ਚੀਨ ਨੇ ਪ੍ਰਦੂਸ਼ਣ ਦੇ ਖਾਤਮੇ ਲਈ ਖੜ੍ਹੇ ਕੀਤੇ ‘ਵਰਟੀਕਲ ਜੰਗਲ’ ਪਰ ਅਜੇ ਤੱਕ ‘ਜਿਸਤ-ਟਾਂਕ’ ਫਾਰਮੂਲੇ ਤੇ ਅਟਕਿਆ ਹੈ ਦਿੱਲੀ

ਬੀਜਿੰਗ, 8 ਫਰਵਰੀ (ਸ.ਬ.) ਪ੍ਰਦੂਸ਼ਣ ਦੇ ਖਾਤਮੇ ਲਈ ਜਿੱਥੇ ਭਾਰਤ ਦਾ ਦਿੱਲੀ ‘ਜਿਸਤ-ਟਾਂਕ’ ਫਾਰਮੂਲੇ ਤੇ ਹੀ ਅਟਕਿਆ ਪਿਆ ਹੈ ਅਤੇ ਉਸ ਤੇ ਵੀ ਵਿਵਾਦ ਹੋ ਰਿਹਾ ਹੈ, ਉੱਥੇ ਚੀਨ ਨੇ ਇਕ ਅਜਿਹਾ ਤਰੀਕਾ ਲੱਭ ਵੀ ਲਿਆ ਹੈ, ਜਿਸ ਨਾਲ ਉੱਥੋਂ ਦੀ ਹਵਾ ਕਈ ਗੁਣਾ ਜ਼ਿਆਦਾ ਸਾਫ ਅਤੇ ਸ਼ੁੱਧ ਹੋ ਜਾਵੇਗੀ| ਪੂਰੇ ਏਸ਼ੀਆ ਵਿਚ ਚੀਨ ਅਜਿਹਾ ਇਕਲੌਤਾ ਦੇਸ਼ ਬਣ ਗਿਆ ਹੈ, ਜਿੱਥੇ ‘ਵਰਟੀਕਲ’ ਯਾਨੀ ਕਿ ਖੜ੍ਹੇ ਜੰਗਲ ਬਣਾਏ ਗਏ ਹਨ| ਚੀਨ ਵਿੱਚ ਦੋ ਨਾਨਜਿੰਗ ਟਾਵਰ ਬਣਾਏ ਗਏ ਹਨ, ਜਿੱਥੇ ਹਰੇਕ ਮੰਜ਼ਿਲ ਤੇ ਦਰੱਖਤ ਲਗਾਏ ਗਏ ਹਨ| ਇਸ ਟਾਵਰ ਵਿੱਚ 3000 ਪੌਦੇ, 1000 ਦਰੱਖਤ, 2500 ਝਾੜੀਆਂ ਲਗਾਈਆਂ ਗਈਆਂ ਹਨ| ਇਹ ਟਾਵਰ ਹਰ ਦਿਨ 60 ਕਿਲੋ ਆਕਸੀਜਨ ਪੈਦਾ ਕਰਦਾ ਹੈ|
ਇਨ੍ਹਾਂ ਟਾਵਰਾਂ ਨੂੰ ਇਟਾਲੀਅਨ ਆਰਕੀਟੈਕਟ ਸਟੇਫੈਨੋ ਬੋਇਰੀ ਨੇ ਡਿਜ਼ਾਈਨ ਕੀਤਾ ਹੈ| ਬੋਇਰੀ ਇਸੇ ਤਰ੍ਹਾਂ ਦੇ ਦੋ ਟਾਵਰ ਇਟਲੀ ਦੇ ਮਿਲਾਨ ਵਿਚ ਵੀ ਬਣਾ ਚੁੱਕੇ ਹਨ| ਸਵਿਟਜ਼ਰਲੈਂਡ ਦੇ ਲੌਸੇਨ ਵਿਖੇ ਵੀ      ਛੇਤੀ ਹੀ ਇਸ ਤਰ੍ਹਾਂ ਦੇ ਟਾਵਰ ਬਣਾਏ ਜਾਣਗੇ| ਇਨ੍ਹਾਂ ਦੋਹਾਂ ਟਾਵਰਾਂ ਵਿੱਚੋਂ ਇਕ ਦੀ ਉੱਚਾਈ 656 ਫੁੱਟ ਅਤੇ ਦੂਜੇ ਦੀ ਉਚਾਈ 354 ਫੁੱਟ ਹੈ| ਵੱਡੇ ਟਾਵਰ ਵਿੱਚ ਘਰ, ਦਫਤਰ, ਮਿਊਜ਼ੀਅਮ, ਕਲੱਬ ਅਤੇ ਗ੍ਰੀਨ ਆਰਕੀਟੈਕਚਰ ਸਕੂਲ ਸਥਿਤ ਹੈ| ਛੋਟੇ ਟਾਵਰ ਵਿੱਚ ਇਕ ਹੋਟਲ ਹੈ, ਜਿਸ ਦੇ 247 ਕਮਰੇ ਹਨ ਅਤੇ ਇਸ ਟਾਵਰ ਦੀ ਛੱਤ ਤੇ ਪੂਲ ਹੈ| ਇਹ ਟਾਵਰ 2018 ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਅਤੇ ਇਨ੍ਹਾਂ ਦੀਆਂ ਬਾਲਕਨੀਆਂ ਤੋਂ ਇੱਥੇ ਰਹਿਣ ਵਾਲੇ ਲੋਕਾਂ ਨੂੰ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲੇਗਾ| ਅੱਜ ਦੀ ਦੁਨੀਆ ਵਿੱਚ ਜਿੱਥੇ ਆਸਮਾਨ ਛੂੰਹਦੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ, ਉੱਥੇ ਥੋੜ੍ਹੀ ਜਿਹੀ ਹੋਰ ਮਿਹਨਤ ਕਰਕੇ ਇਨ੍ਹਾਂ ਇਮਾਰਤਾਂ ਨੂੰ ਵਾਤਾਵਰਣ ਲਈ       ਲਾਹੇਵੰਦ ਵੀ ਬਣਾਇਆ ਜਾ ਸਕਦਾ ਹੈ| ਉਹ ਦਿਨ ਦੂਰ ਨਹੀਂ ਹੈ, ਜਦੋਂ ਇਸ ਤਰ੍ਹਾਂ ਦੀਆਂ ਇਮਾਰਤਾਂ ਦੇ ਸਿਰ ਤੇ ਚੀਨ ਪ੍ਰਦੂਸ਼ਣ ਨੂੰ ਮਾਤ ਦੇਣ ਵਿਚ ਵੀ ਬਾਕੀ ਦੇਸ਼ਾਂ ਤੋਂ ਅੱਗੇ ਨਿਕਲ ਜਾਵੇਗਾ|

Leave a Reply

Your email address will not be published. Required fields are marked *