ਚੀਨ ਵਿੱਚ ਖਿਸਕਿਆ ਪਹਾੜ, ਮਲਬੇ ਹੇਠਾਂ 100 ਵਿਅਕਤੀ ਦੱਬ

ਬੀਜਿੰਗ, 24 ਜੂਨ (ਸ.ਬ.) ਚੀਨ ਦੇ ਦੱਖਣੀ-ਪੱਛਮੀ ਸਿਚੁਆਨ ਸੂਬੇ ਦੇ ਪਿੰਡ ਵਿੱਚ ਅੱਜ ਤੜਕੇ ਪਹਾੜ ਦੇ ਖਿਸਕਣ ਕਾਰਨ ਇਕ ਪਿੰਡ ਦੇ 40 ਘਰ ਮਲਬੇ ਹੇਠਾਂ ਆ ਗਏ| ਮਲਬੇ ਹੇਠਾਂ 100 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ| ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਐਮਰਜੈਂਸੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ| ਸਰਕਾਰ ਦੇ ਬਿਆਨ ਅਨੁਸਾਰ ਪਹਾੜ ਦਾ ਇਕ ਹਿੱਸਾ ਖਿਸਕਣ ਤੋਂ ਬਾਅਦ ਮਲਬਾ ਡਿੱਗਿਆ ਅਤੇ ਪਿੰਡ ਦੇ 40 ਮਕਾਨ ਉਸ ਹੇਠਾਂ ਦੱਬ ਗਏ| ਇਸ ਨਾਲ ਨਦੀ ਦਾ 2 ਕਿਲੋਮੀਟਰ ਦਾ ਹਿੱਸਾ ਵੀ ਮਲਬੇ ਨਾਲ ਭਰ ਗਿਆ| ਇਸ ਕੁਦਰਤੀ ਆਫਤ ਨੂੰ ਲੈ ਕੇ ਅਜੇ ਤੱਕ ਹਾਲਾਤ ਪੂਰੀ ਤਰ੍ਹਾਂ ਸਾਫ ਨਹੀਂ ਹਨ| ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 6 ਵਜੇ ਵਾਪਰਿਆ|  ਖਬਰ ਲਿਖੇ ਜਾਣ ਤੱਕ 500 ਤੋਂ ਜ਼ਿਆਦਾ ਬਚਾਅ ਕਰਮੀ ਮੌਕੇ ਤੇ ਮੌਜੂਦ ਸਨ| ਬਚਾਅ ਕਰਮੀ ਰੱਸੀਆਂ ਅਤੇ ਬੁਲਡੋਜ਼ਰ ਦੇ ਸਹਾਰੇ ਪੱਥਰਾਂ ਨੂੰ ਹਟਾਉਣ ਦਾ ਕੰਮ ਕਰ ਰਹੇ ਸਨ| ਸਥਾਨਕ ਪੁਲੀਸ ਕਪਤਾਨ ਚੇਨ ਤਾਈਬੋ ਨੇ ਦੱਸਿਆ ਕਿ ਇੱਥੇ ਕਈ ਟਨ ਪੱਥਰ ਪਿਆ ਹੈ| ਇਸ ਨੂੰ ਹਟਾਉਣ ਲਈ ਕਾਫੀ ਸਮਾਂ ਲੱਗੇਗਾ| ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਇਹ ਘਟਨਾ ਵਾਪਰੀ| ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਚ ਵੀ ਜ਼ਮੀਨ ਖਿਸਕਣ ਕਰਕੇ ਮਲਬੇ ਹੇਠਾਂ ਆਉਣ ਕਾਰਨ 163 ਵਿਅਕਤੀਆਂ  ਦੀ ਮੌਤ ਹੋ ਗਈ ਸੀ| ਸਰਕਾਰ ਨੇ ਇਸ ਨੂੰ ਇਤਿਹਾਸ ਦਾ ਸਭ ਤੋਂ ਭਿਆਨਕ ਲੈਂਡਸਲਾਈਡਿੰਗ ਦੀ ਘਟਨਾ ਕਰਾਰ ਦਿੱਤਾ ਹੈ|

Leave a Reply

Your email address will not be published. Required fields are marked *