ਚੀਨ ਦੇ ਲਗਜ਼ਰੀ ਹੋਟਲ ਵਿੱਚ ਲੱਗੀ ਭਿਆਨਕ ਅੱਗ

ਬੀਜਿੰਗ, 25 ਫਰਵਰੀ (ਸ.ਬ.) ਦੱਖਣੀ-ਪੂਰਬੀ ਚੀਨ ਦੇ ਨੇਨਚਾਂਗ ਸ਼ਹਿਰ ਦੇ ਇਕ ਲਗਜ਼ਰੀ ਹੋਟਲ ਵਿੱਚ ਅੱਜ ਸਵੇਰ ਵੇਲੇ ਅੱਗ ਲੱਗ ਗਈ| ਅੱਗ ਕਾਰਨ 3 ਲੋਕਾਂ ਦੇ ਮਾਰੇ ਜਾਣ ਅਤੇ 14 ਲੋਕਾਂ ਦੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਦੀ ਖਬਰ ਹੈ| ਚੀਨੀ ਮੀਡੀਆ ਮੁਤਾਬਕ ਅੱਗ ਕਾਰਨ ਕਈ ਹੋਰ ਲੋਕਾਂ ਦੇ ਹੋਟਲ ਅੰਦਰ ਫਸੇ ਹੋਏ ਦਾ ਖਦਸ਼ਾ ਹੈ| ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਘਟਨਾ ਵਾਲੀ ਥਾਂ ਤੇ ਪਹੁੰਚ ਗਏ|
‘ਐਚ.ਐਨ.ਏ. ਪਲੈਟੀਨਮ ਮਿਕਸ ਹੋਟਲ’ ਨਾਂ ਦਾ ਇਹ ਲਗਜ਼ਰੀ ਹੋਟਲ ਚੀਨ ਦੇ ਯਾਂਗਸ਼ੀ ਸੂਬੇ ਦੀ ਰਾਜਧਾਨੀ ਨੇਨਚਾਂਗ ਸ਼ਹਿਰ ਵਿੱਚ ਸਥਿਤ ਹੈ|
ਅੱਗ ਤੋਂ ਬਚ ਨਿਕਲੀ ਇਕ ਔਰਤ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਹੇਠਲੀ ਮੰਜ਼ਲ ਤੇ 10 ਤੋਂ ਵਧ ਲੋਕ ਸਜਾਵਟ ਦੇ ਕੰਮ ਵਿੱਚ ਲੱਗੇ ਹੋਏ ਸਨ, ਉਸ ਦੌਰਾਨ ਹੋਟਲ ਵਿੱਚ ਅੱਗ ਲੱਗ ਗਈ| ਹੋਟਲ ਦੇ ਕਈ ਕਮਰਿਆਂ ਵਿੱਚੋਂ ਧੂੰਆਂ ਨਿਕਲ ਰਿਹਾ ਹੈ, ਇਸ ਕਾਰਨ ਬਚਾਅ ਕੰਮ ਵਿੱਚ ਪਰੇਸ਼ਾਨੀ ਹੋ ਰਹੀ ਹੈ| ਅੱਗ ਲੱਗਣ ਤੋਂ ਬਾਅਦ ਹੋਟਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਛਾਲ ਮਾਰਦਿਆਂ     ਦੇਖਿਆ ਗਿਆ| ਘਟਨਾ ਵਿੱਚ ਝੁਲਸੇ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ|
ਅੱਗ ਤੋਂ ਬੱਚਣ ਲਈ ਦੂਜੀ ਮੰਜ਼ਲ ਤੋਂ ਛਾਲ ਮਾਰਨ ਵਾਲਾ ਇਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ| ਅੱਗ ਤੇ ਕਾਬੂ ਪਾਉਣ ਲਈ 10 ਫਾਇਰ ਬ੍ਰਿਗੇਡ ਗੱਡੀਆਂ ਮੌਕੇ ਤੇ ਤਾਇਨਾਤ ਕੀਤੀਆਂ ਹਨ| ਇਕ ਰਿਪੋਰਟ ਮੁਤਾਬਕ ਇਹ 4 ਮੰਜ਼ਲਾਂ ਹੋਟਲ ਇਕ 24 ਮੰਜ਼ਲਾਂ ਅਪਾਰਟਮੈਂਟ ਦੀ ਇਮਾਰਤ ਨਾਲ ਜੁੜਿਆ ਹੋਇਆ ਹੈ ਅਤੇ ਉਥੇ ਵੀ ਲੋਕ ਫਸੇ ਹੋਏ ਹਨ|

Leave a Reply

Your email address will not be published. Required fields are marked *