ਚਾਰ ਸਾਲ ਤੋਂ ਨਹੀਂ ਮਿਲੇ ਪਖਾਨਿਆਂ ਦੇ ਪੈਸੇ

ਚਾਰ ਸਾਲ ਤੋਂ ਨਹੀਂ ਮਿਲੇ ਪਖਾਨਿਆਂ ਦੇ ਪੈਸੇ
ਪਹਿਲੀ ਕਿਸ਼ਤ ਦੇ ਨਾਮ ਤੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਏ ਸਿਰਫ ਦੋ ਹਜ਼ਾਰ ਰੁਪਏ 
ਘਨੌਰ, 22 ਸਤੰਬਰ (ਅਭਿਸ਼ੇਕ ਸੂਦ) ਕਸਬਾ ਘਨੌਰ ਵਿੱਖੇ ਪਖਾਨਿਆਂ ਦੀ ਉਸਾਰੀ ਲਈ ਦਿੱਤੀ ਜਾਣ ਵਾਲੀ ਸਰਕਾਰੀ ਮਦਦ ਦੇ ਲਾਭਪਾਤਰੀ ਤਕਰੀਬਨ ਚਾਰ ਸਾਲ ਤੋ ਪਖਾਨਿਆਂ ਦੇ ਪੈਸਿਆਂ ਦੀ ਉਡੀਕ ਕਰਦੇ ਕਰਦੇ ਅੱਕ ਚੁੱਕੇ ਹਨ| ਪਹਿਲੀ ਕਿਸ਼ਤ ਕਹਿ ਕੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਸਿਰਫ ਦੋ ਦੋ ਹਜ਼ਾਰ ਰੁਪਏ ਪਾਏ ਗਏ ਸਨ ਅਤ ਮੁੜ ਕੇ ਧੇਲਾ ਨਹੀਂ ਆਇਆ ਜਦੋਂਕਿ ਪਖਾਨਿਆਂ ਦੀ ਉਸਾਰੀ ਨੂੰ ਚਾਰ ਸਾਲ ਬੀਤ ਚੁੱਕੇ ਹਨ ਅਤੇ ਲਾਭਪਾਤਰੀ ਆਪਣੇ ਪੱਲਿਓ ਪੰਦਰਾਂ ਪੰਦਰਾਂ ਹਜਾਰ ਰੁਪਏ ਖਰਚ ਚੁੱਕੇ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਘਨੌਰ ਵੱਲੋ ਸਵੱਛ ਮਿਸ਼ਨ ਤਹਿਤ ਸੱਤਰ ਦੇ ਕਰੀਬ ਪਖਾਨੇ ਬਣਾਏ ਗਏ| ਲਾਭਪਾਤਰੀਆਂ ਸਿਓ ਰਾਮ ਅਤੇ ਮੋਹਨ ਲਾਲ ਸਣੇ ਹੋਰਨਾਂ ਦਾ ਕਹਿਣਾ ਹੈ ਕਿ ਪਖਾਨੇ ਬਣਾਇਆ ਨੂੰ ਚਾਰ ਸਾਲ ਬੀਤ ਚੁੱਕੇ ਹਨ ਪਰੰਤੂ ਅਜੇ ਤੱਕ ਨਗਰ ਪੰਚਾਇਤ ਘਨੌਰ ਵੱਲੋਂ ਖਾਤਿਆਂ ਵਿੱਚ ਸਿਰਫ ਦੋ ਦੋ ਹਜਾਰ ਰੁਪਏ ਹੀ ਪਾਏ ਗਏ ਹਨ| ਉਹਨਾਂ ਕਿਹਾ ਕਿ ਜਦੋਂ ਉਹ ਨਗਰ ਪੰਚਾਇਤ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਤਾਂ ਉਹ ਕੋਈ ਆਈ ਗਈ ਨਹੀਂ ਦਿੰਦੇ ਅਤੇ ਕਹਿੰਦੇ ਹਨ ਜਦੋਂ ਪੈਸੇ ਆਏ ਤੁਹਾਡੇ ਖਾਤਿਆਂ ਵਿੱਚ ਪਾ ਦੇਵਾਂਗੇ|
ਲਾਭਪਾਤਰੀਆਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵੀ ਸਵੱਛ ਮਿਸ਼ਨ ਤਹਿਤ ਪਖਾਨੇ ਬਣਾਏ ਗਏ ਹਨ ਅਤੇ ਲਾਭਪਾਤਰੀਆਂ ਨੂੰ ਦੋ ਕਿਸ਼ਤਾਂ ਦੇ ਰੂਪ ਵਿੱਚ ਪਛੱਤਰ, ਪਛੱਤਰ ਸੌ ਰੁਪਏ ਪਾਏ ਗਏ ਹਨ ਅਤੇ ਉਹਲਾਂ ਲਾਭ ਪਾਤਰੀਆਂ ਨੂੰ ਕੁਲ ਰਕਮ ਦੇ ਰੂਪ ਵਿੱਚ 15000 ਰੁਪਏ ਆ ਚੁੱਕੇ ਹਨ| ਇਸ ਸੰਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇੰਜ ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਪਿੰਡਾਂ ਵਿੱਚ ਸਵੱਛ ਮਿਸ਼ਨ ਤਹਿਤ ਜੋ ਪਖਾਨੇ ਬਣਾਏ ਗਏ ਸੀ, ਉਹਨਾਂ ਦੇ ਲਾਭ ਪਾਤਰੀਆਂ ਨੂੰ ਪਹਿਲੀ ਅਤੇ ਦੂਜੀ ਕਿਸ਼ਤ ਦੇ ਰੂਪ ਵਿੱਚ ਪਛੱਤਰ, ਪਛੱਤਰ ਸੌ ਰੁਪਏ ਦੀ ਰਾਸ਼ੀ, ਉਹਨਾਂ ਦੇ ਖਾਤਿਆਂ ਵਿੱਚ ਪਾਈ ਗਈ ਹੈ| 
ਇਹਨਾਂ ਲਾਭ ਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਏ ਅਤੇ ਪਖਾਨਿਆਂ ਦੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਕੇਂਦਰ ਦੁਆਰਾ ਐਲਾਨੀ ਗਈ ਰਾਸ਼ੀ ਪਾਈ ਜਾਏ|
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਪੰਚਾਇਤ ਘਨੌਰ ਦੇ ਕਾਰਜ ਸਾਧਕ ਅਫਸਰ ਚੇਤਨ ਸ਼ਰਮਾ ਨੇ ਕਿਹਾ ਕਿ ਲਾਭ ਪਾਤਰੀਆਂ ਦੇ ਪੈਸਿਆਂ ਸਬੰਧੀ ਉਹ ਬਹੁਤ ਵਾਰ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਨ ਅਤੇ ਜਦੋ ਵੀ ਪੈਸੇ ਆਉਣਗੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾ ਦਿਤੇ ਜਾਣਗੇ|

Leave a Reply

Your email address will not be published. Required fields are marked *