ਚੀਨ ਨੂੰ ਉਸੇ ਦੀ ਭਾਸ਼ਾ ਵਿੱਚ ਸਬਕ ਸਿਖਾਉਣ ਲਈ ਤਿਆਰ ਹੈ ਭਾਰਤ


ਪੂਰਬੀ ਲੱਦਾਖ ਵਿੱਚ ਅਸਲੀ ਕੰਟਰੋਲ ਰੇਖਾ ਤੇ ਭਾਰਤ ਅਤੇ ਚੀਨ ਦੇ ਵਿਚਾਲੇ ਰੇੜਕਾ ਜਿਸ ਤਰ੍ਹਾਂ ਖਿੱਚਦਾ ਜਾ ਰਿਹਾ ਹੈ, ਉਹ ਕਿਸੇ ਵੀ ਰੂਪ ਵਿਚ ਚੰਗਾ ਸੰਕੇਤ ਨਹੀਂ ਹੈ| ਚੀਨ ਦੇ ਰਵੱਈਏ ਨੂੰ ਲੈ ਕੇ ਵਿਦੇਸ਼ ਮੰਤਰੀ ਐਸ  ਜੈ ਸ਼ੰਕਰ ਕਈ ਮੌਕਿਆਂ ਤੇ ਆਪਣੀ ਚਿੰਤਾ ਅਤੇ ਨਾਰਾਜ਼ਗੀ ਦਾ ਇਜ਼ਹਾਰ ਕਰ ਚੁੱਕੇ ਹਨ| ਗਲਵਾਨ ਘਾਟੀ ਵਿਚ ਸੰਘਰਸ਼ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਫ਼ੌਜੀ ਅਤੇ ਕੂਟਨੀਤਕ ਪੱਧਰ ਤੇ ਵਾਰਤਾਵਾਂ  ਦੇ ਜਿੰਨੇ ਵੀ ਦੌਰ ਚੱਲੇ ਅਤੇ ਉਨ੍ਹਾਂ ਵਿੱਚ ਚੀਨ ਵੱਲੋਂ ਜਿੰਨੇ ਭਰੋਸੇ ਦਿੱਤੇ ਗਏ, ਉਨ੍ਹਾਂ ਵਿੱਚੋਂ ਉਸ ਨੇ ਆਪਣਾ ਇਕ ਵੀ ਵਾਅਦਾ ਨਹੀਂ ਨਿਭਾਇਆ|
ਅਜਿਹੇ ਵਿੱਚ ਉਸ ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ| ਨਾ ਹੀ ਇਸ ਬਾਰੇ ਕੋਈ ਅਨੁਮਾਨ ਲਗਾ ਸਕਣਾ ਸੰਭਵ ਹੈ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਇਹ ਮਾਮਲਾ ਕਦੋਂ ਤਕ ਚਲਦਾ                  ਰਹੇਗਾ| ਬੀਤੇ ਦਿਨੀਂ ਵਿਦੇਸ਼  ਮੰਤਰੀ ਨੇ ਇਕ ਇੰਟਰਵਿਊ ਵਿਚ ਸਪੱਸ਼ਟ ਕੀਤਾ ਕਿ ਚੀਨ ਦੇ ਨਾਲ ਮੌਜੂਦਾ ਵਿਵਾਦ ਕਿੰਨਾ ਲੰਬਾ ਚੱਲੇਗਾ, ਇਸ ਬਾਰੇ ਕੁਝ ਵੀ ਕਹਿ ਸਕਣਾ ਸੰਭਵ ਨਹੀਂ ਹੈ| ਜ਼ਾਹਿਰ ਹੈ ਚੀਨ ਹੁਣ ਤਕ ਜਿਸ ਤਰ੍ਹਾਂ ਦਾ ਹਮਲਾਵਰ ਅਤੇ ਦੋ ਮੂੰਹਾਂ ਰੁਖ ਅਪਣਾ ਰਿਹਾ ਹੈ ਉਸ ਵਿੱਚ ਕਿਸੇ ਲਈ ਕੁਝ ਵੀ ਕਹਿ ਸਕਣਾ ਜਲਦਬਾਜ਼ੀ  ਹੀ ਹੋਵੇਗੀ|
ਇਸ ਸਾਲ ਪੰਦਰਾਂ ਸੋਲਾਂ ਜੂਨ ਦੀ ਰਾਤ ਗਲਵਾਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਤੇ ਚੀਨੀ ਫ਼ੌਜੀਆਂ ਨੇ ਜਿਸ ਤਰ੍ਹਾਂ ਨਾਲ ਹਮਲਾ ਕੀਤਾ ਸੀ ਅਤੇ ਬਾਅਦ ਵਿਚ ਵੀ ਅਜਿਹੇ ਹਮਲਿਆਂ ਦੇ ਯਤਨ ਕੀਤੇ ਉਸ ਨਾਲ  ਦੋਵਾਂ          ਦੇਸ਼ਾਂ ਦੇ ਰਿਸ਼ਤਿਆਂ ਵਿੱਚ ਗੰਭੀਰ ਤਣਾਓ ਪੈਦਾ ਹੋ ਗਿਆ ਹੈ| ਪਿਛਲੇ ਕੁਝ ਸਾਲਾਂ ਵਿਚ ਭਾਰਤ ਅਤੇ ਚੀਨ ਦੇ  ਦੀ ਉਚ ਅਗਵਾਈ ਵਿੱਚ ਜਿਸ ਤਰ੍ਹਾਂ ਦੀਆਂ ਸ਼ਿਖਰ ਵਾਰਤਾਵਾਂ ਦੇ ਰਸਮੀ ਅਤੇ ਗ਼ੈਰ ਰਸਮੀ ਦੌਰ ਹੋਏ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਆਏ, ਭਾਰਤ ਦੇ ਪ੍ਰਧਾਨ ਮੰਤਰੀ ਨੇ ਚੀਨ ਦੀ ਯਾਤਰਾ ਕੀਤੀ ਉਸ ਨਾਲ ਲੱਗ ਰਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਰਿਸ਼ਤਿਆਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ ਪਰ ਗਲਵਾਨ ਘਾਟੀ ਦੀ ਘਟਨਾ ਨੇ ਇਨ੍ਹਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ|
ਚੀਨ ਦੀ ਇਸ ਹਰਕਤ ਨਾਲ ਹਰ ਭਾਰਤ ਵਾਸੀ ਦੇ ਮਨ ਵਿਚ ਰੋਸ ਪੈਦਾ ਹੋਣਾ ਸੁਭਾਵਿਕ ਹੈ| ਹੁਣ ਸੰਕਟ ਇਸ ਲਈ ਜ਼ਿਆਦਾ ਗਹਿਰਾ ਰਿਹਾ ਹੈ ਕਿਉਂਕਿ ਪੂਰਬੀ ਲੱਦਾਖ ਵਿੱਚ ਐਲ ਏ ਸੀ ਤੇ ਫ਼ੌਜੀਆਂ ਦਾ ਜਮਾਵੜਾ ਖਤਮ ਕਰਨ ਲਈ ਅੱਠਵੇਂ ਦੌਰ ਦੀ ਗੱਲਬਾਤ ਵਿਚ ਚੀਨ ਨੇ ਪਿੱਛੇ ਹਟਣ ਨੂੰ ਲੈ ਕੇ ਜੋ ਸਹਿਮਤੀ ਜਤਾਈ ਸੀ ਉਸ ਤੇ ਵੀ ਉਹ ਗੰਭੀਰ ਨਹੀਂ ਹੈ|
ਮੌਜੂਦਾ ਰੇੜਕਾ ਨਾ ਟੁੱਟਣ ਦਾ ਵੱਡਾ ਕਾਰਨ ਚੀਨ ਦਾ ਧੋਖਾਧੜੀ ਵਾਲਾ ਰਵੱਈਆ ਹੈ| ਦੋਵੇਂ ਦੇਸ਼ਾਂ ਦੇ ਵਿਚਾਲੇ ਸੀਮਾ ਵਿਵਾਦ ਸ਼ਾਂਤੀ ਅਤੇ ਸਦਭਾਵਨਾ ਨਾਲ ਸੁਲਝੇ ਇਸਦੇ ਲਈ 1996 ਵਿਚ ਸਮਝੌਤਾ ਹੋਇਆ ਸੀ| ਇਸ ਸਮਝੌਤੇ ਵਿੱਚ ਸਪਸ਼ਟ ਰੂਪ ਨਾਲ ਕਿਹਾ ਗਿਆ ਸੀ ਕਿ ਕੋਈ ਵੀ ਪੱਖ ਐਲ ਏ ਸੀ ਦੇ ਦੋ ਕਿਲੋਮੀਟਰ ਦੇ ਦਾਇਰੇ ਵਿੱਚ  ਗੋਲੀ ਨਹੀਂ                ਚਲਾਏਗਾ, ਨਾ ਹੀ ਇਸ ਖੇਤਰ ਵਿੱਚ ਬੰਦੂਕ, ਰਸਾਇਣਿਕ ਹਥਿਆਰ ਜਾਂ ਵਿਸਫੋਟਕ ਲੈ ਕੇ ਜਾਣ ਦੀ ਮੰਜ਼ੂਰੀ ਹੈ| 
ਇਸ ਤੋਂ ਇਲਾਵਾ 2013 ਵਿੱਚ ਕੀਤੇ ਗਏ ਸੀਮਾ ਰੱਖਿਆ ਸਹਿਯੋਗ ਸਮਝੌਤੇ ਵਿੱਚ ਵੀ ਸਾਫ਼ ਕਿਹਾ ਗਿਆ ਸੀ ਕਿ ਜੇ ਦੋਵੇਂ ਪੱਖਾਂ ਦੇ ਫੌਜੀ ਆਹਮਣੇ ਸਾਹਮਣੇ ਆ ਵੀ ਜਾਂਦੇ ਹਨ ਤਾਂ ਉਹ ਬਲ ਪ੍ਰਯੋਗ, ਗੋਲੀਬਾਰੀ ਜਾਂ  ਹਥਿਆਰਾਂ ਨਾਲ ਸੰਘਰਸ਼ ਨਹੀਂ ਕਰਨਗੇ, ਪਰ ਗਲਵਾਨ ਘਾਟੀ ਵਿੱਚ ਸਾਨੂੰ ਕੀ             ਦੇਖਣ ਨੂੰ ਮਿਲਿਆ|
ਚੀਨ ਨੇ ਇਨ੍ਹਾਂ ਸਮਝੌਤਿਆਂ ਦੀਆਂ ਧੱਜੀਆਂ ਉਡਾਈਆਂ ਅਤੇ ਭਾਰਤੀ ਫੌਜੀਆਂ ਨੂੰ ਨਿਸ਼ਾਨਾ ਬਣਾਇਆ| ਇਸ ਸਾਲ ਸਤੰਬਰ ਵਿੱਚ ਮਾਸਕੋ ਵਿੱਚ ਭਾਰਤ ਅਤੇ ਚੀਨ ਦੇ ਰੱਖਿਆ ਮੰਤਰੀਆਂ ਅਤੇ ਵਿਦੇਸ਼ ਮੰਤਰੀਆਂ ਦੀ ਵਾਰਤਾ ਵਿੱਚ ਰੇੜਕਾ ਖਤਮ ਕਰਨ ਲਈ ਪੰਜ ਸੂਤਰੀ ਸਹਿਮਤੀ ਬਣੀ ਸੀ, ਪਰ ਇਸ ਸਹਿਮਤੀ ਨੂੰ ਲੈ ਕੇ ਚੀਨ ਨੇ ਕੋਈ ਸਕਾਰਾਤਮਕ ਪ੍ਰਤੀਕਿਰਿਆ ਨਹੀਂ ਦਿਖਾਈ| ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੁਣ ਭਾਰਤ ਨੇ ਚੀਨ ਨੂੰ ਹਰ ਤਰ੍ਹਾਂ ਨਾਲ ਸਬਕ ਸਿਖਾਉਣ ਲਈ ਕਮਰ ਕੱਸ ਲਈ ਹੈ|  ਚੀਨ ਦੇ ਹਰ ਹਮਲੇ ਦਾ ਉਸੇ ਦੀ ਭਾਸ਼ਾ ਵਿੱਚ ਜਵਾਬ ਦੇਣ ਨੂੰ ਭਾਰਤ ਦੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ| ਅਜਿਹੇ ਵਿੱਚ ਰੇੜਕੇ ਨੂੰ ਬਣਾ ਕੇ ਰੱਖਣ ਦੀ ਚੀਨ ਦੀ ਨੀਤੀ ਉਸੇ ਨੂੰ ਹੀ ਭਾਰੀ ਪਵੇਗੀ|
ਲਲਿਤ ਭਾਟੀਆ

Leave a Reply

Your email address will not be published. Required fields are marked *