ਚੀਨ ਵਿੱਚ ਹੜ੍ਹ ਕਾਰਨ 34 ਵਿਅਕਤੀਆਂ ਦੀ ਮੌਤ, ਕਈ ਲਾਪਤਾ

ਬੀਜਿੰਗ, 26 ਜੂਨ (ਸ.ਬ.) ਚੀਨ ਦੇ ਦੱਖਣੀ-ਪੱਛਮੀ ਇਲਾਕੇ ਵਿੱਚ ਲਗਾਤਾਰ ਪਏ ਮੀਂਹ ਕਾਰਨ ਆਏ ਹੜ੍ਹ ਵਿੱਚ ਘੱਟੋ-ਘੱਟ 34  ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਜ਼ਮੀਨ ਖਿਸਕਣ ਕਾਰਨ 93 ਹੋਰ  ਲਾਪਤਾ ਹੋ ਗਏ| ਜ਼ਮੀਨ ਖਿਸਕਣ ਕਾਰਨ ਸਾਢੇ ਚਾਰ ਲੱਖ ਤੋਂ ਵਧ ਵਿਅਕਤੀਆਂ ਨੂੰ ਕੱਢ ਕੇ ਸੁਰੱਖਿਅਤ ਥਾਂਵਾਂ ਤੇ ਲੈ ਜਾਣਾ ਪਿਆ| ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ-ਪੱਛਮੀ ਚੀਨ ਦੇ ਸਿਚੁਆਨ ਸੂਬੇ ਵਿੱਚ 3,000 ਤੋਂ ਵਧ ਬਚਾਅ ਕਰਮਚਾਰੀ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਹੋਏ 93 ਵਿਅਕਤੀਆਂ ਨੂੰ ਭਾਲ ਰਹੇ ਹਨ| ਇਨ੍ਹਾਂ ਲੋਕਾਂ ਦੇ ਚੱਟਾਨਾਂ ਅਤੇ ਮਿੱਟੀ ਦੇ ਹੇਠਾਂ ਦੱਬੇ ਹੋਣ ਦੀ ਖਦਸ਼ਾ ਹੈ|
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਤਿੱਬਤੀ ਅਤੇ ਕਿਯਾਂਗ ਖੁਦਮੁਖਤਿਆਰ ਸੂਬੇ ਅਬਾ ਦੀ ਮਾਓਕਿਸਅਨ ਕਾਊਂਟੀ ਦੇ ਜਿਨੋ ਪਿੰਡ ਵਿੱਚ 62 ਘਰ ਤਬਾਹ ਹੋ ਗਏ| ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਇਕ ਪਰਿਵਾਰ ਦੇ ਸਿਰਫ ਤਿੰਨ ਵਿਅਕਤੀਆਂ ਨੂੰ ਬਚਾਇਆ ਜਾ ਸਕਿਆ, ਜਦਕਿ ਲਾਪਤਾ ਹੋਏ ਵਿਅਕਤੀਆਂ ਦੇ ਬਚੇ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ| ਇਸ ਤੋਂ ਇਲਾਵਾ ਜਿਆਂਗਸੀ ਸੂਬੇ, ਗੁਈਝੇਉ, ਹੁਨਾਨ ਅਤੇ ਅਨਹੁਈ ਸੂਬੇ ਵਿਚ ਜ਼ਮੀਨ ਖਿਸਕਣ ਕਾਰਨ 22  ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 6 ਲਾਪਤਾ ਹੋ ਗਏ| ਸੂਬੇ ਦੇ ਹੜ੍ਹ ਕੰਟਰੋਲ ਅਧਿਕਾਰੀਆਂ ਨੇ ਦੱਸਿਆ ਕਿ ਪੈ ਰਹੇ ਮੀਂਹ ਕਾਰਨ ਯਾਂਗਸ਼ੀ ਸੂਬੇ ਵਿੱਚ ਤਕਰੀਬਨ 18 ਲੱਖ ਲੋਕ ਪ੍ਰਭਾਵਿਤ ਹੋਏ| ਮੌਸਮ ਸੰਬੰਧੀ ਅਨੁਮਾਨ ਮੁਤਾਬਕ ਅੱਜ ਮੀਂਹ ਘੱਟ ਪੈ ਸਕਦਾ ਹੈ ਪਰ ਹਫਤੇ ਦੇ ਅਖੀਰ ਵਿਚ ਇਹ ਫਿਰ ਤੋਂ ਜ਼ੋਰ ਫੜ ਸਕਦਾ ਹੈ|

Leave a Reply

Your email address will not be published. Required fields are marked *