ਚਾਰ ਹਲਕਿਆਂ ਦੀ ਜਿਮਣੀ ਚੋਣ ਦੌਰਾਨ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਵਿਚਾਲੇ ਫਸਵੀਂ ਟੱਕਰ

ਐਸ.ਏ.ਐਸ ਨਗਰ, 19 ਅਕਤੂਬਰ (ਭੁਪਿੰਦਰ ਸਿੰਘ) ਸੂਬੇ ਦੇ ਚਾਰ ਵਿਧਾਨਸਭਾ ਹਲਕਿਆਂ ਮੁਕੇਰੀਆਂ, ਫਗਵਾੜਾ, ਜਲਾਲਾਬਾਦ ਅਤੇ ਮੁੱਲਾਪੁਰ ਦਾਖਾਂ ਦੀ ਹੋਣ ਵਾਲੀ ਜਿਮਣੀ ਚੋਣ ਲਈ ਚੋਣ ਪ੍ਰਚਾਰ ਖਤਮ ਹੋ ਗਿਆ ਹੈ ਅਤੇ ਚੋਣ ਕਮਿਸ਼ਨ ਵਲੋਂ 21 ਅਕਤੂਬਰ ਨੂੰਪੈਣ ਵਾਲੀਆਂ ਵੋਟਾਂ ਲਈ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ| ਇਸ ਦੌਰਾਨ ਇਹਨਾਂ ਚਾਰਾਂ ਵਿਧਾਨਸਭਾ ਹਲਕਿਆਂ ਵਿੱਚ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦ ਉਮੀਦਵਾਰਾਂ ਵਿੱਚ ਫਸਵੀਂ ਟੱਕਰ ਬਣੀ ਹੋਈ ਹੈ ਅਤੇ ਸਾਰੇ ਉਮੀਦਵਾਰ ਆਪੋ ਆਪਣੀ ਜਿੱਤ ਯਕੀਨੀ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ|
ਸਭਤੋਂ ਵੱਧ ਫਸਵੀਂ ਟੱਕਰ ਦਾਖਾਂ ਹਲਕੇ ਵਿੱਚ ਹੈ ਜਿੱਥੇ ਦੋਵਾਂ ਧਿਰਾਂ ਵਲੋਂ ਆਪੋ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ| ਇਸ ਹਲਕੇ ਤੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ ਐਸ ਡੀ ਕੈਪਟਨ ਸੰਦੀਪ ਸਿੰਘ ਸੰਧੂ ਚੋਣ ਮੈਦਾਨ ਵਿੱਚ ਹਨ ਅਤੇ ਇਹ ਹਲਕਾ ਮੁੱਖ ਮੰਤਰੀ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਹੈ| ਮੁੱਖ ਮੰਤਰੀ ਖੁਦ ਦੋ ਵਾਰ ਇੱਥੇ ਆ ਕੇ ਚੋਣ ਪ੍ਰਚਾਰ ਦਾ ਹਿੱਸਾ ਬਣ ਚੁੱਕੇ ਹਨ| ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਮਨਪ੍ਰੀਤ ਸਿੰਘ ਇਆਲੀ ਦੀ ਸਥਿਤੀ ਵੀ ਕਾਫੀ ਮਜਬੂਤ ਦੱਸੀ ਜਾ ਰਹੀ ਹੈ ਅਤੇ ਉਹਨਾਂ ਵਲੋਂ ਜਿਸ ਤਰੀਕੇ ਨਾਲ ਚੋਣ ਪ੍ਰਚਾਰ ਦੌਰਾਨ ਸਰਕਾਰੀ ਦਖਲਅੰਦਾਜੀ ਦੇ ਇਲਜਾਮ ਲਗਾਉਂਦਿਆਂ ਪੰਜਾਬ ਸਰਕਾਰ ਦੇ ਖਿਲਾਫ ਹਮਲਾਵਰ ਰੁੱਖ ਅਖਤਿਆਰ ਕੀਤਾ ਜਾ ਰਿਹਾ ਹੈ ਉਸਦਾ ਉਹਨਾਂ ਨੂੰ ਫਾਇਦਾ ਵੀ ਮਿਲ ਰਿਹਾ ਹੈ|
ਜਲਾਲਾਬਾਦ ਵਿੱਚ ਵੀ ਕਾਫੀ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ| ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੇ ਲੋਕਸਭਾ ਸਾਂਸਦ ਚੁਣੇ ਜਾਣ ਕਾਰਨ ਖਾਲੀ ਹੋਈ ਇਸ ਸੀਟ ਤੋਂ ਅਕਾਲੀ ਦਲ ਵਲੋਂ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਚੋਣ ਲੜਾਈ ਜਾ ਰਹੀ ਹੈ ਅਤੇ ਅਕਾਲੀ ਦਲ ਇਸ ਸੀਟ ਤੇ ਜਿੱਤ ਯਕੀਨੀ ਮੰਨ ਰਿਹਾ ਹੈ ਪਰੰਤੂ ਇੱਥੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਯੂਥ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸ੍ਰ. ਰਮਿੰਦਰ ਸਿੰਘ ਆਵਲਾ ਦੀ ਸਥਿਤੀ ਵੀ ਕਾਫੀ ਮਜਬੂਤ ਦੱਸੀ ਜਾ ਰਹੀ ਹੈ ਅਤੇ ਫਸਵੀਂ ਟੱਕਰ ਹੋਣ ਕਾਰਨ ਨਤੀਜਾ ਕਿਸੇ ਵੀ ਪੱਖ ਵਿੱਚ ਜਾ ਸਕਦਾ ਹੈ| 
ਮੁਕੇਰੀਆਂ ਅਤੇ ਫਗਵਾੜਾ ਸੀਟਾਂ ਵਿੱਚ ਵੀ ਭਾਵੇਂ ਸਖਤ ਟੱਕਰ ਹੈ ਪਰੰਤੂ ਮੁਕੇਰੀਆ ਵਿਧਾਨਸਭਾ ਹਲਕੇ ਵਿੱਚ ਕਾਂਗਰਸ ਉਮੀਦਵਾਰ ਇੰਦੂ ਬਾਲਾ ਦੀ ਪੁਜੀਸ਼ਨ ਕਾਫੀ ਮਜਬੂਤ ਦੱਸੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੂੰ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਤੋਂ ਸਖਤ ਟੱਕਰ ਮਿਲ ਰਹੀ ਹੈ| 
ਦੂਜੇ ਪਾਸੇ ਫਗਵਾੜਾ ਵਿਧਾਨਸਭਾ ਸੀਟ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਜੇਸ਼ ਵਾਘਾ ਦੀ ਪੁਜੀਸ਼ਨ ਮਜਬੂਤ ਦੱਸੀ ਜਾ ਰਹੀ ਹੈ ਪਰੰਤੂ ਉਹਨਾਂ ਨੂੰ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਤੋਂ ਫਸਵੀਂ ਟੱਕਰ ਮਿਲ ਰਹੀ ਹੈ|

Leave a Reply

Your email address will not be published. Required fields are marked *