ਚੋਣਾਂ ਦੌਰਾਨ ਅਹਿਮ ਹੋਵੇਗਾ ਸੂਬੇ ਦੇ ਸਰਬਪੱਖੀ ਵਿਕਾਸ ਦੀ ਜਵਾਬਦੇਹੀ ਦਾ ਮੁੱਦਾ

ਵਿਧਾਨਸਭਾ ਚੋਣਾਂ ਦਾ ਬਿਗਲ ਵੱਜਣਾ ਸ਼ੁਰੂ ਹੋ ਗਿਆ ਹੈ ਅਤੇ ਸੂਬੇ ਦੀ ਸੱਤਾ ਤੇ ਕਾਬਜ ਹੋਣ ਲਈ ਵੱਖ ਵੱਖ ਰਾਜਨੀਤਿਕ ਧਿਰਾਂ ਵਲੋਂ ਲੋਕਾਂ ਨੂੰ ਆਪਣੇ ਨਾਲ ਜੋੜਣ ਅਤੇ ਆਪਣੀ ਤਾਕਤ ਵਧਾਉਣ ਲਈ ਰਾਜਨੀਤਿਕ ਰੈਲੀਆਂ ਦਾ ਦੌਰ ਚਲਾਇਆ ਜਾ ਰਿਹਾ ਹੈ| ਇਸ ਸੰਬੰਧੀ ਸੂਬੇ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨਾਲ ਨਾਲ ਸੂਬੇ ਵਿੱਚ ਤੇਜੀ ਨਾਲ ਮਜਬੂਤ ਪਕੜ ਬਣਾਉਣ ਵਾਲੀ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਵੱਡੀਆਂ ਅਤੇ ਕਾਮਯਾਬ ਰੈਲੀਆਂ ਆਯੋਜਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਹ ਰੈਲੀਆਂ ਲਗਾਤਾਰ ਜਾਰੀ ਹਨ|
ਅਜਿਹਾ ਸਮਝਿਆ ਜਾਂਦਾ ਹੈ ਕਿ ਰਾਜਨੀਤਿਕ ਪਾਰਟੀਆਂ ਵਲੋਂ ਆਯੋਜਿਤ ਕੀਤੀਆਂ ਜਾਣ ਵਾਲੀਆਂ ਇਹ ਰੈਲੀਆਂ ਆਮ ਜਨਤਾ ਵਿੱਚ ਉਹਨਾਂ ਦੇ ਆਧਾਰ ਦੀ ਸੂਚਕ ਹੁੰਦੀਆਂ ਹਨ ਅਤੇ ਇਹਨਾਂ ਰੈਲੀਆਂ ਵਿੱਚ ਇੱਕਠੀ ਹੋਣ ਵਾਲੀ ਭੀੜ ਦੇ ਆਧਾਰ ਤੇ ਹੀ ਇਹਨਾਂ ਪਾਰਟੀਆਂ ਦੀ ਸਿਆਸੀ ਤਾਕਤ ਨੂੰ ਆਂਕਿਆ ਜਾਂਦਾ ਹੈ| ਇਹੀ ਕਾਰਨ ਹੈ ਕਿ ਰੈਲੀ ਕਰਨ ਵਾਲੀਆਂ ਪਾਰਟੀਆਂ ਵਲੋਂ ਵੱਧ ਤੋਂ ਵੱਧ ਇਕੱਠ ਕਰਕੇ ਇਹਨਾਂ ਪਾਰਟੀਆਂ ਵਲੋਂ ਆਪਣੀ ਤਾਕਤ ਵਿਖਾਈ ਜਾਂਦੀ ਹੈ| ਇਸ ਦੌਰਾਨ ਇਹਨਾਂ ਸਿਆਸੀ ਰੈਲੀਆਂ ਵਿੱਚ ਭਾਸ਼ਣ ਦੇਣ ਵਾਲੇ ਜਿਆਦਾਤਰ ਨੇਤਾਵਾਂ ਦਾ ਪੂਰਾ ਜੋਰ ਆਪਣੀਆ ਵਿਰੋਧੀ ਪਾਰਟੀਆਂ ਦੀ ਬੁਰਾਈ ਕਰਨ ਤੇ ਹੀ ਲੱਗਿਆ ਰਹਿੰਦਾ ਹੈ ਅਤੇ ਇਹਨਾਂ ਆਗੂਆਂ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਵਿਰੋਧੀ ਪਾਰਟੀ ਦੀ ਬੁਰਾਈ ਕਰਕੇ ਆਪਣੇ ਆਪ ਨੂੰ ਜਨਤਾ ਦਾ ਸਭ ਤੋਂ ਵੱਡਾ ਖੈਰ ਖਵਾਹ ਸਾਬਿਤ ਕੀਤਾ ਜਾ ਸਕੇ|
ਵੱਡੇ ਪੱਘਰ ਤੇ ਆਯੋਜਿਤ ਹੋਣ ਵਾਲੀਆਂ ਇਹਨਾਂ ਰਲੀਆਂ ਦੌਰਾਨ ਬੁਲਾਰਿਆਂ ਵਲੋਂ ਲੋਕਾਂ ਨੂੰ ਆਪਣੀ ਆਪਣੀ ਪਾਰਟੀ ਨੂੰ ਵੋਟਾਂ ਦੇਣ ਦੀ ਅਪੀਲ ਤਾਂ ਕੀਤੀ ਜਾਂਦੀ ਹੈ ਪਰੰਤੂ ਇਸ ਦੌਰਾਨ ਲੋਕਾਂ ਦੇ ਆਮ ਸਮਲਿਆਂ ਬਾਰੇ ਚਰਚਾ ਘੱਟ ਹੁੰਦੀ ਹੈ| ਇਹਨਾਂ ਰੈਲੀਆਂ ਵਿੱਚ ਬੋਲਣ ਵਾਲੇ ਜਿਆਦਾਤਰ ਆਗੂਆਂ ਦਾ ਪੂਰਾ ਜੋਰ ਤਾਂ ਆਪਣੀ ਪਾਰਟੀ ਦੇ ਵੱਡੇ ਆਗੂਆਂ (ਜੋ ਸਟੇਜ ਤੇ ਹੀ ਬੈਠੇ ਹੁੰਦੇ ਹਨ) ਦਾ ਗੁਣਗਾਨ (ਚਮਚਾਗਿਰੀ) ਕਰਨ ਤਕ ਹੀ ਸੀਮਿਤ ਰਹਿੰਦਾ ਹੈ| ਇਸ ਦੌਰਾਨ ਬਹੁਤ ਘੱਟ ਆਗੂ (ਜਾਂ             ਬੁਲਾਰੇ) ਹੀ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਸੰਬੋਧਨ ਵਿੱਚ ਠੋਕ ਵਜਾ ਕੇ ਜਨਤਾ ਦੇ ਹਿਤਾਂ ਦੀ ਗੱਲ ਕਰਦੇ ਹਨ ਵਰਨਾ  ਜਿਆਦਾਤਰ ਆਗੂ ਤਾਂ ਆਪਣੀ ਪਾਰਟੀ ਦੇ ਵੱਡੇ ਆਗੂਆਂ ਦੇ ਝੋਲੀਚੁੱਕਾਂ ਦੀ ਭੂਮਿਕਾ ਵਿੱਚ ਹੀ ਨਜਰ ਆਉਂਦੇ ਹਨ|
ਹੋਣਾ ਤਾਂ ਇਹ ਚਾਹੀਦਾ ਹੈ ਕਿ ਚੋਣ ਲੜਣ ਵਾਲੀਆਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਹਲਕੇ ਪੱਧਰ ਦੀ ਦੂਸ਼ਣਬਾਜੀ ਕਰਨ ਦੀ ਥਾਂ ਆਮ ਜਨਤਾ ਨਾਲ ਜੁੜੇ ਮੁੱਦਿਆਂ ਬਾਰੇ ਉਸਾਰੂ ਅਤੇ ਹਾਂਪੱਖੀ ਰਵਈਆ ਅਖਤਿਆਰ ਕਰਨ, ਪਰੰਤੂ ਇੱਥੇ ਹਾਲਾਤ ਬਿਲਕੁਲ ਹੀ ਉਲਟ ਹਨ| ਇਹਨਾਂ ਰਾਜਨੀਤਿਕ ਪਾਰਟੀਆਂ ਵਲੋਂ ਆਮ ਲੋਕਾਂ ਨੂੰ ਕਈ ਤਰ੍ਹਾਂ ਦੇ ਸੁਫਨੇ ਜਰੂਰ ਵਿਖਾਏ ਜਾਂਦੇ ਹਨ ਜਿਹਨਾਂ ਵਿੱਚ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਹਲ ਕਰਨ ਸੰਬੰਧੀ ਲੰਬੇ ਚੌੜੇ ਹਵਾਈ ਦਾਅਵੇ ਵੀ ਕੀਤੇ ਜਾਂਦੇ ਹਨ ਪਰੰਤੂ ਨਾਂ ਤਾਂ ਇਹਨਾਂ ਦਾਅਵਿਆਂ ਦਾ ਕੋਈ ਆਧਾਰ ਹੁੰਦਾ ਹੈ ਅਤੇ ਨਾ ਹੀ ਇਹਨਾਂ ਆਗੂਆਂ ਵਲੋਂ ਆਪਣੇ ਦਾਅਵਿਆਂ ਨੂੰ ਪੁਖਤਾ ਕਰਨ ਲਈ ਕੋਈ ਯੋਜਨਾਬੰਦੀ ਹੀ ਦਰਸਾਈ ਜਾਂਦੀ ਹੈ| ਹੁੰਦਾ ਇਹ ਹੈ ਕਿ ਇੱਕ ਸਰਕਾਰ ਵਲੋਂ ਆਰੰਭੇ ਗਏ ਕੰਮ ਦੂਜੀ ਸਰਕਾਰ ਵਲੋਂ ਬੰਦ ਕਰਵਾ ਦਿੱਤੇ ਜਾਂਦੇ ਹਨ ਅਤੇ ਆਪਣੀ ਸੋਚ ਅਨੁਸਾਰ (ਜਾਂ ਆਪਣੇ ਬੰਦਿਆਂ ਨੂੰ ਖੁਸ਼ ਕਰਨ ਲਈ) ਨਵੇਂ ਪ੍ਰੋਜੈਕਟ ਆਰੰਭ ਕਰਕੇ ਸਰਕਾਰ ਦੇ ਖਜਾਨੇ ਦਾ ਨੁਕਸਾਨ ਕੀਤਾ ਜਾਂਦਾ ਹੈ|
ਸਾਡੀਆਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵੋਟਰਾਂ ਨੇ ਉਹਨਾਂ ਵਲੋਂ ਕੀਤੀ ਜਾਂਦੀ ਇਸ ਦੂਸ਼ਣਬਾਜੀ ਤੋਂ ਕੁੱਝ ਨਹੀਂ ਲੈਣਾ ਅਤੇ ਵੋਟਰਾਂ ਲਈ ਆਪਣੇ              ਖੇਤਰ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਦੀ ਜਵਾਬਦੇਹੀ ਦਾ ਮੁੱਦਾ ਹੀ ਸਭ ਤੋਂ ਅਹਿਮ ਹੈ| ਇਸ ਤਰੀਕੇ ਨਾਲ ਆਮ ਲੋਕਾਂ ਦੇ ਸਰੋਕਾਰਾਂ ਨੂੰ ਵਿਸਾਰ ਕੇ ਸਿਆਸੀ ਪਾਰਟੀਆਂ ਆਪਣੀ ਰਾਜਨੀਤੀ ਨਹੀਂ ਚਲਾ ਸਕਦੀਆਂ| ਇਹਨਾਂ ਪਾਰਟੀਆਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜਨਤਾ ਨੇ ਇਸ ਗੱਲ ਤੋਂ ਕੁੱਝ ਨਹੀਂ ਲੈਣਾ ਕਿ ਕਿਸ ਪਾਰਟੀ ਦੀ ਰੈਲੀ ਵਿੱਚ ਕਿੰਨੀ ਜਿਆਦਾ ਭੀੜ ਆਈ ਅਤੇ ਕਿਸ ਕਿਸ ਆਗੂ ਨੇ ਆਪਣੇ ਉੱਚ ਆਗੂਆਂ ਦੀ ਕਿੰਨੀ ਚਮਚਾਗਿਰੀ ਕੀਤੀ ਬਲਕਿ ਆਮ ਜਨਤਾ ਨੂੰ ਆਪਣੀਆਂ ਸਮੱਸਿਆਵਾਂ ਦੇ ਹਲ ਮਿਲਣੇ ਚਾਹੀਦੇ ਹਨ| ਜਨਤਾ ਦੀ ਵੋਟ ਤਾਂ ਉਸੇ ਪਾਰਟੀ ਜਾਂ ਉਮੀਦਵਾਰ ਨੂੰ ਮਿਲੇਗੀ ਜੋ ਵਿਕਾਸ ਦੇ ਮੁੱਦੇ ਤੇ ਜਨਤਾ ਨੂੰ ਜਵਾਬਦੇਹ ਹੋਣਗੇ|

Leave a Reply

Your email address will not be published. Required fields are marked *