ਚੀਨ ਨੂੰ ਹਜ਼ਮ ਨਹੀਂ ਹੋ ਰਹੀ ਇਸਰੋ ਦੀ ਸਫਲਤਾ

ਨਵੀਂ ਦਿੱਲੀ/ਬੀਜਿੰਗ, 16 ਫਰਵਰੀ (ਸ.ਬ.) ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਇਕੱਠੇ 104 ਉਪਗ੍ਰਹਾਂ ਦਾ ਸਫਲ ਪ੍ਰੀਖਣ ਕੀਤਾ| ਭਾਰਤ ਦੇ ਇਸ ਸਫਲ ਪ੍ਰੀਖਣ ਦੀ ਜਿੱਥੇ ਦੇਸ਼ ਅਤੇ ਦੁਨੀਆ ਦੀ ਮੀਡੀਆ ਇਸਰੋ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੀ ਹੈ, ਉੱਥੇ ਹੀ ਚੀਨ ਨੂੰ ਇਸਰੋ ਦੀ ਇਹ ਸਫਲਤਾ ਹਜ਼ਮ ਨਹੀਂ ਹੋਈ| ਚੀਨ ਨੇ ਇਸਰੋ ਦੇ ਇਸ ਸਫਲ ਪ੍ਰੀਖਣ ਨੂੰ ਲੈ ਕੇ ਤਨਜ਼ ਕੱਸਿਆ ਹੈ| ਚੀਨੀ ਅਖਬਾਰ ਨੇ ਆਪਣੇ ਲੇਖ ਵਿੱਚ ਲਿਖਿਆ ਹੈ, ‘104 ਉਪਗ੍ਰਹਾਂ ਨੂੰ ਲਾਂਚ ਕਰਨਾ ਭਾਰਤ ਲਈ ਵੱਡੀ ਉਪਲੱਬਧੀ ਤਾਂ ਹੈ ਪਰ ਭਾਰਤ ਅਜੇ ਵੀ ਪੁਲਾੜ ਦੇ ਖੇਤਰ ਵਿਚ ਅਮਰੀਕਾ ਅਤੇ ਚੀਨ ਤੋਂ ਕਾਫੀ ਪਿੱਛੇ ਹੈ|’ ਲੇਖ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਲੋਂ ਪੁਲਾੜ ਸਟੇਸ਼ਨ ਲਈ ਕੋਈ ਵੀ ਯੋਜਨਾ ਨਹੀਂ ਹੈ, ਕਿਉਂਕਿ ਮੌਜੂਦਾ ਸਮੇਂ ਵਿਚ ਭਾਰਤ ਦਾ ਕੋਈ ਵੀ ਪੁਲਾੜ ਯਾਤਰੀ ਪੁਲਾੜ ਵਿੱਚ ਨਹੀਂ ਹੈ| ਚੀਨ ਵਲੋਂ ਇਸ ਗੱਲ ਨੂੰ ਸਾਫ ਕਰਨਾ ਸੀ ਕਿ ਚੀਨ ਦੇ ਦੋ ਪੁਲਾੜ ਯਾਤਰੀਆਂ ਨੇ ਪਿਛਲੇ ਸਾਲ 30 ਦਿਨ ਪੁਲਾੜ ਵਿੱਚ ਗੁਜ਼ਾਰੇ ਸਨ|
ਇੱਥੇ ਦੱਸ ਦੇਈਏ ਕਿ ਭਾਰਤ ਨੇ ਜਦੋਂ ਮੰਗਲਯਾਨ ਦਾ ਸਫਲ ਮਿਸ਼ਨ ਕੀਤਾ ਸੀ ਤਾਂ ਚੀਨੀ ਮੀਡੀਆ ਨੇ ਉਸ ਨੂੰ ਪੂਰੇ ਏਸ਼ੀਆ ਲਈ ਮਾਣ ਦੀ ਗੱਲ ਦੱਸਿਆ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਭਾਰਤ ਨਾਲ ਮਿਲ ਕੇ ਪੁਲਾੜ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦਾ ਹੈ| ਹੁਣ ਜਦੋਂ ਭਾਰਤ ਨੇ 104 ਉਪਗ੍ਰਿਹਾਂ ਦਾ ਇਕੱਠੇ ਸਫਲ ਪ੍ਰੀਖਣ ਕੀਤਾ ਹੈ ਤਾਂ ਚੀਨ ਨੂੰ ਭਾਰਤ ਦੀ ਇਹ ਸਫਲਤਾ ਹਜ਼ਮ ਨਹੀਂ ਹੋ ਰਹੀ ਹੈ| ਇਸਰੋ ਦੀ ਇਸ ਸਫਲਤਾ ਤੋਂ ਬਾਅਦ ਦੁਨੀਆ ਭਰ ਦੇ ਮੀਡੀਆ ਨੇ ਭਾਰਤ ਦੀਆਂ ਸਿਫਤਾਂ ਦੇ ਕਸੀਦੇ ਪੜ੍ਹੇ ਸਨ| ਜਿਕਰਯੋਗ ਹੈ ਕਿ ਬੁੱਧਵਾਰ ਨੂੰ ਭਾਰਤ ਨੇ 104 ਉਪਗ੍ਰਹਾਂ ਦਾ ਸਫਲ ਪ੍ਰੀਖਣ ਕੀਤਾ ਸੀ, ਇਨ੍ਹਾਂ ਵਿੱਚ 3 ਭਾਰਤੀ ਅਤੇ 101 ਵਿਦੇਸ਼ੀ ਉਪਗ੍ਰਹਿ ਸਨ|

Leave a Reply

Your email address will not be published. Required fields are marked *