ਚੀਨ ਅਤੇ ਨੇਪਾਲ ਦੇ ਸਾਂਝੇ ਫੌਜੀ ਅਭਿਆਸ ਦੇ ਮਾਇਨੇ

ਮੌਜੂਦਾ ਹਾਲਾਤ ਵਿੱਚ ਚੀਨ ਅਤੇ ਨੇਪਾਲ ਦੇ ਵਿਚਾਲੇ ਸੰਯੁਕਤ ਫੌਜੀ ਅਭਿਆਸ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ| ਅਗਲੇ ਸਾਲ ਦੀ ਸ਼ੁਰੂਆਤ ਵਿੱਚ ਦੋਵਾਂ ਦੇਸ਼ਾਂ ਦੇ ਵਿਚਾਲੇ ਹੋਣ ਜਾ ਰਹੇ ਇਸ ਪਹਿਲੇ ਸਾਂਝਾ ਫੌਜੀ ਅਭਿਆਸ ਦਾ ਸਮਾਂ ਅਜਿਹਾ ਹੈ, ਜਦੋਂ ਨਾ ਸਿਰਫ ਚੀਨ ਅਤੇ ਭਾਰਤ ਦੇ ਰਿਸ਼ਤੇ ਇੱਕ ਮੁਸ਼ਕਿਲ ਦੌਰ ਤੋਂ ਗੁਜਰ ਰਹੇ ਹਨ, ਸਗੋਂ ਅੰਤਰਰਾਸ਼ਟਰੀ ਕੂਟਨੀਤੀ ਦਾ ਪੂਰਾ ਮੁਹਾਵਰਾ ਹੀ ਬਦਲਦਾ ਨਜ਼ਰ ਆ ਰਿਹਾ ਹੈ|
ਚੀਨ ਨੇ ਇਹ ਰਸਮੀ ਬਿਆਨ ਜਰੂਰ ਜਾਰੀ ਕੀਤਾ ਹੈ ਕਿ ਇਸ ਵਿੱਚ ਭਾਰਤ ਜਾਂ ਕਿਸੇ ਹੋਰ ਦੇਸ਼ ਲਈ ਚਿੰਤਾ ਕਰਨ ਵਰਗੀ ਕੋਈ ਗੱਲ ਨਹੀਂ ਹੈ|  ਪਰ ਉੱਥੇ ਦੇ ਸਰਕਾਰੀ ਮੀਡੀਆ ਨੇ ਇਸ ਬਾਰੇ ਵਿਸਥਾਰ ਨਾਲ ਲਿਖਿਆ ਹੈ ਕਿ ਕਿਵੇਂ ਚੀਨ-ਨੇਪਾਲ ਜੰਗ ਅਭਿਆਸ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਫੌਜੀ ਸਹਿਯੋਗ ਵਧੇਗਾ ਅਤੇ ਭਵਿੱਖ ਵਿੱਚ ਇਸ ਨੂੰ ਕਿਵੇਂ ਸੰਸਥਾਗਤ ਸਵਰੂਪ ਦਿੱਤਾ ਜਾ ਸਕੇਗਾ| ਜਾਹਿਰ ਹੈ ਕਿ ਨੇਪਾਲ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਹਾਲਿਆ ਉਤਾਰ-ਚੜਾਵ ਦੇ ਮੱਦੇਨਜਰ ਇਸ ਘਟਨਾਕ੍ਰਮ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ| ਚੀਨ ਦੀਆਂ ਕੁੱਝ ਹੋਰ ਗਤੀਵਿਧੀਆਂ ਵੀ ਭਾਰਤ ਲਈ ਨਕਾਰਾਤਮਕ ਸੰਕੇਤ ਲੈ ਕੇ ਆਈਆਂ ਹਨ|
ਪਾਕਿਸਤਾਨ ਵਿੱਚ ਬਣ ਰਹੇ ਆਰਥਿਕ ਕਾਰੀਡੋਰ ਦੇ ਸਵਾਲ ਤੇ ਚੀਨ ਦਾ ਰੁਖ਼ ਕਦੇਵੀ ਦੋਸਤਾਨਾ ਨਹੀਂ ਕਿਹਾ ਜਾ ਸਕਦਾ| ਕਾਰੀਡੋਰ ਦੇ ਨਾਲ ਉਸਦੇ ਵੱਡੇ ਆਰਥਕ-ਸਾਮਰਿਕ ਹਿੱਤ ਜੁੜੇ ਹੋਏ ਹਨ, ਪਰ ਇਸ ਮਾਮਲੇ ਵਿੱਚ ਉਹ ਭਾਰਤ ਨੂੰ ਵੀ ਭਰੋਸੇ ਵਿੱਚ ਲੈਣ ਦੀ ਇੱਕ ਕੋਸ਼ਿਸ਼ ਜਰੂਰ ਕਰ ਸਕਦਾ ਸੀ| ਕਾਰੀਡੋਰ ਦਾ ਇੱਕ ਹਿੱਸਾ ਪਾਕ ਅਧਿਕ੍ਰਿਤ ਕਸ਼ਮੀਰ ਵਿੱਚ ਆਉਂਦਾ ਹੈ, ਜਿਸ ਉੱਤੇ ਪਾਕਿਸਤਾਨ ਦਾ ਦਾਅਵਾ ਵਿਵਾਦਗ੍ਰਸਤ ਹੈ|
ਇਸ ਯੋਜਨਾ ਵਿੱਚ ਚੀਨ ਵੱਲੋਂ ਭਾਰਤ ਦੀ ਸਹਿਭਾਗਿਤਾ ਦੀ ਵੀ ਸੰਭਾਵਨਾ ਤਲਾਸ਼ੀ ਜਾਂਦੀ ਤਾਂ ਇਹ ਕਾਰੀਡੋਰ ਇੱਕ ਭਾਰਤ ਵਿਰੋਧੀ ਪ੍ਰਾਜੈਕਟ ਦਾ ਰੂਪ ਲੈਣ ਦੀ ਬਜਾਏ ਦੱਖਣ ਏਸ਼ੀਆਈ ਤਰੱਕੀ ਦੇ ਪ੍ਰਤੀਕ ਚਿੰਨ ਦੇ ਰੂਪ ਵਿੱਚ ਉਭਰਦਾ| ਪਰ ਨਾ ਤਾਂ ਪਾਕਿਸਤਾਨ ਨੇ ਇਸ ਵਿੱਚ ਕੋਈ ਦਿਲਚਸਪੀ ਵਿਖਾਈ, ਨਾ ਹੀ ਚੀਨ ਨੇ|
ਜਾਹਿਰ ਹੈ, ਅਜਿਹੇ ਵਿੱਚ ਚੀਨ ਅਤੇ ਨੇਪਾਲ ਦੇ ਸਾਂਝੇ ਜੰਗ ਅਭਿਆਸ ਨੂੰ ਭਾਰਤ ਵਿੱਚ ਇੱਕ ਕਿਸਮ ਦੀ ਉਕਸਾਵਾ ਮੂਲਕ ਕਾਰਵਾਈ ਦੀ ਤਰ੍ਹਾਂ ਹੀ ਵੇਖਿਆ ਜਾਵੇਗਾ| ਬਹਿਰਹਾਲ, ਇਸ ਮੁੱਦੇ ਤੇ ਆਪਣੀ ਨਰਾਜਗੀ ਜਨਤਕ ਕਰਨ ਦੀ ਬਜਾਏ ਸਾਨੂੰ ਆਪਣਾ ਧਿਆਨ ਗੁਆਂਢੀਆਂ ਨਾਲ ਰਿਸ਼ਤੇ ਸੁਧਾਰਣ ਤੇ ਹੀ ਕੇਂਦਰਿਤ ਕਰਨਾ ਚਾਹੀਦਾ ਹੈ| ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਆਉਣ ਤੋਂ ਬਾਅਦ ਤੋਂ ਅੰਤਰਰਾਸ਼ਟਰੀ ਸਬੰਧਾਂ ਦਾ ਮੁਹਾਵਰਾ ਆਰਥਕ ਵਿਕਾਸ ਅਤੇ ਵਪਾਰ ਦੀ ਬਜਾਏ ਹਮਲਾਵਰ ਰਾਸ਼ਟਰਵਾਦ ਦੀ ਲਕੀਰ ਫੜਦਾ ਦਿਖ ਰਿਹਾ ਹੈ| ਅਜਿਹੇ ਵਿੱਚ ਸਾਨੂੰ ਹੋਰਾਂ ਦੀ ਖੇਡ ਦਾ ਹਿੱਸਾ ਬਨਣ ਦੀ ਬਜਾਏ ਆਪਣਾ ਖੇਡ ਵਧਾਉਣ ਦੀ ਹੀ ਫਿਕਰ ਕਰਨੀ ਚਾਹੀਦੀ ਹੈ|
ਸੁਖਚੈਨ

Leave a Reply

Your email address will not be published. Required fields are marked *