ਚੀਨ ਨੇ ਮਿਲਾਈ ਪਾਕਿ ਦੇ ਸੁਰ ਵਿਚ ਸੁਰ, ਕਸ਼ਮੀਰ ਵਿਚ ਹਿੰਸਾ ਤੇ ਜਤਾਈ ਚਿੰਤਾ
ਬੀਜਿੰਗ, 19 ਜੁਲਾਈ (ਸ.ਬ.) ਭਾਰਤ ਵਿਚ ਨਾਰਾਜ਼ਗੀ ਪੈਦਾ ਕਰਨ ਵਾਲੇ ਬਿਆਨ ਵਿਚ ਚੀਨ ਨੇ ਕਿਹਾ ਹੈ ਕਿ ਉਹ ਕਸ਼ਮੀਰ ਵਿਚ ਹੋ ਰਹੇ ਝਗੜਿਆਂ ਵਿਚ ਲੋਕਾਂ ਦੇ ਮਾਰੇ ਜਾਣ ਤੇ ਚਿੰਤਤ ਹੈ ਅਤੇ ਉਹ ਉਮੀਦ ਕਰਦਾ ਹੈ ਕਿ ਹਾਲਾਤ ਨੂੰ ਸਹੀ ਢੰਗ ਨਾਲ ਸੰਭਾਲਿਆ ਜਾਵੇਗਾ| ਪ੍ਰਾਪਤ ਜਾਣਕਾਰੀ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੂੰ ਕਿਹਾ ਹੈ ਕਿ ਚੀਨ ਨੇ ਕਸ਼ਮੀਰ ਝਗੜੇ ਨਾਲ ਸੰੰਬੰਧਿਤ ਖਬਰਾਂ ਦੀ ਜਾਣਕਾਰੀ ਲਈ ਹੈ| ਅਸੀਂ ਝਗੜਿਆਂ ਵਿਚ ਲੋਕਾਂ ਦੇ ਮਾਰੇ ਜਾਣ ਕਾਰਨ ਚਿੰਤਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਸ ਘਟਨਾ ਨੂੰ ਸਹੀ ਢੰਗ ਨਾਲ ਸੰਭਾਲਿਆ ਜਾਵੇਗਾ| ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦਾ ਇਤਿਹਾਸ ਨਾਲ ਜੁੜਿਆ ਹੋਇਆ ਹੈ| ਚੀਨ ਨੇ ਉਮੀਦ ਕਰਦਾ ਹੈ ਕਿ ਸੰਬੰਧਿਤ ਪੱਖ ਸ਼ਾਂਤੀਪੂਰਨ ਢੰਗ ਨਾਲ ਇਸ ਮੁੱਦੇ ਦਾ ਹੱਲ ਕੱਢਣਗੇ| ਲੂ ਦਾ ਬਿਆਨ ਜਾਣਕਾਰਾਂ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਜੰਮੂ-ਕਸ਼ਮੀਰ ਵਿਚ ਕਿਸੇ ਵੀ ਘਟਨਾਕ੍ਰਮ ਤੇ ਚੀਨ ਬਹੁਤ ਘੱਟ ਟਿੱਪਣੀ ਕਰਦਾ ਹੈ| ਇਸ ਤੋਂ ਪਹਿਲਾਂ ਅੱਤਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਪਾਕਿਸਤਾਨ ਨੇ ਵੀ ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ| ਇਸ ਤੇ ਭਾਰਤ ਨੇ ਉਸ ਦੀ ਸਖਤ ਨਿੰਦਾ ਵੀ ਕੀਤੀ ਸੀ| ਦੱਸਣਯੋਗ ਹੈ ਕਿ ਬੀਤੀ 8 ਜੁਲਾਈ ਨੂੰ ਹਿਜ਼ਬੁਲ ਮੁਜ਼ਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਵਿਚ ਪ੍ਰਦਰਸ਼ਨ ਕਾਰੀਆਂ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਹਿੰਸਕ ਝਗੜੇ ਹੋਏ ਸਨ, ਜਿਸ ਵਿਚ 39 ਵਿਅਕਤੀਆਂ ਦੀ ਮੌਤ ਹੋ ਗਈ ਸੀ|