ ਮਹੀਨੇ ਉੱਤਰੀ ਨਾਈਜੀਰੀਆ, ਕੈਮਰੂਨ, ਚਾਡ ਅਤੇ ਨਾਈਜੀਰੀਆ ਦੀ ਯਾਤਰਾ ਕਰਨ ਵਾਲੇ ਹਨ|

Leave a Reply

Your email address will not be published. Required fields are marked *