ਚੋਣਾਂ ਤੋਂ ਪਹਿਲਾਂ ਕੀਤੇ ਵਾਇਦਿਆਂ ਨੂੰ ਪੂਰਾ ਨਾ ਕਰਨ ਕਾਰਨ ਫਿੱਕੀ ਹੋਈ ਮੋਦੀ ਸਰਕਾਰ ਦੀ ਚਮਕ

ਚਾਰ ਸਾਲ ਪਹਿਲਾਂ (ਮਈ 2014 ਵਿੱਚ) ਹੋਈਆਂ ਲੋਕਸਭਾ ਚੋਣਾਂ ਵੇਲੇ ਦੇਸ਼ ਦੀ ਜਨਤਾ ਨੇ ਭਾਜਪਾ ਦੇ ਮੁੱਖ ਪ੍ਰਚਾਰਕ ਸ੍ਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਚੋਣ ਵਾਇਦਿਆਂ ਤੇ ਭਰੋਸਾ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਨਾ ਸਿਰਫ ਜਬਰਦਸਤ ਸਮਰਥਨ ਦਿੱਤਾ ਸੀ ਬਲਕਿ ਉਸਨੂੰ ਇਸ ਹਾਲਤ ਵਿੱਚ ਪਹੁੰਚਾ ਦਿੱਤਾ ਸੀ ਕਿ ਉਸਨੇ ਆਪਣੇ ਦਮ ਤੇ ਸਰਕਾਰ ਬਣਾਉਣ ਜੋਗੀਆਂ ਸੀਟਾਂ ਹਾਸਿਲ ਕਰ ਲਈਆਂ ਸਨ ਅਤੇ ਦੇਸ਼ ਵਿੱਚ ਇੱਕ ਸਥਿਰ ਸਰਕਾਰ ਦੀ ਹੋਂਦ ਦਾ ਮੁੱਢ ਬੰਨਿਆ ਗਿਆ ਸੀ| ਪਰੰਤੂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਕੇਂਦਰ ਦੀ ਸੱਤਾ ਸੰਭਾਲਣ ਵਾਲੀ ਐਨ ਡੀ ਏ ਸਰਕਾਰ ਦੇਸ਼ ਵਾਸੀਆਂ ਦੀਆਂ ਆਸਾਂ ਤੇ ਖਰੀ ਉਤਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਅਤੇ ਜਿਵੇਂ ਜਿਵੇਂ ਇਸ ਸਰਕਾਰ ਦਾ ਕਾਰਜਕਾਲ ਅੱਗੇ ਵੱਧਦਾ ਰਿਹਾ ਹੈ ਇਸਦੀ ਚਮਕ ਵੀ ਫਿੱਕੀ ਹੁੰਦੀ ਗਈ ਹੈ| ਆਪਣੇ ਕਾਰਜਕਾਲ ਦੇ ਖਾਤਮੇ ਦੇ ਦਰਵਾਜੇ ਤੇ ਪਹੁੰਚ ਚੁੱਕੀ ਇਸ ਸਰਕਾਰ ਦੀ ਕਾਰਗੁਜਾਰੀ ਵੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਰਹਿੰਦੀ ਆਈ ਹੈ ਅਤੇ ਜਨਤਾ ਨੂੰ ਹੁਣ ਇਹ ਲੱਗਣ ਲੱਗ ਗਿਆ ਹੈ ਕਿ ਉਸਦੇ ਅੱਛੇ ਦਿਨ ਲਿਆਉਣ ਦਾ ਵਾਇਦਾ ਕਰਕੇ ਉਹਨਾਂ ਦੀਆਂ ਵੋਟਾਂ ਹਾਸਿਲ ਕਰਨ ਅਤੇ ਦੇਸ਼ ਦੀ ਸੱਤਾ ਦੀ ਵਾਗਡੋਰ ਸੰਭਾਲਣ ਵਾਲੇ ਸ੍ਰੀ ਨਰਿੰਦਰ ਮੋਦੀ ਦੇ ਵਾਇਦੇ ਸਿਰਫ ਚੋਣ ਪ੍ਰਚਾਰ ਲਈ ਹੀ ਵਜੂਦ ਵਿੱਚ ਆਏ ਸਨ ਜਿਹਨਾਂ ਦਾ ਵਜੂਦ ਚੋਣਾਂ ਦਾ ਅਮਲ ਖਤਮ ਹੋਣ ਦੇ ਨਾਲ ਹੀ ਮੁੱਕ ਗਿਆ ਸੀ|
ਪਿਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਦੇਸ਼ ਦੀ ਜਨਤਾ ਨੂੰ ਕਈ ਤਰ੍ਹਾਂ ਦੇ ਸਬਜਬਾਗ ਵਿਖਾਏ ਗਏ ਸਨ ਅਤੇ ਦਾਅਵੇ ਕੀਤੇ ਗਏ ਸਨ ਕਿ ਨਵੀਂ ਸਰਕਾਰ ਦੇ ਹੋਂਦ ਵਿੱਚ ਆਉਂਦੇ ਸਾਰ ਜਨਤਾ ਦੀਆਂ ਤਮਾਮ ਮੁਸ਼ਕਿਲਾਂ ਤੁਰਤ ਫੁਰਤ ਵਿੱਚ ਹਲ ਹੋ ਜਾਣਗੀਆਂ ਪਰੰਤੂ (ਸਰਕਾਰ ਦੀ ਪਿਛਲੇ ਚਾਰ ਸਾਲਾਂ ਦੀ ਕਾਰਗੁਜਾਰੀ ਨਾਲ) ਇਹ ਸਾਰਾ ਕੁੱਝ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦਾ ਬੜਬੋਲਾਪਨ ਹੀ ਸਾਬਿਤ ਹੋਇਆ ਹੈ| ਜੇਕਰ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੇ ਹੁਣ ਤਕ ਦੇ ਕਾਰਜਕਾਲ ਉੱਪਰ ਨਜਰ ਮਾਰੀ ਜਾਵੇ ਤਾਂ ਇਸ ਦੌਰਾਨ ਅਜਿਹਾ ਕੁੱਝ ਵੀ ਨਹੀਂ ਹੋਇਆ ਹੈ ਜਿਸ ਨਾਲ ਆਮ ਲੋਕਾਂ ਨੂੰ ਇਹ ਲੱਗਦਾ ਹੋਵੇ ਕਿ ਇਸ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਉਸਦੇ ਜੀਵਨ ਪੱਧਰ ਵਿੱਚ ਕੋਈ ਸੁਧਾਰ ਹੋਇਆ ਹੈ| ਨਾਂ ਤਾਂ ਇਸ ਦੌਰਾਨ ਲੋਕਾਂ ਨੂੰ ਮਹਿੰਗਾਈ ਤੋਂ ਕਿਸੇ ਕਿਸਮ ਦੀ ਕੋਈ ਰਾਹਤ ਮਿਲੀ ਹੈ ਅਤੇ ਨਾ ਹੀ ਸਰਕਾਰੇ ਦਰਬਾਰੇ ਆਮ ਲੋਕਾਂ ਦੀ ਕਿਤੇ ਕੋਈ ਸੁਣਵਾਈ ਹੁੰਦੀ ਹੈ| ਉਲਟਾ ਜਨਤਾ ਨੂੰ ਵਿਕਾਸ ਦੇ ਲੰਬੇ ਚੌੜੇ ਸੁਫਨੇ ਵਿਖਾ ਕੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਵਾਲੀ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਸੁਰ ਵੀ ਹੁਣ ਬਦਲ ਚੁੱਕੀ ਹੈ|
ਹੋਰ ਤਾਂ ਹੋਰ ਲੋਕਸਭਾ ਚੋਣਾਂ ਦੌਰਾਨ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਦਹਾੜਣ ਵਾਲੇ ਸ੍ਰੀ ਮੋਦੀ ਵਲੋਂ ਆਪਣੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਦੇ ਮੰਤਰੀਆਂ, ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਉੱਪਰ ਲਗਣ ਵਾਲੇ ਇਲਜਾਮਾਂ ਸੰਬੰਧੀ ਧਾਰੀ ਚੁੱਪੀ ਨੇ ਵੀ ਆਮ ਜਨਤਾ ਵਿੱਚ ਸਰਕਾਰ ਦੀ ਭਰੋਸੇਯੋਗਤਾ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ| ਇਸ ਮੁੱਦੇ ਤੇ ਵਿਰੋਧੀ ਧਿਰ ਵਲੋਂ ਸਵਾਲ ਪੁੱਛੇ ਜਾਣ ਦੇ ਬਾਵਜੂਦ ਸਰਕਾਰ ਵਲੋਂ ਹੁਣ ਤਕ ਅੜੀਅਲ ਰੁੱਖ ਹੀ ਅਖਤਿਆਰ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਕਾਰਨ ਵੀ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠੇ ਹਨ|
ਪਰੰਤੂ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹਨਾਂ ਲਈ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖਣਾ ਬਹੁਤ ਜਰੂਰੀ ਹੈ ਵਰਨਾ ਦੇਸ਼ ਦੀ ਜਨਤਾ ਦਾ ਮੂਡ ਕਦੋਂ ਬਦਲ ਜਾਏਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਭਾਜਪਾ ਵਲੋਂ ਜਨਤਾ ਨੂੰ ਜਿਹੜੇ ਸਬਜਬਾਗ ਵਿਖਾ ਕੇ ਦੇਸ਼ ਦੀ ਸੱਤਾ ਹਾਸਿਲ ਕੀਤੀ ਗਈ ਹੈ ਉਹਨਾਂ ਨੂੰ ਪੂਰਾ ਕਰਨ ਦੀ ਥਾਂ ਖੋਖਲੀ ਬਿਆਨਬਾਜੀ ਨਾਲ ਕੰਮ ਨਹੀਂ ਚਲਣਾ ਬਲਕਿ ਇਸ ਸੰਬੰਧੀ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨੀ ਹੀ ਪੈਣੀ ਹੈ| ਹਾਲਾਂਕਿ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਸ੍ਰੀ ਨਰਿੰਦਰ ਮੋਦੀ ਤੋਂ ਦੇਸ਼ ਦੀ ਜਨਤਾ ਦਾ ਮੁਕੰਮਲ ਮੋਹ ਭੰਗ ਹੋ ਗਿਆ ਹੈ ਪਰੰਤੂ ਇੰਨਾ ਜਰੂਰ ਹੈ ਕਿ ਜਨਤਾ ਵਿੱਚ ਮੋਦੀ ਸਰਕਾਰ ਦੀ ਚਮਕ ਫਿੱਕੀ ਜਰੂਰ ਪੈ ਗਈ ਹੈ ਅਤੇ ਜਨਤਾ ਦਾ ਭਰੋਸਾ ਕਾਇਮ ਰੱਖਣ ਲਈ ਮੋਦੀ ਸਰਕਾਰ ਨੂੰ ਆਪਣੀ ਕਾਰਗੁਜਾਰੀ ਵਿੱਚ ਸੁਧਾਰ ਕਰਨਾ ਹੀ ਪੈਣਾ ਹੈ|

Leave a Reply

Your email address will not be published. Required fields are marked *