ਚੀਨ ਦੀ ਕੰਪਨੀ ਨੇ ਬਣਾਇਆ 350 ਫੁੱਟ ਉਚਾ ਨਕਲੀ ਝਰਨਾ

ਬੀਜਿੰਗ, 24 ਜੁਲਾਈ (ਸ.ਬ.) ਦੱਖਣੀ-ਪੱਛਮੀ ਚੀਨ ਦੇ ਗੁਆਂਗ ਸ਼ਹਿਰ ਵਿਚ ਇਕ ਉਚੀ ਇਮਾਰਤ ਦੇ ਬਾਹਰ 108 ਮੀਟਰ ਉਚਾ (350 ਫੁੱਟ) ਨਕਲੀ ਝਰਨਾ ਬਣਾਇਆ ਗਿਆ ਹੈ| ਇਹ ਝਰਨਾ ਸ਼ਹਿਰ ਦੇ ਕੇਂਦਰੀ ਵਪਾਰਕ ਜ਼ਿਲੇ ਦੇ ਇਕ ਪਬਲਿਕ ਪਲਾਜ਼ਾ ਵਿਚ ਸਥਿਤ ਸ਼ਾਨਦਾਰ ਲਾਈਬੀਆਨ ਇਮਾਰਤ ਦਾ ਹਿੱਸਾ ਹੈ|
ਇਸ ਝਰਨੇ ਨੂੰ ਗੁੰਝਾਉ ਲੂਡੀਆ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਦੀ ਨਿਗਰਾਨੀ ਵਿਚ ਤਿਆਰ ਕੀਤਾ ਗਿਆ ਹੈ| ਇਹ ਝਰਨਾ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਬਣਾਇਆ ਗਿਆ ਹੈ|
ਕੇਂਦਰੀ ਵਪਾਰਕ ਜ਼ਿਲੇ ਦੇ ਪਬਲਿਕ ਪਲਾਜ਼ਾ ਵਿਚ ਸਥਿਤ ਇਕ ਉਚੀ ਇਮਾਰਤ ਹੇਠਾਂ 121 ਮੀਟਰ ਲੰਬਾ ਇਕ ਟੈਂਕ ਲਗਾਇਆ ਗਿਆ ਹੈ, ਜਿਸ ਵਿਚ 185 ਮੈਗਾਵਾਟ ਵਾਲੇ 4 ਪੰਪ ਲਗਾਏ ਗਏ ਹਨ, ਜੋ ਪਾਣੀ ਨੂੰ ਉਪਰ ਵੱਲ ਭੇਜਦੇ ਹਨ|
ਇਸ ਪ੍ਰਾਪਰਟੀ ਦੇ ਬੁਲਾਰੇ ਚੇਂਗ ਨੇ ਦੱਸਿਆ ਕਿ ਮੁੱਖ ਜਲ ਸਰੋਤ ਵਿਚ ਟੂਟੀ ਦਾ ਪਾਣੀ, ਮੀਂਹ ਦਾ ਪਾਣੀ ਜਾਂ ਹੋਰ ਚੈਨਲਾਂ ਤੋਂ ਪਾਣੀ ਲਿਆ ਜਾਂਦਾ ਹੈ|
ਇਸ ਇਮਾਰਤ ਵਿਚ 4 ਮੰਜ਼ਿਲਾਂ ਅੰਡਰ ਗ੍ਰਾਊਂਡ ਪਾਣੀ ਦੀ ਸਟੋਰੇਜ ਅਤੇ ਜਲ ਨਿਕਾਸੀ ਸਿਸਟਮ ਹੈ, ਜਿਸ ਤੋਂ ਪਾਣੀ ਨੂੰ ਪੰਪ ਕੀਤਾ ਜਾਂਦਾ ਹੈ ਅਤੇ ਰੀਸਾਇਕਲ ਕੀਤਾ ਜਾਂਦਾ ਹੈ| ਉਨ੍ਹਾਂ ਨੇ ਇਹ ਵੀ ਦੱਸਿਆ ਕਿ ਝਰਨੇ ਨੂੰ ਇਕ ਘੰਟਾ ਚਲਾਉਣ ਉਤੇ 800 ਯੁਆਨ ਬਿਜਲੀ ਦਾ ਬਿੱਲ ਆਉਂਦਾ ਹੈ| ਇਸ ਲਈ ਝਰਨੇ ਨੂੰ ਰੋਜ਼ਾਨਾ ਨਹੀਂ ਚਲਾਇਆ ਜਾਂਦਾ ਸਗੋਂ ਸਿਰਫ ਖਾਸ ਮੌਕਿਆਂ ਤੇ ਹੀ ਚਲਾਇਆ ਜਾਂਦਾ ਹੈ|
ਇੰਟਰਨੈਟ ਤੇ ਲੋਕ ਜਿੱਥੇ ਇਸ ਝਰਨੇ ਨੂੰ ਹੈਰਾਨ ਹੋ ਕੇ ਦੇਖ ਰਹੇ ਹਨ, ਉਥੇ ਕੁਝ ਲੋਕ ਇਸ ਨੂੰ ਬਿਜਲੀ ਅਤੇ ਪਾਣੀ ਦੀ ਬਰਬਾਦੀ ਮੰਨ ਰਹੇ ਹਨ|

Leave a Reply

Your email address will not be published. Required fields are marked *