ਚਾਲੂ ਸਾਲ ਦੌਰਾਨ ਮਿਸ਼ਨ ਫ਼ਤਹਿ ਦਾ ਝੰਡਾ ਬਰਦਾਰ ਰਿਹਾ ਸਿੱਖਿਆ ਵਿਭਾਗ


ਚੰਡੀਗੜ੍ਹ, 29 ਦਸੰਬਰ (ਸ.ਬ.) ਪੰਜਾਬ ਸਰਕਾਰ ਨੇ ਚਾਲੂ ਸਾਲ ਦੌਰਾਨ ਸਕੂਲੀ ਸਿੱਖਿਆ ਦੀ ਕਾਇਆ-ਕਲਪ ਕਰਦੇ ਹੋਏ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ, ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਪੜ੍ਹੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ, ਸਮਾਰਟ ਸਕੂਲ ਬਨਾਉਣ ਦੀ ਦਿਸ਼ਾ ਵੱਲ ਵੱਡੀ ਪ੍ਰਗਤੀ ਕਰਨ ਅਤੇ ਅਧਿਆਪਕਾਂ ਦੀਆਂ ਤਕਰੀਬਨ 15 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ ਅਤੇ ਸਕੂਲੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਵਰਗੇ ਅਹਿਮ ਕਦਮ ਪੁੱਟੇ ਹਨ।
ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਦੇ ਅਨੁਸਾਰ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਬਾਰ੍ਹਵੀਂ ਵਿੱਚ ਪੜ੍ਹਦੇ 1.74 ਲੱਖ ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਫ਼ਤ ਮੁਹੱਈਆ ਕਰਨ ਲਈ ਮੁਹਿੰਮ ਆਰੰਭੀ ਹੈ। ਇਸ ਦੇ ਨਾਲ ਹੀ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਇਨਕਲਾਬੀ ਫੈਸਲਾ ਲਿਆ ਹੈ। ਬੁਲਾਰੇ ਅਨੁਸਾਰ ਚਾਲੂ ਸਾਲ ਦੌਰਾਨ ਪ੍ਰੀ-ਪ੍ਰਾਇਮਰੀ ਸਿੱਖਿਆ ਲਈ 8393 ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਪ੍ਰਕਿਰਿਆ ਆਰੰਭੀ ਗਈ ਹੈ। ਸਿੱਧੀ ਭਰਤੀ ਰਾਹੀਂ 154 ਪਿ੍ਰੰਸੀਪਲਾਂ, 672 ਮੁੱਖ ਅਧਿਆਪਕਾਂ, 38 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, 375 ਸੈਂਟਰ ਹੈਡ ਟੀਚਰਾਂ ਅਤੇ 1558 ਹੈੱਡ ਟੀਚਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਸਟਰ ਕਾਡਰ ਦੀਆਂ 3704, ਈਟੀਟੀ ਕਾਡਰ ਦੀਆਂ 2364 ਅਸਾਮੀਆਂ ਦੀ ਭਰਤੀ ਅਤੇ ਸਿੱਧੀ ਭਰਤੀ ਰਾਹੀਂ 173 ਪਿ੍ਰੰਸੀਪਲਾਂ, 337 ਹੈੱਡਮਾਸਟਰਾਂ ਅਤੇ 75 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਭਰਤੀ ਦੀ ਪ੍ਰਕਿਰਿਆ ਆਰੰਭੀ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੀਆਂ ਵਧੀਆ ਸਹੂਲਤਾਂ ਅਤੇ ਮਾਹੌਲ ਦੇਣ ਲਈ ਸੂਬੇ ਵਿੱਚ 6832 ਸਮਾਰਟ ਸਕੂਲ ਬਣਾਏ ਗਏ ਅਤੇ ਸਰਕਾਰੀ ਸਕੂਲਾਂ ਵਿੱਚ 4543 ਨਵੇਂ ਕਲਾਸ ਰੂਮ ਬਨਾਉਣ ਲਈ 341.17 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ। ਸਕੂਲਾਂ ਵਿੱਚ ਫਰਨੀਚਰ ਮੁਹੱਈਆ ਕਰਨ, ਬਿਲਡਿੰਗ ਐਜ਼ ਲਰਨਿੰਗ ਏਡ (ਬਾਲਾ) ਵਰਕ ਅਤੇ ਸਕੂਲਾਂ ਵਿੱਚ ਵਿੱਦਿਅਕ ਪਾਰਕਾਂ ਲਈ 35.15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੇ ਦੌਰਾਨ ਹੀ ਸੂਬੇ ਦੇ ਸਕੂਲਾਂ ਨੂੰ ਪ੍ਰੋਜੈਕਟਰ ਅਤੇ ਟੈਬਲੇਟ ਦਿੱਤੇ ਗਏ ਹਨ। ਬੁਲਾਰੇ ਅਨੁਸਾਰ ਆਈ. ਸੀ. ਟੀ. ਤਹਿਤ 613 ਸਕੂਲਾਂ ਵਿੱਚ ਨਵੀਆਂ ਕੰਪਿਊਟਰ ਲੈਬ ਸਥਾਪਤ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਸਕੂਲਾਂ ਵਿੱਚ 3048 ਨਵੇਂ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ।

Leave a Reply

Your email address will not be published. Required fields are marked *