ਚੋਣਾਂ ਦੇ ਮਾਹੌਲ ਦੌਰਾਨ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਰੱਖਣਾ ਪੁਲੀਸ ਦੀ ਜਿੰਮੇਵਾਰੀ

ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨਸਭਾ ਚੋਣਾਂ ਲਈ ਰਸਮੀ ਐਨਾਨ ਭਾਵੇਂ ਹੁਣ ਤਕ ਨਹੀਂ ਹੋਇਆ ਹੈ ਪਰੰਤੂ ਪੰਜਾਬ ਵਿੱਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਅਤੇ ਰਾਜਨੀਤਿਕ ਸਰਗਰਮੀਆਂ ਲਗਾਤਾਰ ਤੇਜੀ ਫੜ ਰਹੀਆਂ ਹਨ| ਵੱਖ ਵੱਖ ਰਾਜਨੀਤਿਕ ਪਾਰਟੀਆਂ ਵਲੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਜਿੱਥੇ ਆਪਣੇ ਸਮਰਥਕਾਂ ਨਾਲ ਤਾਲਮੇਲ ਵਧਾ ਦਿੱਤਾ ਗਿਆ ਹੈ ਉੱਥੇ ਜਨਸੰਪਰਕ ਦਾ ਅਮਲ ਵੀ ਤੇਜੀ ਫੜ ਚੁੱਕਿਆ ਹੈ| ਇਸਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਵਲੋਂ ਆਪਣੀਆਂ ਰੈਲੀਆਂ ਦਾ ਸਿਲਸਿਲਾ ਵੀ ਤੇਜੀ ਫੜ ਗਿਆ ਹੈ ਅਤੇ ਸਮੇਂ ਦੇ ਨਾਲ ਨਾਲ ਇਹ ਸਿਆਸੀ ਸਰਗਰਮੀਆਂ ਹੋਰ ਤੇਜੀ ਫੜਦੀਆਂ ਜਾ ਰਹੀਆਂ ਹਨ| ਪੰਜਾਬ ਵਿਧਾਨਸਭਾ ਦਾ ਮੌਜੂਦਾ ਕਾਰਜਕਾਲ ਫਰਵਰੀ ਵਿੱਚ ਖਤਮ ਹੋਣ ਜਾ ਰਿਹਾ ਹੈ ਅਤੇ ਸਿਆਸੀ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਚੋਣ ਕਮਿਸ਼ਨ ਵਲੋਂ ਦਸੰਬਰ ਮਹੀਨੇ ਦੇ ਅਖੀਰਲੇ ਜਾਂ ਜਨਵਰੀ ਦੇ ਹਫਤੇ ਵਿੱਚ ਪੰਜਾਬ ਵਿਧਾਨਸਭਾ ਚੋਣਾਂ ਬਾਰੇ ਰਸਮੀ ਐਲਾਨ ਕੀਤਾ ਜਾ ਸਕਦਾ ਹੈ|
ਇਸ ਦੌਰਾਨ ਜਿੱਥੇ ਪੰਜਾਬ ਦੇ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਵਲੋਂ ਚੋਣਾਂ ਦਾ ਰਸਮੀ ਐਲਾਨ ਹੋਣ ਅਤੇ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਣ ਦੀ ਕਵਾਇਦ ਕੀਤੀ ਜਾ ਰਹੀ ਹੈ ਉੱਥੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਮੌਜੂਦਾ ਸਰਕਾਰ ਵਿਰੁੱਧ ਵੱਡੀਆਂ ਰੈਲੀਆਂ ਕਰਕੇ ਰਾਜਨੀਤਿਕ ਲੜਾਈ ਨੂੰ ਤਿੱਖਾ ਕੀਤਾ ਜਾ ਰਿਹਾ ਹੈ| ਇਸ ਦੌਰਾਨ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਰਾਜਨੀਤਿਕ ਤੌਰ ਤੇ ਮਜਬੂਤ ਹੋਈ ਆਮ ਆਦਮੀ ਪਾਰਟੀ ਵਲੋਂ ਵੀ ਆਪਣੀਆਂ ਸਰਗਰਮੀਆਂ ਕਾਫੀ ਵਧਾ ਦਿੱਤੀਆਂ ਗਈਆਂ ਹਨ| ਵਿਧਾਨਸਭਾ ਚੋਣਾਂ ਦੇ ਇਸ ਗਰਮਾ ਗਰਮ ਮਾਹੌਲ ਵਿੱਚ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਅਤੇ ਇੱਕ ਹੀ ਪਾਰਟੀ ਦੇ ਵੱਖ ਵੱਖ ਆਗੂਆਂ ਦੇ ਸਮਰਥਕਾਂ ਵਿਚਾਲੇ ਟਕਰਾਓ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਉੱਥੇ ਇਸ ਦੌਰਾਨ ਪੈਣ ਵਾਲੇ ਰੌਲੇ ਰੱਪੇ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ|
ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਚੋਣਾਂ ਦੌਰਾਨ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਇੱਕ ਦੂਜੇ ਤੋਂ ਵੱਧ ਕੇ ਪ੍ਰਚਾਰ ਕਰਨ ਦੀ ਕਾਰਵਾਈ ਦੇ ਤਹਿਤ ਹਰ ਜਾਇਜ ਨਾਜਾਇਜ ਢੰਗ ਅਖਤਿਆਰ ਕੀਤਾ ਜਾਂਦਾ ਹੈ ਅਤੇ ਲਗਭਗ ਸਾਰੇ ਹੀ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ  ਆਪਣੇ ਵਿਰੋਧੀ ਉਮੀਦਵਾਰਾਂ ਦੇ ਖਿਲਾਫ ਨਾਂਹ ਪੱਖੀ ਅਤੇ ਭੜਕਾਉ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਕਾਰਨ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਝਗੜੇ ਦੀ ਸ਼ੰਕਾ ਬਣੀ ਰਹਿੰਦੀ ਹੈ ਅਤੇ ਅਜਿਹੇ ਸੰਵੇਦਨਸ਼ੀਲ ਹਾਲਾਤ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਵਿੱਚ ਰੱਖਣਾ ਪੁਲੀਸ ਅਤੇ ਪ੍ਰਸ਼ਾਸ਼ਨ ਲਈ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਹੈ| ਸਾਡੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤਾਂ ਵੈਸੇ ਹੀ ਸਵਾਲਾਂ ਦੇ ਘੇਰੇ ਹੇਠ ਰਹਿੰਦੀ ਹੈ ਅਤੇ ਸ਼ਹਿਰ ਵਾਸੀਆਂ ਵਲੋਂ ਇੱਥੋਂ ਦੀ ਕਾਨੂੰਨ ਵਿਵਸਥਾ ਤੇ ਹਮੇਸ਼ਾ ਕਿੰਤੂ ਪਰੰਤੂ ਕੀਤਾ ਜਾਂਦਾ ਰਿਹਾ ਹੈ|
ਸ਼ਹਿਰ ਦੀ ਪੁਲੀਸ ਫੋਰਸ ਵਲੋਂ ਭਾਵੇਂ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ  ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਇੱਥੇ ਇੱਕ ਤੋਂ ਬਾਅਦ ਇੱਕ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਪੁਲੀਸ ਫੋਰਸ ਦੇ ਇਹਨਾਂ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦੀਆਂ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਇੱਥੋਂ ਦੀ ਕਾਨੂੰਨ ਵਿਵਸਥਾ ਦੀ ਹਾਲਤ ਤਸੱਲੀਬਖਸ਼ ਨਹੀਂ ਲੱਗਦੀ| ਸ਼ਹਿਰ ਵਾਸੀ ਇਹ ਆਮ ਸ਼ਿਕਾਇਤ ਕਰਦੇ ਹਨ ਕਿ ਸ਼ਹਿਰ ਵਿੱਚ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਵਿੱਚ ਤਾਂ ਲਗਾਤਾਰ ਵਾਧਾ ਹੋਇਆ ਹੀ ਹੈ ਇਸਦੇ ਨਾਲ ਨਾਲ ਗੁੰਡਾਗਰਦੀ ਦੀਆਂ ਘਟਨਾਵਾਂ ਵੀ ਵੱਧ ਗਈਆਂ ਹਨ|
ਵਿਧਾਨਸਭਾ ਚੋਣਾਂ ਦੇ ਇਸ ਮੌਸਮ ਵਿੱਚ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਬੂ ਹੇਠ ਰਹੇ ਅਤੇ ਸ਼ਹਿਰ ਵਾਸੀਆਂ ਦਾ ਪੁਲੀਸ ਅਤੇ ਪ੍ਰਸ਼ਾਸ਼ਨ ਵਿੱਚ ਭਰੋਸਾ ਬਰਕਰਾਰ ਰਹੇ ਇਸ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਅਗਾਉਂ ਤਿਆਰੀਆਂ ਕੀਤੀਆਂ ਜਾਣ| ਇਸਦੇ ਨਾਲ ਨਾਲ ਪੁਲੀਸ ਵਲੋਂ ਸ਼ਹਿਰ ਵਿੱਚ ਵਾਪਰਦੀਆਂ ਗੁੰਡਾਗਰਦੀ ਦੀਆਂ ਵਾਰਦਾਤਾਂ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਲਈ ਖਤਰਾ ਪੈਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ| ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਦੀ ਨਵੇਂ ਸਿਰੇ ਤੋਂ ਨਜਰਸ਼ਾਨੀ ਕਰਨ ਅਤੇ ਇਸ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਚੋਣਾਂ ਦਾ ਇਹ ਮੌਸਮ ਅਮਨ ਅਮਾਨ ਨਾਲ ਲੰਘੇ ਇਸ ਲਈ ਪੁਲੀਸ ਨੂੰ ਹੁਣੇ ਤੋਂ ਕਮਰ ਕਸ ਲੈਣੀ ਚਾਹੀਦੀ ਹੈ|

Leave a Reply

Your email address will not be published. Required fields are marked *