ਚੀਨੀ ਸੁਪਰੀਮ ਕੋਰਟ ਦਾ ਅਨੋਖਾ ਫੈਸਲਾ: ਕਰਜ਼ਦਾਰਾਂ ਦੀ ਹਵਾਈ ਅਤੇ ਟ੍ਰੇਨ ਯਾਤਰਾ ਤੇ ਲੱਗੇਗੀ ਪਾਬੰਦੀ

ਬੀਜਿੰਗ, 18 ਫਰਵਰੀ (ਸ.ਬ.) ਦੇਸ਼ ਵਿੱਚ ਕਰਜ਼ ਲੈ ਕੇ ਭੁੱਲ ਜਾਣ ਦੀ ਆਦਤ ਨੂੰ ਨਕੇਲ ਪਾਉਣ ਲਈ ਚੀਨੀ ਸੁਪਰੀਮ ਕੋਰਟ ਨੇ ਬਹੁਤ ਹੀ ਸਖ਼ਤ ਫੈਸਲਾ ਸੁਣਾਇਆ ਹੈ| ਚੀਨੀ ਸੁਪਰੀਮ ਕੋਰਟ ਨੇ ਕਰਜ਼ਦਾਰਾਂ ਦੇ ਸਮਾਜਿਕ ਬਾਈਕਾਟ ਦਾ ਆਦੇਸ਼ ਦਿੱਤਾ ਹੈ| ਇਸ ਦੇ ਨਾਲ ਹੀ ਕੋਰਟ ਨੇ ਅਜਿਹੇ ਕਰਜ਼ਦਾਰਾਂ ਦੇ ਨਿੱਜੀ ਆਈ.ਡੀ. ਨੰਬਰਾਂ ਨੂੰ ਵੀ ਬਲਾਕ ਕਰਨ ਦੇ         ਆਦੇਸ਼ ਦਿੱਤੇ ਹਨ| ਪਰਸਨਲ ਆਈ.ਡੀ. ਬਲਾਕ ਹੋਣ ਨਾਲ ਕਰਜ਼ਦਾਰਾਂ ਨੂੰ ਨਾਗਰਿਕ ਸੁਵਿਧਾਵਾਂ ਵੀ ਨਹੀਂ ਮਿਲ ਸਕਣਗੀਆਂ| ਇਸ ਨਾਲ ਕਰਜ਼ਦਾਰ ਨਾ ਤਾਂ ਹਵਾਈ ਸਫ਼ਰ ਕਰ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਹਾਈ-ਸਪੀਡ ਟ੍ਰੇਨਾਂ ਵਿੱਚ ਯਾਤਰਾ ਦੀ ਸਹੂਲਤ ਮਿਲ ਸਕੇਗੀ| ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਲੋਕਾਂ ਨੂੰ ਦੇਸ਼ ਦੀ ਆਰਥਿਕ ਸਥਿਤੀ ਸੁਧਾਰਨ ਵਿੱਚ ਮਦਦ ਕਰਨੀ ਚਾਹੀਦੀ ਹੈ|
ਚੀਨ ਵਿੱਚ ਇਸ ਸਮੇਂ 70 ਲੱਖ ਤੋਂ ਜਿਆਦਾ ਕਰਜ਼ਦਾਰ ਹਨ| ਚੀਨ ਵਿੱਚ ਬੈਂਕਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਤੋਂ ਕਰਜ਼ ਲੈ ਕੇ ਉਸ ਨੂੰ ਵਾਪਸ ਨਾ ਕਰਨ ਵਾਲੇ ਕੁਝ ਲੋਕਾਂ ਦੀ ਇਕ ‘ਕਾਲੀ ਸੂਚੀ’ (ਬਲੈਕ ਲਿਸਟ) ਬਣਾਈ ਗਈ ਹੈ| ਇਸ ਲਿਸਟ ਵਿੱਚ ਉਨ੍ਹਾਂ ਦੇ ਨਾਮ ਦੇ ਨਾਲ-ਨਾਲ ਪਰਸਨਲ ਆਈ.ਡੀ ਸਮੇਤ ਸਾਰੀਆਂ ਜਾਣਕਾਰੀਆਂ ਸ਼ਾਮਲ ਹਨ| ਇਹ ਲਿਸਟ 2013 ਵਿੱਚ ਬਣਾਈ ਗਈ ਸੀ, ਜਿਸ ਵਿੱਚ ਆਮਦਨ ਟੈਕਸ ਚੋਰੀ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ| ਇਨ੍ਹਾਂ ਬਲੈਕ ਲਿਸਟਡ ਕਰਜ਼ਦਾਰਾਂ ਦੀ ਸੂਚੀ ਚੀਨੀ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਵੀ ਉਪਲੱਬਧ ਹੈ|
ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਚੀਨ ਦੇ ਸਾਰੇ ਵੱਡੇ ਬੈਂਕਾਂ     ਸਮੇਤ ਕੁਲ 44 ਸੰਸਥਾਨਾਂ ਨੇ ਇਕ ਸਹਿਮਤੀ ਪੱਤਰ ਤੇ ਦਸਤਖ਼ਤ ਕੀਤੇ ਹਨ| ਇਸ ਦੇ ਅੰਤਰਗਤ ਕਰਜ਼ਦਾਰਾਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਣਗੀਆਂ|
ਕਰਜ਼ਦਾਰਾਂ ਲਈ ਹਵਾਈ ਅਤੇ ਟ੍ਰੇਨ ਯਾਤਰਾ ਤੋਂ ਇਲਾਵਾ ਹੋਟਲਾਂ ਵਿੱਚ ਰੁਕਣ ਅਤੇ ਕਿਰਾਏ ਤੇ ਕਮਰੇ ਲੈਣਾ ਵੀ ਅਸੰਭਵ ਹੋਵੇਗਾ|

Leave a Reply

Your email address will not be published. Required fields are marked *