ਚੀਨ ਦੇ ਸ਼ਿਨਜਿਆਂਗ ਵਿੱਚ ਸੈਂਕੜੇ ਇਮਾਮਾਂ ਨੂੰ ਬੰਦੀ ਬਣਾਇਆ
ਬੀਜਿੰਗ, 24 ਨਵੰਬਰ (ਸ.ਬ.) ਇਕ ਪਾਸੇ ਜਿੱਥੇ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਉੱਥੇ ਦੂਜੇ ਪਾਸੇ ਚੀਨ ਵਿਚ ਇਕ ਵੱਖਰੀ ਹੀ ਖੇਡ ਖੇਡੀ ਜਾ ਰਹੀ ਹੈ| ਚੀਨ ਵਿਚ ਉਈਗਰ ਮੁਸਲਮਾਨਾਂ ਦੇ ਨਾਲ ਅੱਤਿਆਚਾਰ ਹਾਲੇ ਵੀ ਜਾਰੀ ਹਨ| ਸ਼ਿਨਜਿਆਂਗ ਉਈਗਰ ਖੁਦਮੁਖਤਿਆਰ ਖੇਤਰ ਵਿਚ ਚੀਨੀ ਅਧਿਕਾਰੀਆਂ ਨੇ ਸੈਂਕੜੇ ਮੁਸਲਿਮ ਇਮਾਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ| ਇੱਕ ਰਿਪੋਰਟ ਮੁਤਾਬਕ ਇਮਾਮਾਂ ਦੀ ਨਜ਼ਰਬੰਦੀ ਨਾਲ ਇਕ ਅਜਿਹਾ ਮਾਹੌਲ ਬਣਿਆ ਹੈ ਜਿਸ ਨਾਲ ਉਈਗਰ ਲੋਕ ਮਰਨ ਤੋਂ ਡਰਦੇ ਹਨ ਕਿਉਂਕਿ ਉਹਨਾਂ ਦੇ ਅੰਤਿਮ ਸੰਸਕਾਰ ਕਰਨ ਵਾਲਾ ਕੋਈ ਨਹੀਂ ਹੋਵੇਗਾ|
ਇੰਟਰਨੈਸ਼ਨਲ ਸਿਟੀਜ਼ ਆਫ ਰਿਫਿਊਜ਼ ਨੈਟਵਰਕ ਨਾਲ ਜੁੜੇ ਨਾਰਵੇ ਦੇ ਇਕ ਕਾਰਕੁੰਨ ਅਬਦੁਵੇਲੀ ਅਯੂਪ ਨੇ ਦੱਸਿਆ ਕਿ ਸ਼ਿਨਜਿਆਂਗ ਖੇਤਰ ਦੇ ਉਈਗਰਾਂ ਦੇ ਇੰਟਰਵਿਯੂ ਨਾਲ ਪਤਾ ਚੱਲਿਆ ਹੈ ਕਿ ਘੱਟੋ-ਘੱਟ 613 ਇਮਾਮ ਖਤਮ ਹੋ ਗਏ| 2017 ਦੀ ਸ਼ੁਰੂਆਤ ਤੋਂ 1.8 ਮਿਲੀਅਨ ਉਈਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਨੂੰ ਇਸ ਖੇਤਰ ਵਿਚ ਵਿਸ਼ਾਲ ਨੈਟਵਰਕ ਵਾਲੇ ਨਜ਼ਰਬੰਦ ਕੈਂਪਾਂ ਵਿਚ ਰੱਖਿਆ ਗਿਆ| ਵਾਸ਼ਿੰਗਟਨ ਸਥਿਤ ਉਈਗਰ ਹਿਊਮਨ ਰਾਈਟਸ ਪ੍ਰਾਜੈਕਟ ਦੀ ਮੇਜ਼ਬਾਨੀ ਵਿਚ ਆਯੋਜਿਤ ਇਕ ਵੇਬਿਨਾਰ ‘ਇਮਾਮ ਕਿੱਥੇ ਹਨ’ ਤੇ ਬੋਲਦਿਆਂ ਅਯੂਪ ਨੇ ਇਹ ਗੱਲ ਕਹੀ| ਅਯੂਪ ਨੇ ਕਿਹਾ ਕਿ ਮੈਂ ਆਪਣੀ ਖੋਜ ਵਿਚ ਪਾਇਆ ਕਿ ਇਹ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਧਾਰਮਿਕ ਆਬਾਦੀ ਦੇ ਅੰਕੜੇ ਸਨ|
ਉਈਗਰ-ਭਾਸ਼ਾ ਸਿੱਖਿਆ ਦੇ ਪ੍ਰਚਾਰ ਦੇ ਮਾਧਿਅਮ ਨਾਲ ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੇ ਲਈ ਲੜਨ ਤੋਂ ਬਾਅਦ 2013-14 ਵਿਚ ਜੇਲ੍ਹ ਵਿਚ ਰਹਿਣ ਦੇ ਦੌਰਾਨ ਤਸੀਹੇ ਝੱਲਣ ਵਾਲੇ ਅਯੂਪ ਨੇ ਕਿਹਾ ਕਿ ਉਹਨਾਂ ਨੇ ਕੈਂਪ ਵਿਚ ਘੱਟੋ-ਘੱਟ 16 ਕੈਦੀਆਂ ਦਾ ਵੀ ਇੰਟਰਵਿਊ ਲਿਆ ਸੀ| ਜਿਹਨਾਂ ਨੇ ਕਿਹਾ ਸੀ ਕਿ ਸ਼ਿਨਜਿਆਂਗ ਖੇਤਰ ਵਿਚ ਇਮਾਮਾਂ ਦੀ ਗ੍ਰਿਫਤਾਰੀ ਹੋਈ ਹੈ| ਨੀਦਰਲੈਂਡ ਵਿਚ ਰਹਿਣ ਵਾਲੇ ਸਾਬਕਾ ਕੈਦੀਆਂ ਵਿਚੋਂ ਇਕ ਨੇ ਉਸ ਨੂੰ ਦੱਸਿਆ ਕਿ ਸ਼ਿਨਜਿਆਗ ਦੀ ਰਾਜਧਾਨੀ ਉਰੂਮਕੀ ਵਿਚ ਲੋਕਾਂ ਦੀ ਰਜਿਸਟ੍ਰੇਸ਼ਨ ਕਰਨੀ ਪਵੇਗੀ ਅਤੇ ਕਿਸੇ ਦੇ ਮਰਨ ਦਾ ਇੰਤਜ਼ਾਰ ਕਰਨਾ ਪਵੇਗਾ|
ਇਕ ਹੋਰ ਸਾਬਕਾ ਕੈਦੀ ਨੇ ਕਿਹਾ ਕਿ ਉਹ ਮਰਨ ਤੋਂ ਡਰਦੇ ਹਨ ਕਿਉਂਕਿ ਮਸਜਿਦਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ ਹੈ ਅਤੇ ਇਮਾਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ| ਅੰਤਮ ਸੰਸਕਾਰ ਦੀ ਤਾਂ ਕੋਈ ਆਸ ਹੀ ਨਹੀਂ ਹੁੰਦੀ ਹੈ ਜੋ ਕਿ ਬਹੁਤ ਦੁਖਦਾਈ ਹੈ| ਇਸ ਵਿਚ ਲੰਡਨ ਯੂਨੀਵਰਸਿਟੀ ਵਿਚ ਸਕੂਲ ਆਫ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਵਿਚ ਇਕ ਪ੍ਰੋਫੈਸਰ ਰਾਸ਼ੇਲ ਹੈਰਿਸ ਨੇ ਕਿਹਾ ਕਿ ਇਮਾਮ, ਉਈਗਰ ਸਮਾਜ ਵਿਚ ਟਾਰਗੇਟ ਕੀਤੇ ਜਾਣ ਵਾਲੇ ਇਕੋਇਕ ਧਾਰਮਿਕ ਵਿਅਕਤੀ ਨਹੀਂ ਹਨ| ਉਹਨਾਂ ਨੇ ਕਿਹਾ ਕਿ ਮਹਿਲਾ ਧਾਰਮਿਕ ਨੇਤਾ ਵੀ ਉਇਗਰ ਸਮਾਜ ਵਿਚ ਬਹੁਤ ਮਹੱਤਵਪੂਰਨ ਹਨ| ਉਹਨਾਂ ਨੇ ਕਿਹਾ ਕਿ ਉਹ ਮਸਜਿਦਾਂ ਦੀ ਥਾਂ ਘਰ ਵਿਚ ਭੂਮਿਕਾ ਅਦਾ ਕਰਦੀਆਂ ਹਨ| ਮਹਿਲਾ ਧਾਰਮਿਕ ਨੇਤਾ ਦਾ ਕੰਮ ਵਿਵਾਦਾਂ ਦੀ ਵਿਚੌਲਗੀ ਕਰਨਾ, ਸਲਾਹ ਦੇਣਾ, ਹਰ ਤਰ੍ਹਾਂ ਦੇ ਸੰਸਕਾਰਾਂ ਦਾ ਸੰਚਾਲਨ ਕਰਨਾ ਹੁੰਦਾ ਹੈ|