ਚੁਣੌਤੀਆਂ ਭਰਪੂਰ ਹੋਵੇਗਾ ਨੀਤੀਸ਼ ਸਰਕਾਰ ਦਾ ਚੌਥਾ ਕਾਰਜਕਾਲ


ਨੀਤੀਸ਼ ਕੁਮਾਰ ਨੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ| ਇਸਦੇ ਨਾਲ ਹੀ ਉਨ੍ਹਾਂ ਦੀ ਲਗਾਤਾਰ ਚੌਥੀ ਪਾਰੀ ਸ਼ੁਰੂ ਹੋ ਗਈ ਹੈ| ਬਹਿਰਹਾਲ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਇੱਕ ਤਰ੍ਹਾਂ ਨਾਲ ਇਸਦਾ ਵੀ ਪ੍ਰਦਰਸ਼ਨ ਹੋ ਰਿਹਾ ਸੀ ਕਿ ਨੀਤੀਸ਼ ਕੁਮਾਰ ਲਈ ਚੌਥੀ ਪਾਰੀ, ਕਾਫੀ ਚੁਣੌਤੀਆਂ ਭਰੀ ਸਾਬਿਤ ਹੋਣ ਜਾ ਰਹੀ ਹੈ| ਇਨ੍ਹਾਂ ਚੁਣੌਤੀਆਂ ਦੇ ਬਾਹਰੀ ਪੱਖ ਨੂੰ ਦਰਸਾਉਂਦੇ ਹੋਏ, ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ, ਰਾਸ਼ਟਰੀ ਜਨਤਾ ਦਲ ਨੇ ਨੀਤੀਸ਼ ਦੀ ਅਗਵਾਈ ਵਾਲੇ ਐਨਡੀਏ ਦੇ ਜਨਾਦੇਸ਼ ਨੂੰ ਹੀ ਚੁਣੌਤੀ ਦਿੰਦਿਆਂ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ| ਇਸ ਨਾਲ ਅੰਦਾਜਾ ਲੱਗ ਜਾਂਦਾ ਹੈ ਕਿ ਪਿਛਲੀ ਵਾਰ ਦੇ ਉਲਟ, ਇਸ ਵਾਰ ਸੱਤਾਧਾਰੀ ਗਠਜੋੜ ਨੂੰ ਹਮਲਾਵਰ ਵਿਰੋਧੀ ਦਲ ਦੀਆਂ ਸਖਤ ਚੁਣੌਤੀਆਂ ਦਾ ਸਾਮਣਾ ਕਰਨਾ ਪਵੇਗਾ| ਇਨ੍ਹਾਂ ਚੁਣੌਤੀਆਂ ਦੀ ਗੰਭੀਰਤਾ ਇਸ ਸੱਚਾਈ ਤੋਂ ਹੋਰ ਵੀ ਵੱਧ ਜਾਂਦੀ ਹੈ ਕਿ ਸੱਤਾਧਾਰੀ ਗਠਜੋੜ ਨੂੰ ਵਿਧਾਨਸਭਾ ਵਿੱਚ, ਬਹੁਮਤ ਤੋਂ ਸਿਰਫ ਤਿੰਨ ਸੀਟਾਂ ਜ਼ਿਆਦਾ ਮਿਲੀਆਂ ਹਨ| ਇਸਦੇ ਉੱਤੋਂ ਉਸਦਾ ਬਹੁਮਤ ਵੀਆਈਪੀ ਵਰਗੀਆਂ ਪਾਰਟੀਆਂ ਦੇ ਅੱਠ ਵਿਧਾਇਕਾਂ ਦੇ ਆਸਰੇ ਹੈ, ਜਿਨ੍ਹਾਂ ਨੇ ਆਪਣੇ ਬਨਣ ਤੋਂ ਬਾਅਦ ਕੁਝ ਸਾਲਾਂ ਵਿੱਚ ਹੀ ਇੱਕ ਤੋਂ ਜ਼ਿਆਦਾ ਵਾਰ ਪਾਲੇ ਬਦਲੇ ਹਨ| ਚੁਣੌਤੀਆਂ ਦਾ ਦੂਜਾ ਪੱਖ ਅੰਦਰੂਨੀ ਹੈ ਅਤੇ ਇਸਦੀ ਵੀ ਇੱਕ ਝਲਕ ਨੀਤੀਸ਼ ਕੁਮਾਰ ਦੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਹੀ ਦਿਖਾਈ ਦਿੱਤੀ ਗਈ| ਨੀਤੀਸ਼ ਕੁਮਾਰ ਦੇ ਨਾਲ ਸਹੁੰ  ਚੁੱਕਣ ਵਾਲੇ 14 ਮੰਤਰੀਆਂ ਵਿੱਚ ਦੋ-ਦੋ ਉਪ ਮੁੱਖ ਮੰਤਰੀ ਸ਼ਾਮਿਲ ਸਨ-ਤਾਰ ਕਿਸ਼ੋਰ ਪ੍ਰਸਾਦ ਅਤੇ ਰੇਣੁ ਦੇਵੀ| ਓਨਾ ਹੀ ਮਹਤੱਵਪੂਰਣ ਇਹ ਕਿ ਭਾਜਪਾ ਦੇ ਨਾਲ ਨੀਤੀਸ਼ ਕੁਮਾਰ ਦੇ ਗਠਜੋੜ ਵਿੱਚ ਹੁਣ ਤੱਕ ਲਗਾਤਾਰ ਉਪ ਮੁੱਖ ਮੰਤਰੀ ਅਹੁਦਾ ਸੰਭਾਲਦੇ ਆਏ ਸੁਸ਼ੀਲ ਮੋਦੀ ਨੂੰ ਗਠਜੋੜ ਸਰਕਾਰ ਤੋਂ ਹੀ ਨਹੀਂ, ਸ਼ਾਇਦ ਬਿਹਾਰ ਦੀ ਰਾਜਨੀਤੀ ਤੋਂ ਵੀ ਪਦਉੱਨਤੀ ਦੇ ਕੇ ਹਟਾਉਣ ਦੀ ਗੱਲ ਹੈ| ਭਾਜਪਾ ਵਲੋਂ ਦੋ-ਦੋ ਉਪ ਮੁੱਖ ਮੰਤਰੀ ਬਣਾਏ ਜਾਣ ਅਤੇ ਭਾਜਪਾ ਦੇ ਸਪੀਕਰ  ਦੇ ਅਹੁਦੇ ਤੇ ਦਾਅਵਾ ਕੀਤੇ ਜਾਣ ਵਿੱਚ ਇਸਦੇ ਸਪੱਸ਼ਟ ਸੰਕੇਤ ਲੁਕੇ ਹੋਏ ਹਨ ਕਿ ਨੀਤੀਸ਼ ਕੁਮਾਰ ਬੇਸ਼ੱਕ ਹੀ ਮੁੱਖ ਮੰਤਰੀ ਅਹੁਦੇ ਤੇ ਰਹਿਣ, ਕੁੱਲ ਮਿਲਾ ਕੇ ਗਠਜੋੜ ਸਰਕਾਰ ਦੀ ਅਗਵਾਈ ਵਿੱਚ ਭਾਜਪਾ, ਵਿਧਾਨਸਭਾ ਵਿੱਚ ਬਦਲੇ ਹੋਏ ਸ਼ਕਤੀ ਸੰਤੁਲਨ ਦੇ ਸਮਾਨ, ਆਪਣਾ ਪੱਖ ਭਾਰੀ ਰਹਿਣਾ ਯਕੀਨੀ ਕਰੇਗੀ| ਇਸ ਦੇ ਦਬਾਅ ਵਿੱਚ ਸੁਸ਼ੀਲ ਮੋਦੀ ਦੀ ਥਾਂ ਲੈਣ ਵਾਲੇ  ਨਵੇਂ ਉਪ-ਮੁੱਖ ਮੰਤਰੀਆਂ ਦੇ ਨਾਲ ਤਾਲਮੇਲ ਬਨਾਉਣਾ ਨੀਤੀਸ਼ ਕੁਮਾਰ ਲਈ ਆਸਾਨ ਨਹੀਂ ਹੋਵੇਗਾ| ਦੂਜੇ ਪਾਸੇ ਉਨ੍ਹਾਂ ਨੂੰ ਖਾਸ ਤੌਰ ਤੇ ਰੋਜਗਾਰ ਵਰਗੇ ਜਨਹਿਤ ਦੇ ਮੁੱਦਿਆਂ ਤੇ ਨੀਤੀਸ਼ ਕੁਮਾਰ ਨੂੰ ਠੋਸ ਨਤੀਜੇ ਲਿਆ ਕੇ ਦਿਖਾਉਣੇ ਪੈਣਗੇ| ਇਸ ਚੋਣ ਵਿੱਚ ਜਿਸ ਤਰ੍ਹਾਂ ਰੋਜਗਾਰ ਦੇ ਮੁੱਦੇ ਨੇ ਕੇਂਦਰੀਅਤਾ ਹਾਸਿਲ ਕੀਤੀ ਹੈ ਅਤੇ ਮਹਾਂਗਠਜੋੜ ਦੇ ਦਸ ਲੱਖ ਨੌਕਰੀਆਂ ਦੇ ਵਾਅਦੇ ਦੇ ਮੁਕਾਬਲੇ ਵਿੱਚ ਭਾਜਪਾ ਨੇ 19 ਲੱਖ ਲੋਕਾਂ ਨੂੰ ਕੰਮ ਦਿਵਾਉਣ ਦਾ ਵਾਅਦਾ ਕੀਤਾ ਹੈ, ਉਸ ਨਾਲ ਚੌਥੀ ਪਾਰੀ ਵਿੱਚ ਨੀਤੀਸ਼ ਦੀਆਂ ਮੁਸ਼ਕਿਲਾਂ ਹੋਰ ਜ਼ਿਆਦਾ ਵੱਧਣ ਵਾਲੀਆਂ ਹਨ|
ਰੋਹਿਤ ਕੁਮਾਰ

Leave a Reply

Your email address will not be published. Required fields are marked *