ਚੀਨ ਨੇ ਰੱਖਿਆ ਬਜਟ ਵਿਚ ਕੀਤਾ 8.1 ਫੀਸਦੀ ਵਾਧਾ

ਬੀਜਿੰਗ, 5 ਮਾਰਚ (ਸ.ਬ.) ਚੀਨ ਨੇ ਇਸ ਸਾਲ ਆਪਣਾ ਰੱਖਿਆ ਬਜਟ ਵਧਾਉਣ ਦਾ ਐਲਾਨ ਕੀਤਾ ਹੈ| ਇਸ ਬਜਟ ਵਿਚ ਬੀਤੇ ਸਾਲ ਦੀ ਤੁਲਨਾ ਵਿਚ 8.1 ਫੀਸਦੀ ਵਾਧਾ ਕੀਤਾ ਗਿਆ ਹੈ| ਹੁਣ ਚੀਨ ਦਾ ਸਾਲਾਨਾ ਰੱਖਿਆ ਬਜਟ 175 ਬਿਲੀਅਨ ਅਮਰੀਕੀ ਡਾਲਰ ਹੋਵੇਗਾ| ਇਹ ਭਾਰਤ ਦੇ ਰੱਖਿਆ ਬਜਟ ਤੋਂ ਤਿੰਨ ਗੁਣਾ ਜ਼ਿਆਦਾ ਹੈ| ਪੂਰੀ ਦੁਨੀਆ ਵਿਚ ਰੱਖਿਆ ਬਜਟ ਤੇ ਸਭ ਤੋਂ ਜ਼ਿਆਦਾ ਖਰਚ ਅਮਰੀਕਾ ਕਰਦਾ ਹੈ| ਅਮਰੀਕਾ ਦਾ ਰੱਖਿਆ ਬਜਟ 602.8 ਅਰਬ ਡਾਲਰ ਹੈ| ਇਸ ਮਗਰੋਂ ਚੀਨ ਦਾ ਨੰਬਰ ਆਉਂਦਾ ਹੈ| ਚੀਨ ਦਾ ਰੱਖਿਆ ਬਜਟ ਅਮਰੀਕਾ ਦੇ ਮੁਕਾਬਲੇ ਚਾਰ ਗੁਣਾ ਘੱਟ ਹੈ|
ਭਾਰਤ ਸਰਕਾਰ ਨੇ ਇਸ ਵਾਰੀ ਸਾਲ 2018-19 ਵਿਚ ਰੱਖਿਆ ਬਜਟ ਲਈ 2.95 ਲੱਖ ਕਰੋੜ ਰੁਪਏ ਨਿਰਧਾਰਿਤ ਕੀਤੇ ਹਨ, ਜੋ ਬੀਤੇ ਸਾਲ ਦੀ ਤੁਲਨਾ ਵਿਚ 7.81 ਫੀਸਦੀ ਜ਼ਿਆਦਾ ਹੈ| ਚੀਨ ਦਾ ਬੀਤੇ ਸਾਲ ਦਾ ਰੱਖਿਆ ਬਜਟ 150.5 ਅਰਬ ਡਾਲਰ ਦਾ ਸੀ| ਜਾਣਕਾਰੀ ਮੁਤਾਬਕ ਚੀਨ ਦਾ ਇਸ ਵਾਰੀ ਦਾ ਬਜਟ ਕਾਫੀ ਜ਼ਿਆਦਾ ਹੈ| ਹਾਲ ਹੀ ਦੇ ਦਿਨਾਂ ਵਿਚ ਚੀਨ ਨੇ ਆਪਣਾ ਰੱਖਿਆ ਬਜਟ ਰਾਸ਼ਟਰੀ ਆਰਥਿਕ ਉਤਪਾਦਨ ਮੁਤਾਬਕ ਰੱਖਿਆ ਹੈ| ਐਨ. ਪੀ. ਸੀ. ਦੇ ਬੁਲਾਰਾ ਝਾਂਗ ਯੇਸੁਈ ਨੇ ਮੀਡੀਆ ਨੂੰ ਦੱਸਿਆ ਕਿ ਚੀਨ ਦਾ ਰੱਖਿਆ ਬਜਟ ਉਨ੍ਹਾਂ ਦੀ ਜੀ. ਡੀ. ਪੀ. ਦਾ ਇਕ ਛੋਟਾ ਹਿੱਸਾ ਹੈ|

Leave a Reply

Your email address will not be published. Required fields are marked *