ਚੋਣਾਂ ਦੇ ਸੰਵੇਦਨਸ਼ੀਲ ਮਾਹੌਲ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਰੱਖਣਾ ਪੁਲੀਸ ਦੀ ਜਿੰਮੇਵਾਰੀ

4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰਾ ਜੋਰ ਫੜ ਗਈਆਂ ਹਨ ਅਤੇ ਚੋਣਾਂ ਸੰਬੰਧੀ ਨਾਮਜਦਗੀਆਂ ਆਦਿ ਦਾ ਕੰਮ ਮੁਕੰਮਲ ਹੋਣ ਦੇ ਨਾਲ ਹੀ ਸਿਆਸੀ ਸਰਗਰਮੀਆਂ ਵਿੱਚ ਕਾਫੀ ਤੇਜੀ ਆ ਗਈ ਹੈ| ਇਸ ਦੌਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਜਿੱਥੇ ਆਪਣੇ ਸਮਰਥਕਾਂ ਨਾਲ ਤਾਲਮੇਲ ਵਧਾ ਦਿੱਤਾ ਗਿਆ ਹੈ ਉੱਥੇ ਉਹਨਾਂ ਦਾ ਆਮ ਵੋਟਰਾਂ ਨਾਲ ਜਨਸੰਪਰਕ ਦਾ ਅਮਲ ਵੀ ਜੋਰਾਂ ਤੇ ਹੈ| ਇਸਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਵਲੋਂ ਆਪਣੀਆਂ ਰੈਲੀਆਂ ਦਾ ਸਿਲਸਿਲਾ ਵੀ ਤੇਜ ਕਰ ਦਿੱਤਾ ਗਿਆ ਹੈ ਅਤੇ ਇਹ ਸਰਗਰਮੀਆਂ ਲਗਾਤਾਰ ਤੇਜੀ ਫੜ ਰਹੀਆਂ ਹਨ|
ਵਿਧਾਨਸਭਾ ਚੋਣਾਂ ਦਾ ਰਸਮੀ ਐਲਾਨ ਹੋਣ ਦੇ ਨਾਲ ਹੀ ਪੰਜਾਬ ਦੀ ਸੱਤਾਧਾਰੀ ਅਕਾਲੀ ਭਾਜਪਾ ਗਠਜੋੜ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਨਾਲ ਪੰਜਾਬ ਦੀ ਸੱਤਾ ਦੀ ਤੀਜੀ ਦਾਅਵੇਦਾਰ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਆਪੋ ਆਪਣੀਆਂ ਰਾਜਨੀਤਿਕ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਸਨ| ਇਸ ਦੌਰਾਨ ਇਹਨਾਂ ਸਾਰਿਆਂ ਵਲੋਂ ਇੱਕ ਦੂਜੇ ਦੇ ਨਾਰਾਜ ਜਾਂ ਹਾਸ਼ੀਏ ਤੇ ਚਲ ਰਹੇ ਆਗੂਆਂ ਨੂੰ ਆਪਣੇ ਨਾਲ ਰਲਾਉਣ ਦੀ ਕਵਾਇਦ ਵੀ ਆਰੰਭ ਦਿੱਤੀ ਗਈ ਸੀ ਅਤੇ ਇਹ ਅਮਲ ਹੁਣੇ ਵੀ ਜਾਰੀ ਹੈ| ਇਹਨਾਂ ਵਲੋਂ ਰੋਜਾਨਾ ਹੀ ਕਿਸੇ ਨਾ ਕਿਸੇ ਨੇਤਾ ਨੂੰ ਹਾਰ ਪਾ ਕੇ ਆਪਣੇ ਧੜੇ ਵਿੱਚ ਸ਼ਾਮਿਲ ਕਰਨ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਛਪਵਾਈਆਂ ਜਾਂਦੀਆਂ ਹਨ| ਇਸਦੇ ਨਾਲ ਨਾਲ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ ਅਤੇ ਚੋਣ ਮੀਟਿੰਗਾਂ ਦੌਰਾਨ ਜਿਆਦਾਤਰ ਆਗੂਆਂ ਦਾ ਜੋਰ ਆਪਣੇ ਵਿਰੋਧੀਆਂ ਨੂੰ ਭੰਡਣ ਵਿੱਚ ਹੀ ਲੱਗਦਾ ਹੈ ਅਤੇ ਰਾਜਨੇਤਾਵਾਂ ਵਿਚਲੀ ਇਹ ਜੁਬਾਨੀ ਜੰਗ ਵੀ ਲਗਾਤਾਰ ਭਖਦੀ ਜਾ ਰਹੀ ਹੈ|
ਚੋਣਾਂ ਦੇ ਇਸ ਸੰਵੇਦਨਸ਼ੀਲ ਮਾਹੌਲ ਵਿੱਚ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਅਤੇ ਇੱਕ ਹੀ ਪਾਰਟੀ ਦੇ ਵੱਖ ਵੱਖ ਆਗੂਆਂ ਦੇ ਸਮਰਥਕਾਂ ਵਿਚਾਲੇ ਟਕਰਾਓ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ ਉੱਥੇ ਇਸ ਦੌਰਾਨ ਪੈਣ ਵਾਲੇ ਰੌਲੇ ਰੱਪੇ ਕਾਰਨ ਕਾਨੂੰਨ ਵਿਵਸਥਾ ਦੀ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ| ਅਜਿਹਾ ਆਮ ਹੁੰਦਾ ਹੈ ਕਿ ਚੋਣਾਂ ਦੌਰਾਨ ਵੱਖ ਵੱਖ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਇੱਕ ਦੂਜੇ ਤੋਂ ਵੱਧ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਦੇ ਤਹਿਤ ਹਰ ਜਾਇਜ ਨਾਜਾਇਜ ਢੰਗ ਅਖਤਿਆਰ ਕੀਤਾ ਜਾਂਦਾ ਹੈ ਅਤੇ ਲਗਭਗ ਸਾਰੇ ਹੀ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ  ਆਪਣੇ ਵਿਰੋਧੀ ਉਮੀਦਵਾਰਾਂ ਦੇ ਖਿਲਾਫ ਨਾ ਪੱਖੀ ਅਤੇ ਭੜਕਾਉ ਪ੍ਰਚਾਰ ਕੀਤਾ ਜਾਂਦਾ ਹੈ ਜਿਸ ਕਾਰਨ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਹਰ ਵੇਲੇ ਝਗੜੇ ਦੀ ਸ਼ੰਕਾ ਬਣੀ ਰਹਿੰਦੀ ਹੈ|
ਅਜਿਹੇ ਸੰਵੇਦਨਸ਼ੀਲ ਹਾਲਾਤ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਕਾਬੂ ਵਿੱਚ ਰੱਖਣਾ ਪੁਲੀਸ ਅਤੇ ਪ੍ਰਸ਼ਾਸ਼ਨ ਲਈ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਹੈ| ਸਾਡੇ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਤਾਂ ਵੈਸੇ ਹੀ ਸਵਾਲਾਂ ਦੇ ਘੇਰੇ ਹੇਠ ਰਹਿੰਦੀ ਆਈ ਹੈ ਅਤੇ ਸ਼ਹਿਰ ਵਾਸੀਆਂ ਵਲੋਂ ਇੱਥੋਂ ਦੀ ਕਾਨੂੰਨ ਵਿਵਸਥਾ ਤੇ ਹਮੇਸ਼ਾ ਕਿੰਤੂ ਪਰੰਤੂ ਕੀਤਾ ਜਾਂਦਾ ਰਿਹਾ ਹੈ| ਸ਼ਹਿਰ ਦੀ ਪੁਲੀਸ ਫੋਰਸ ਵਲੋਂ ਭਾਵੇਂ ਕਾਨੂੰਨ ਵਿਵਸਥਾ ਦੇ ਕਾਬੂ ਹੇਠ ਹੋਣ ਅਤੇ ਸ਼ਹਿਰ ਵਿੱਚ ਅਮਨ ਅਮਾਨ ਹੋਣ ਦੇ  ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਅਤੇ ਅਜ ਕੱਲ ਜਨਤਕ ਥਾਵਾਂ ਤੇ ਪੁਲੀਸ ਦੀ ਚੌਕਸੀ ਵੀ ਦਿਖ ਰਹੀ ਹੈ ਪਰੰਤੂ ਇੱਥੇ ਇੱਕ ਤੋਂ ਬਾਅਦ ਇੱਕ ਵਾਪਰਦੀਆਂ ਅਪਰਾਧਿਕ ਵਾਰਦਾਤਾਂ ਪੁਲੀਸ ਫੋਰਸ ਦੇ ਇਹਨਾਂ ਦਾਅਵਿਆਂ ਤੇ ਸਵਾਲੀਆ ਨਿਸ਼ਾਨ ਚੁੱਕਦੀਆਂ ਹਨ ਅਤੇ ਸ਼ਹਿਰ ਵਾਸੀਆਂ ਨੂੰ ਇੱਥੋਂ ਦੀ ਕਾਨੂੰਨ ਵਿਵਸਥਾ ਦੀ ਹਾਲਤ ਤਸੱਲੀਬਖਸ਼ ਨਹੀਂ ਲੱਗਦੀ|
ਚੋਣਾਂ ਦੇ ਇਸ ਰੌਲੇ ਗੈਲੇ ਦੌਰਾਨ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਕਾਬੂ ਹੇਠ ਰਹੇ ਅਤੇ ਸ਼ਹਿਰ ਵਾਸੀਆਂ ਦਾ ਪੁਲੀਸ ਅਤੇ ਪ੍ਰਸ਼ਾਸ਼ਨ ਵਿੱਚ ਭਰੋਸਾ ਬਰਕਰਾਰ ਰਹੇ ਇਸ ਲਈ ਜਰੂਰੀ ਹੈ ਕਿ ਪ੍ਰਸ਼ਾਸ਼ਨ ਵਲੋਂ ਇਸ ਸੰਬੰਧੀ ਅਗਾਉਂ ਕਦਮ ਚੁੱਕੇ ਜਾਣ| ਇਸਦੇ ਨਾਲ ਨਾਲ ਪੁਲੀਸ ਵਲੋਂ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ ਜਿਹੜੇ ਆਪਣੀਆਂ ਕਾਰਵਾਈਆਂ ਨਾਲ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਲਈ ਖਤਰਾ ਪੈਦਾ ਕਰਦੇ ਹਨ| ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਦੀ ਨਵੇਂ ਸਿਰੇ ਤੋਂ ਨਜਰਸ਼ਾਨੀ ਕਰਨ ਅਤੇ ਪੁਲੀਸ ਦੀ ਕਾਰਗੁਜਾਰੀ ਵਿੱਚ ਸੁਧਾਰ ਲਈ ਲੋੜੀਂਦੇ ਕਦਮ ਚੁੱਕਣ ਤਾਂ ਜੋ ਚੋਣਾਂ ਦਾ ਇਹ ਮੌਸਮ ਅਮਨ ਅਮਾਨ ਨਾਲ ਮੁਕੰਮਲ ਹੋਵੇ|

Leave a Reply

Your email address will not be published. Required fields are marked *