ਚੀਨ ਦੇ ਸੀਨੀਅਰ ਡਿਪਲੋਮੈਟ ਨੇ ਟਰੰਪ ਨਾਲ ਮੁਲਾਕਾਤ ਕੀਤੀ

ਵਾਸ਼ਿੰਗਟਨ, 28 ਫਰਵਰੀ (ਸ.ਬ.) ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸਾਂਝੇ ਸੁਰੱਖਿਆ ਹਿੱਤਾਂ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਮੁਲਾਕਾਤ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਹੈ| ਚੀਨੀ ਡਿਪਲੋਮੈਟ ਯਾਂਗ ਜਿਚੀ ਨੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਚ.ਆਰ.ਮੈਕਮਾਸਟਰ, ਸੀਨੀਅਰ ਸਲਾਹਕਾਰ ਜਰੇਡ ਕੁਸ਼ਨਰ ਅਤੇ ਵਾਈਟ ਹਾਊਸ ਦੇ ਮੁੱਖ ਰਣਨੀਤੀਕਾਰ ਸਟੀਵ ਬੈਨਨ ਨਾਲ ਗੱਲਬਾਤ ਕਰਨ ਤੋਂ ਬਾਅਦ ਟਰੰਪ ਨਾਲ ਇਕ ਛੋਟੀ ਮੁਲਾਕਾਤ ਕੀਤੀ|
ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਨੇਤਾਵਾਂ ਵਿਚਕਾਰ ਦੋ-ਪੱਖੀ ਸਹਿਯੋਗ ਸਮੇਤ ਟਰੰਪ ਅਤੇ ਸ਼ੀ ਜਿੰਨਪਿੰਗ ਦੇ ਨਾਲ ਸੰਭਾਵਿਤ ਮੁਲਾਕਾਤ ਨੂੰ ਲੈ ਕੇ ਚਰਚਾ ਹੋਈ| ਹਾਲਾਂਕਿ ਇਸ ਮੁਲਾਕਾਤ ਦੀ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ| ਦੋਵੇਂ ਨੇਤਾਵਾਂ ਵਿਚਕਾਰ ਲਗਭਗ 5 ਤੋਂ 7 ਮਿੰਟ ਤੱਕ ਮੁਲਾਕਾਤ ਹੋਈ| ਦੱਖਣ ਚੀਨ ਸਾਗਰ ਮੁੱਦੇ ਤੇ ਟਰੰਪ ਵੱਲੋਂ ਚੀਨ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਚੀਨੀ ਡਿਪਲੋਮੈਟ ਦੀ ਟਰੰਪ ਨਾਲ ਇਹ ਪਹਿਲੀ ਮੁਲਾਕਾਤ ਹੈ|
ਵਾਈਟ ਹਾਊਸ ਦੇ ਬੁਲਾਰੇ ਸੀਨ ਸਪਾਈਸਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਨੇਤਾਵਾਂ ਵਿਚਕਾਰ ਮੁਲਾਕਾਤ ਦੌਰਾਨ ਰਾਸ਼ਟਰੀ ਸੁਰੱਖਿਆ ਦੇ ਸਾਝੇ ਹਿੱਤਾਂ ਤੇ ਗੱਲਬਾਤ ਦਾ ਮੌਕਾ ਮਿਲਿਆ ਹੈ| ਚੀਨ ਦੇ ਵਿਦੇਸ਼ ਮੰਤਰਾਲੇ ਨੇ ਜਿਚੀ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨ ਨੇ ਅਮਰੀਕਾ ਨਾਲ ਸਾਰੇ ਪੱਧਰਾਂ ਤੇ ਸਹਿਯੋਗ ਨੂੰ ਵਧਾਉਣ ਲਈ ਵਚਨਬੱਧਤਾ ਜਤਾਈ ਅਤੇ ਇਕ ਦੂਸਰੇ ਦੇ ਹਿੱਤਾਂ ਦਾ ਸਨਮਾਨ ਕਰਨ ਦੀ ਗੱਲ ਕਹੀ ਹੈ| ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਸੰਬੰਧਾਂ ਦੇ ਬਿਹਤਰ ਹੋਣ ਨਾਲ ਦੋਵੇ ਦੇਸ਼ਾਂ ਦੇ ਲੋਕਾਂ ਨੂੰ ਲਾਭ ਹੋਵੇਗਾ ਅਤੇ ਸੰਸਾਰ ਲਈ ਵੀ ਇਹ ਸਾਰਥਕ ਸਿੱਧ ਹੋਵੇਗਾ|

Leave a Reply

Your email address will not be published. Required fields are marked *