ਚਿਲੀ ਦੇ ਜੰਗਲਾਂ ਵਿੱਚ ਅੱਗ ਨਾਲ ਮਚੀ ਤਬਾਹੀ, ਅਮਰੀਕਾ ਤੋਂ ਭੇਜਿਆ ਗਿਆ ‘ਸੁਪਰ ਟੈਂਕਰ’

ਸੈਨਟਿਆਗੋ, 27 ਜਨਵਰੀ (ਸ.ਬ.) ਚਿਲੀ ਦੇ ਜੰਗਲਾਂ ਵਿੱਚ ਅੱਗ ਲੱਗਣ ਨਾਲ ਹੁਣ ਤਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ| ਮਰਨ ਵਾਲਿਆਂ ਦੀ ਗਿਣਤੀ 10 ਤਕ ਪੁੱਜ ਗਈ ਹੈ| ਦੱਸਣਯੋਗ ਹੈ ਕਿ ਇੱਥੇ ਨਵੰਬਰ ਤੋਂ ਅੱਗ ਲੱਗੀ ਹੋਈ ਹੈ| ਅਧਿਕਾਰੀਆਂ ਨੇ ਦੱਸਿਆ ਕਿ ਚਿਲੀ ਦੀ ਰਾਜਧਾਨੀ ਤੋਂ 360 ਕਿਲੋ ਮੀਟਰ ਦੱਖਣ ਵਿੱਚ ਸਥਿਤ ਇਸ ਸ਼ਹਿਰ ਵਿੱਚ ਡਾਕਘਰ, ਇਕ ਪਲੇ ਸਕੂਲ ਅਤੇ ਤਕਰੀਬਨ ਇਕ ਹਜ਼ਾਰ ਮਕਾਨ ਸੜ ਕੇ ਸਵਾਹ ਹੋ ਗਏ| ਇਸ ਵਿੱਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸਦੀ ਅਜੇ ਪਛਾਣ ਨਹੀਂ ਹੋਈ| ਤਕਰੀਬਨ 6000 ਨਿਵਾਸੀ ਸੁਰੱਖਿਅਤ ਰੂਪ ਨਾਲ ਸ਼ਹਿਰ ਛੱਡ ਕੇ ਜਾ ਚੁੱਕੇ ਹਨ|
ਨੇੜਲੇ ਤਟੀ ਸ਼ਹਿਰ ਕਾਨਸਟੀਟਿਊਸ਼ਨ ਦੇ ਮੇਅਰ ਕਾਰਲੋਸ ਵੈਲੇਂਜ਼ੁਏਲਾ ਨੇ ਦੱਸਿਆ ਕਿ ਇਹ ਡਰ ਦੀ ਸਥਿਤੀ ਹੈ ਅਤੇ ਕਦੇ ਨਾ ਖਤਮ ਹੋਣ ਵਾਲਾ ਬੁਰਾ ਸਪਨਾ ਹੈ| ਅੱਗ ਕਾਬੂ ਕਰਨ ਵਾਲੇ ਇਕ ਫਾਇਰ ਫਾਈਟਰ ਦੀ ਇੱਥੇ ਮੌਤ ਹੋ ਗਈ| ਉਹ ਇਕ ਪਰਿਵਾਰ ਨੂੰ ਬਚਾਉਣ ਦੌਰਾਨ ਮਾਰਿਆ ਗਿਆ| ਉਸਦੇ ਸਾਥੀਆਂ ਨੇ ਉਸਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਅਤੇ ਸ਼ਰਧਾਂਜਲੀ ਦਿੱਤੀ| ਉਸਦੀ ਮੌਤ ਪਾਣੀ ਦਾ ਟੈਂਕਰ ਉਲਟ ਜਾਣ ਕਾਰਨ ਹੋਈ| ਇਸ ਤੋਂ ਇਲਾਵਾ ਦੋ ਪੁਲੀਸ ਵਾਲਿਆਂ ਦੀ ਵੀ ਮੌਤ ਹੋ ਗਈ ਹੈ| ਲਗਭਗ 3,85,000 ਏਕੜ ਦਾ ਜੰਗਲ ਸਵਾਹ ਹੋ ਚੁੱਕਾ ਹੈ| ਗਰਮੀ ਅਤੇ ਸੁੱਕੀ ਲੱਕੜ ਕਾਰਨ ਅੱਗ ਵਧ ਰਹੀ ਹੈ| ਅੱਗ ਤੇ ਕਾਬੂ ਪਾਉਣ ਲਈ ਅਮਰੀਕਾ ਤੋਂ 747-400 ‘ਸੁਪਰ ਟੈਂਕਰ’ ਚਿਲੀ ਪੁੱਜ ਗਿਆ ਹੈ|

Leave a Reply

Your email address will not be published. Required fields are marked *