ਚੋਣਾਂ ਦੇ ਇਸ ਰੌਲੇ ਗੌਲੇ ਉਪੰਰਤ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਵੇ ਨਿਗਮ

ਲਗਭਗ ਇੱਕ ਮਹੀਨੇ ਦੌਰਾਨ ਜਿੱਥੇ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਚਲ ਰਹੀਆਂ ਸਰਗਰਮੀਆਂ ਨੇ ਆਮ ਲੋਕਾਂ ਦਾ ਧਿਆਨ ਪੂਰੀ ਤਰ੍ਹਾਂ ਆਪਣੇ ਵੱਲ ਖਿੱਚਿਆ ਹੋਇਆ ਸੀ ਉੱਥੇ ਸਰਕਾਰੀ ਅਮਲਾ ਫੈਲਾ ਵੀ ਪੂਰੀ ਤਰ੍ਹਾਂ ਇਹਨਾਂ ਚੋਣਾਂ ਦੇ ਪ੍ਰਬੰਧਾਂ ਵਿੱਚ ਹੀ ਜੁਟਿਆ ਰਿਹਾ ਹੈ ਅਤੇ ਇਸ ਦੌਰਾਨ ਸ਼ਹਿਰਵਾਸੀਆਂ ਦੀਆਂ ਸਮੱਸਿਆਵਾਂ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਵੱਲ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ| ਇਸ ਦੌਰਾਨ ਸ਼ਹਿਰ ਵਿੱਚ ਥਾਂ ਥਾਂ ਤੇ ਹੁੰਦੇ ਨਾਜਾਇਜ ਕਬਜਿਆਂ ਦੀ ਸਮੱਸਿਆ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਜਿੱਥੇ ਵੀ ਦੇਖੋ ਇਹ ਨਾਜਾਇਜ ਕਬਜੇ ਨਜਰ ਆ ਰਹੇ ਹਨ|
ਨਗਰ ਨਿਗਮ ਦੇ ਹੋਰਨਾਂ ਕਰਮਚਾਰੀਆਂ ਵਾਂਗ ਸ਼ਹਿਰ ਵਿੱਚ ਹੁੰਦੇ ਨਾਜਾਇਜ ਕਬਜਿਆਂ ਨੁੰ ਦੂਰ ਕਰਨ ਲਈ ਤੈਨਾਤ ਸਟਾਫ ਦੀ ਡਿਊਟੀ ਵੀ ਚੋਣਾਂ ਦੇ ਪ੍ਰਬੰਧ ਕਰਨ ਲਈ ਲੱਗੀ ਹੋਣ ਕਾਰਨ ਪਿਛਲੇ ਸਮੇਂ ਦੌਰਾਨ ਸ਼ਹਿਰ ਵਿੱਚ ਨਾਜਾਇਜ ਕਬਜਿਆਂ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ| ਅਜਿਹਾ ਹੋਣ ਕਾਰਨ ਜਨਤਕ ਥਾਵਾਂ ਤੇ ਕਬਜਾ ਕਰਕੇ ਆਪਣਾ ਸਾਮਾਨ ਵੇਚਣ ਵਾਲਿਆਂ ਦੀ ਚਾਂਦੀ ਹੋ ਗਈ ਹੈ ਅਤੇ ਉਹਨਾਂ ਵਲੋਂ ਇਸ ਮੌਕੇ ਦਾ ਭਰਪੂਰ ਫਾਇਦਾ ਚੁੱਕਿਆ ਗਿਆ ਹੈ| ਹਾਲਾਤ ਇਹ ਹਨ ਕਿ ਜੇਕਰ ਇਹਨਾਂ ਕਬਜਾਕਾਰਾਂ ਦਾ ਕਿਸੇ ਵਲੋਂ ਵਿਰੋਧ ਕੀਤਾ ਜਾਂਦਾਹੈ ਤਾਂ ਇਹ ਅੱਗੋਂ ਲੋਕਾਂ ਨੂੰ ਹੀ ਧਮਕਾਉਣ ਲੱਗ ਜਾਂਦੇ ਹਨ ਅਤੇ ਆਪਣੀ ਉੱਪਰ ਤਕ ਪਹੁੰਚ ਹੋਣ ਦੀ ਧੌਂਸ ਦਿੰਦਿਆਂ ਉਲਟਾ ਲੋਕਾਂ ਨੂੰ ਹੀ ਚੈਲੇਂਜ ਕਰਦੇ ਹਨ ਕਿ ਜਿਸਦੀ ਜੋ ਮਰਜਹੀ ਹੋਵੇ ਕਰ ਲਵੇ ਪਰ ਉਹ ਆਪਣਾ ਕਬਜਾ ਛੱਡਣ ਵਾਲੇ ਨਹੀਂ ਹਨ|
ਸ਼ਹਿਰ ਦੀ ਹਾਲਤ ਇਹਹੈ ਕਿ ਸ਼ਹਿਰ ਵਿੱਚ ਜਨਤਕ ਥਾਵਾ ਤੇ ਰੇਹੜੀਆਂ ਫੜੀਆਂ ਲਗਾ ਕੇ ਆਪਣਾ ਸਾਮਾਨ ਵੇਚਣ ਵਾਲਿਆਂ ਦੇ ਨਾਲ ਨਾਲ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਵੀ ਆਮ ਲੋਕਾਂ ਦੇ ਲਾਂਘੇ ਦੀ ਥਾਂ ਮੱਲ ਕੇ ਆਪਣਾ ਤਾਮਝਾਮ ਖਿਲਾਰ ਲਿਆ ਜਾਂਦਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਹੁਣ ਤਾਂ ਹਾਲਤ ਇਹ ਹੋ ਗਈ ਹੈ ਕਿ ਵੱਡੀਆਂ ਗੱਡੀਆਂ ਵਿੱਚ ਆਪਣਾ ਸਾਮਾਨ ਭਰ ਕੇ ਵੇਚਣ ਵਾਲਿਆਂ ਵਲੋਂ ਵੀ ਇਹ ਕਾਰਵਾਈ ਆਰੰਭ ਦਿੱਤੀ ਗਈ ਹੈ| ਕੁੱਝ ਦਿਨ ਪਹਿਹਲਾਂ ਅਜਿਹੀ ਹੀ ਇੱਕ ਫੂਡ ਵੈਨ (ਜਿਸ ਵਿੱਚ ਖਾਣ ਪੀਣ ਦਾ ਸਾਮਾਨ ਤਿਆਰ ਕਰਕੇ ਵੇਚਿਆ ਜਾਂਦਾ ਹੈ) ਵਾਲਿਆਂ ਵਲੋਂ ਪਿਛਲੇ ਦਿਨੀਂ ਫੇਜ਼ 3 ਬੀ-2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਆਪਣੀ ਗੱਡੀ ਖੜ੍ਹੀ ਕਰਕੇ ਆਪਣਾ ਵੇਚਣਾ ਸ਼ੁਰੂ ਕਰ ਦਿੱਤਾ ਗਿਆ| ਇੱਕ ਵੱਡੇ ਆਕਾਰ ਦੀ ਟ੍ਰਾਲੀ(ਜਿਸ ਨੂੰ ਜੀਪ ਦੀ ਮਦਦ ਨਾਲ ਖਿੱਚ ਕੇ ਲਿਜਾਇਆ ਜਾਂਦਾ ਹੈ) ਉੱਪਰ ਬਾਡੀ ਲਗਾ ਕੇ ਤਿਆਰ ਕੀਤੀ ਗਈ ਇਸ ਫੂਡ ਵੈਨ ਦੇ ਮਾਲਕਾਂ ਦੇ ਖਿਲਾਫ ਜਦੋਂ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਕੱਠੇ ਹੋ ਕੇ ਵਿਰੋਧ ਕੀਤਾ ਗਿਆ ਤਾਂ ਪਹਿਲਾਂ ਤਾਂ ਉਹਨਾਂ ਵਲੋਂ ਦੁਕਾਨਦਾਰਾਂ ਨੂੰ ਆਪਣੀ ਉੱਚੀ ਪਹੁੰਚ ਦਾ ਰੌਹਬ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਇਸਦੇ ਵੀ ਦੁਕਾਨਦਾਰ ਨਾ ਮੰਨੇ ਤਾਂ ਉਹਨਾਂ ਨੇ  ਆਪਣੀ ਗੱਡੀ ਮਾਰਕੀਟ ਦੇ ਸਾਮ੍ਹਣੇ ਤੋਂ ਹਟਾ ਕੇ ਮਾਰਕੀਟ ਦੇ ਪਿਛਲੇ ਪਾਸੇ ਲਗਾ ਲਈ ਹੈ|
ਸ਼ਹਿਰ ਵਿੱਚ ਲਗਾਤਾਰ ਵੱਧਦੇ ਇਹ ਨਾਜਾਇਜ ਕਬਜੇ ਜਿੱਥੇ ਆਮ ਲੋਕਾਂ ਲਈ ਭਾਰੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ ਉੱਥੇ ਅਜਿਹੇ ਨਾਜਇਜ ਕਬਜਾਕਾਰਾਂ ਵਲੋਂ ਮਾਰਕੀਟਾਂ ਵਿੱਚ ਰੇਹੜੀਆਂ ਫੜੀਆਂ ਲਗਾ ਕੇ ਖੁੱਲੇ ਵਿੱਚ ਮੀਟ, ਮੱਛੀ, ਮੁਰਗੇ ਆਦਿ ਤਲ ਕੇ ਵੇਚੇ ਜਾਣ ਦੀ ਕਾਰਵਾਈ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਜਿੱਥੇ ਭਾਰੀ ਬਦਬੂ ਫੈਲਦੀ ਹੈ ਉੱਥੇ ਇਸ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆਹਤ ਹੁੰਦੀਆਂ ਹਨ|  ਫੇਜ਼ 3 ਬੀ 2 ਦੀ ਇਸੇ ਮਾਰਕੀਟ ਵਿੱਚ ਇੱਕ ਢਾਬਾ ਮਾਲਕ ਵਲੋਂ ਸ਼ੋਰੂਮ ਦੇ ਸਾਮ੍ਹਣੇ ਬਣੀ ਆਮ ਲੋਕਾਂ ਦ ਲਾਂਘੇ ਵਾਲੀ ਥਾਂ ਤੇ ਤੰਦੂਰ ਲਗਾ ਕੇ ਮੁਰਗੇ ਭੁੰਨਣ ਅਤੇ ਕੜਾਹੀ ਵਿੱਚ ਅਜਿਹਾ ਸਮਾਨ ਤਲ ਕੇ ਵੇਚਣ ਦੌਰਾਨ ਉਠਣ ਵਾਲੀ ਬਦਬੂ ਕਾਰਨ ਆਮ ਲੋਕਾਂ ਦਾ ਲਾਂਘਾ ਤਕ ਔਖਾ ਹੋ ਜਾਂਦਾ ਹੈ ਪਰੰਤੂ ਇਸ ਸੰਬੰਧੀ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਾ ਹੋਣ ਕਾਰਨ ਇਹ ਨਾਜਾਇਜ ਕਬਜੇ ਲਗਾਤਾਰ ਵੱਧ ਰਹੇ ਹਨ|
ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਿੱਚ ਇਸ ਤਰੀਕੇ ਨਾਲ ਨਾਜਾਇਜ ਕਬਜੇ ਕਰਕੇ ਆਪਣਾ ਸਮਾਨ ਵਚਣ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣ| ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਹਾਸਿਲ ਹੋ ਸਕੇ|

Leave a Reply

Your email address will not be published. Required fields are marked *