ਚੀਨ ਦੇ ਨਜ਼ਰਬੰਦੀ ਕੈਂਪਾਂ ਵਿੱਚ ਬੰਦ ਹਨ 8 ਤੋਂ 20 ਲੱਖ ਵਿਅਕਤੀ: ਅਮਰੀਕਾ

ਵਾਸ਼ਿੰਗਟਨ, 6 ਦਸੰਬਰ (ਸ.ਬ.) ਟਰੰਪ ਪ੍ਰਸ਼ਾਸਨ ਨੇ ਸੰਸਦੀ ਸੁਣਵਾਈ ਦੌਰਾਨ ਆਪਣੇ ਦੇਸ਼ ਦੇ ਸੰਸਦ ਮੈਂਬਰ ਨੂੰ ਦੱਸਿਆ ਕਿ ਚੀਨ ਦੇ ਨਜ਼ਰਬੰਦੀ ਕੈਂਪਾਂ ਵਿਚ ਕਰੀਬ 8 ਤੋਂ 20 ਲੱਖ ਧਾਰਮਿਕ ਘੱਟ ਗਿਣਤੀ ਲੋਕ ਬੰਦ ਹਨ| ਸੰਸਦੀ ਸੁਣਵਾਈ ਦੌਰਾਨ ‘ਬਿਊਰੋ ਆਫ ਹਿਊਮਨ ਰਾਈਟ ਡੈਮੋਕ੍ਰੇਸੀ ਐਂਡ ਲੇਬਰ’ ਵਿੱਚ ਡਿਪਟੀ ਸਹਾਇਕ ਵਿਦੇਸ਼ ਮੰਤਰੀ ਸਕੌਟ ਬੁਸਬੀ ਨੇ ਦੋਸ਼ ਲਗਾਇਆ ਕਿ ਚੀਨ ਦੁਨੀਆ ਦੇ ਹੋਰ ਤਾਨਾਸ਼ਾਹ ਸ਼ਾਸਨਾਂ ਦੇ ਅਜਿਹੇ ਦਮਨਕਾਰੀ ਕਦਮਾਂ ਦਾ ਸਮਰਥਨ ਕਰ ਰਿਹਾ ਹੈ| ਉਨ੍ਹਾਂ ਨੇ ਕਿਹਾ,”ਅਮਰੀਕੀ ਸਰਕਾਰ ਦਾ ਮੁਲਾਂਕਣ ਹੈ ਕਿ ਅਪ੍ਰੈਲ 2017 ਤੋਂ ਚੀਨੀ ਅਧਿਕਾਰੀਆਂ ਨੇ ਉਇਗਰ, ਜਾਤੀ ਕਜ਼ਾਕ ਅਤੇ ਹੋਰ ਮੁਸਲਿਮ ਘੱਟ ਗਿਣਤੀ ਭਾਈਚਾਰਿਆਂ ਦੇ ਘੱਟੋ-ਘੱਟ 8 ਤੋਂ 20 ਲੱਖ ਮੈਂਬਰਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਅਨਿਸ਼ਚਿਤ ਸਮੇਂ ਲਈ ਬੰਦ ਕਰ ਕੇ ਰੱਖਿਆ ਹੈ|”
ਸੈਨੇਟ ਦੀ ਵਿਦੇਸ਼ੀ ਮਾਮਲਿਆਂ ਦੀ ਉਪ ਕਮੇਟੀ ਦੇ ਸਾਹਮਣੇ ਬੁਸਬੀ ਨੇ ਦੱਸਿਆ ਕਿ ਸੂਚਨਾਵਾਂ ਮੁਤਾਬਕ ਹਿਰਾਸਤ ਵਿਚ ਰੱਖੇ ਗਏ ਜ਼ਿਆਦਾਤਰ ਲੋਕਾਂ ਵਿਰੁੱਧ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਠਿਕਾਣਿਆਂ ਬਾਰੇ ਬਹੁਤ ਘੱਟ ਜਾਂ ਕੋਈ ਜਾਣਕਾਰੀ ਨਹੀਂ ਹੈ| ਪਹਿਲਾਂ-ਪਹਿਲ ਤਾਂ ਚੀਨ ਨੇ ਅਜਿਹੇ ਕੈਂਪਾਂ ਦੀ ਹੋਂਦ ਤੋਂ ਇਨਕਾਰ ਕੀਤਾ ਸੀ ਪਰ ਇਸ ਸਬੰਧ ਵਿਚ ਜਨਤਕ ਰੂਪ ਵਿਚ ਖਬਰਾਂ ਆਉਣ ਮਗਰੋਂ ਚੀਨੀ ਅਧਿਕਾਰੀ ਹੁਣ ਦੱਸ ਰਹੇ ਹਨ ਕਿ ਇਹ ਕੇਂਦਰ ‘ਵੋਕੇਸ਼ਨਲ ਸਿੱਖਿਆ ਕੇਂਦਰ’ ਹਨ| ਬੁਸਬੀ ਨੇ ਕਿਹਾ ਭਾਵੇਂਕਿ ਇਹ ਤੱਥ ਗਲਤ ਪ੍ਰਤੀਤ ਹੁੰਦਾ ਹੈ ਕਿਉਂਕਿ ਉਨ੍ਹਾਂ ਕੈਂਪਾਂ ਵਿਚ ਕਈ ਲੋਕਪ੍ਰਿਅ ਉਇਗਰ ਬੁੱਧੀਜੀਵੀ ਅਤੇ ਰਿਟਾਇਰਡ ਪੇਸ਼ੇਵਰ ਵੀ ਸ਼ਾਮਿਲ ਹਨ|
ਇਨ੍ਹਾਂ ਕੇਂਦਰਾਂ ਤੋਂ ਸੁਰੱਖਿਅਤ ਰੂਪ ਵਿਚ ਬਾਹਰ ਨਿਕਲੇ ਕੁਝ ਲੋਕਾਂ ਨੇ ਇੱਥੋਂ ਦੇ ਬੁਰੇ ਹਾਲਾਤਾਂ ਦੇ ਬਾਰੇ ਵਿਚ ਦੱਸਿਆ ਹੈ| ਉਦਾਹਰਨ ਲਈ ਉਨ੍ਹਾਂ ਕੈਂਪਾਂ ਵਿਚ ਨਮਾਜ਼ ਸਮੇਤ ਹੋਰ ਧਾਰਮਿਕ ਰੀਤੀ-ਰਿਵਾਜਾਂ ਤੇ ਪਾਬੰਦੀ ਹੈ| ਬੁਸਬੀ ਨੇ ਕਿਹਾ ਕਿ ਕੈਂਪਾਂ ਦੇ ਬਾਹਰ ਵੀ ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਹਨ| ਪਰਿਵਾਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਚੀਨੀ ਅਧਿਕਾਰੀਆਂ ਨੂੰ ਲੰਬੇ ਸਮੇਂ ਤੱਕ ਆਪਣੇ ਘਰਾਂ ਵਿਚ ਰਹਿਣ ਦੇਣ| ਉੱਧਰ ਹਥਿਆਰਬੰਦ ਪੁਲੀਸ ਆਉਣ-ਜਾਣ ਦੇ ਰਸਤਿਆਂ ਤੇ ਨਜ਼ਰ ਬਣਾਏ ਹੋਈ ਹੈ| ਹਜ਼ਾਰਾਂ ਮਸਜਿਦਾਂ ਤੋੜ ਦਿੱਤੀਆਂ ਗਈਆਂ ਹਨ ਜਦਕਿ ਕੁਝ ਕਮਿਊਨਿਸਟ ਪਾਰਟੀ ਦੇ ਗਲਤ ਪ੍ਰਚਾਰ ਦਾ ਕੇਂਦਰ ਬਣ ਗਈਆਂ ਹਨ|

Leave a Reply

Your email address will not be published. Required fields are marked *