ਚੋਣਾਂ ਦੌਰਾਨ ਖੁਦ ਲਈ ਜਾਬਤਾ ਲਾਗੂ ਕਰਕੇ ਹਾਂ ਪੱਖੀ ਭੂਮਿਕਾ ਨਿਭਾਏ ਮੀਡੀਆ

ਸਾਡੇ ਦੇਸ਼ ਵਿੱਚ ਮੀਡੀਆ ਨੂੰ ਲੋਕਤੰਤਰ ਦੇ ਚੌਥੇ ਥੰਮ ਦਾ ਦਰਜਾ ਹਾਸਿਲ ਹੈ ਅਤੇ ਉਸ ਉੱਪਰ ਇਹ ਵੱਡੀ ਜਿੰਮੇਵਾਰੀ ਹੈ ਕਿ ਉਹ ਆਮ ਲੋਕਾਂ ਨੂੰ ਦੇਸ਼ ਅਤੇ ਸਮਾਜ ਦੀ ਹਰ ਸੱਚਾਈ (ਉਸਦੀਆਂ ਅੱਛਾਈਆਂ ਅਤੇ ਬੁਰਾਈਆਂ ਸਮੇਤ) ਨਾਲ ਜਾਣੂ ਕਰਵਾਏ ਅਤੇ ਲੋਕਾਂ ਨੂੰ ਜਾਗਰੂਕ ਕਰੇ| ਇਹ ਵੀ ਹਕੀਕਤ ਹੈ ਕਿ ਮੀਡੀਆ ਵੱਲੋਂ ਜੋ ਕੁੱਝ ਵੀ ਛਾਪਿਆ ਜਾਂ ਪ੍ਰਸਾਰਿਤ ਕੀਤਾ ਜਾਂਦਾ ਹੈ ਉਸ ਤੇ ਲੋਕ ਕਾਫੀ ਹੱਦ ਤਕ ਯਕੀਨ ਵੀ ਕਰਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਮੀਡੀਆ ਅਕਸਰ ਲੋਕ ਰਾਏ ਕਾਇਮ ਕਰਨ ਦਾ ਕੰਮ ਵੀ ਕਰਦਾ ਹੈ|
15 ਦਿਨਾਂ ਬਾਅਦ (4 ਫਰਵਰੀ ਨੂੰ) ਪੰਜਾਬ ਵਿਧਾਨਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਸੂਬੇ ਵਿੱਚ ਇਹਨਾਂ ਚੋਣਾਂ ਸੰਬੰਧੀ ਰਾਜਨੀਤਿਕ ਸਰਗਰਮੀਆਂ ਪੁਰਾ ਜੋਰ ਫੜ ਚੁੱਕੀਆਂ ਹਨ| ਸੂਬੇ ਵਿੱਚ ਚਲ ਰਹੀਆਂ ਇਹਨਾਂ ਸਿਆਸੀ ਸਰਗਰਮੀਆਂ ਦਾ ਅਸਰ ਮੀਡੀਆ ਤੇ ਵੀ ਪਿਆ ਹੈ ਅਤੇ ਪਿਛਲੇ ਕੁੱਝ ਸਮੇਂ ਦੌਰਾਨ ਮੀਡੀਆ ਵਿੱਚ ਵੀ ਇਹਨਾਂ ਚੋਣਾਂ ਸੰਬੰਧੀ ਸਰਗਰਮੀਆਂ ਛਾਈਆਂ ਹੋਈਆਂ ਹਨ| ਵੱਖ ਵੱਖ ਅਖਬਾਰਾਂ ਅਤੇ ਟੀ. ਵੀ. ਚੈਨਲ ਇਸ ਵੇਲੇ ਇਹਨਾਂ ਚੋਣ ਸਰਗਰਮੀਆਂ ਦੀਆਂ ਖਬਰਾਂ ਨਾਲ ਹੀ ਭਰੇ ਦਿਖਦੇ ਹਨ| ਇਸ ਸੰਬੰਧੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਜਨਤਾ ਵਿੱਚ ਪੈਠ ਅਤੇ ਇਹਨਾਂ ਪਾਰਟੀਆਂ ਵਲੋਂ ਚੋਣਾਂ ਲੜਣ ਵਾਲੇ ਉਮੀਦਵਾਰਾਂ ਦੀ ਰਾਜਨੀਤਿਕ ਤਾਕਤ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਆਮ ਲੋਕ ਕਾਫੀ ਹੱਦ ਤਕ ਮੀਡੀਆ ਤੇ ਹੀ ਨਿਰਭਰ ਕਰਦੇ ਹਨ ਅਤੇ ਉਹਨਾਂ ਨੂੰ ਆਸ ਹੁੰਦੀ ਹੈ ਕਿ ਮੀਡੀਆ ਰਾਂਹੀ ਉਹਨਾਂ ਨੂੰ ਆਪਣੇ ਉਮੀਦਵਾਰ ਬਾਰੇ ਜਿਹੜੀ ਜਾਣਕਾਰੀ ਹਾਸਿਲ ਹੋ ਰਹੀ ਹੈ ਉਹ ਪੂਰੀ ਤਰ੍ਹਾਂ ਸਟੀਕ ਹੈ|
ਪਰੰਤੂ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਰਾਜਨੀਤਿਕ ਪਾਰਟੀਆਂ ਜਾਂ ਚੋਣਾਂ ਲੜਣ ਵਾਲੇ ਉਮੀਦਵਾਰ ਆਪਣੇ ਫਾਇਦੇ ਲਈ ਮੀਡੀਆ ਦੇ ਇੱਕ ਹਿੱਸੇ ਨੂੰ ਅੱਧੀ ਅਧੂਰੀ ਜਾਣਕਾਰੀ ਦੇ ਕੇ ਅਜਿਹੀਆਂ ਰਿਪੋਰਟਾਂ ਜਾਰੀ ਕਰਵਾ ਦਿੰਦੇ ਹਨ ਜਿਹੜੀਆਂ ਬਾਅਦ ਵਿੱਚ ਗਲਤ ਸਾਬਿਤ ਹੁੰਦੀਆਂ ਹਨ| ਕਈ ਵਾਰ ਅਜਿਹਾ ਵੀ               ਵੇਖਣ ਵਿੱਚ ਆਉਂਦਾ ਹੈ ਕਿ ਕੁੱਝ ਪੱਤਰਕਾਰ ਜਾਂ ਅਦਾਰੇ ਆਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਵੀ ਅਜਿਹੀ ਰਿਪੋਰਟਿੰਗ ਕਰ ਦਿੰਦੇ ਹਨ ਜੋ ਪੂਰੀ ਤਰ੍ਹਾਂ ਤੱਥਾਂ ਤੇ ਆਧਾਰਿਤ ਨਹੀਂ ਹੁੰਦੀ ਅਤੇ ਇਸ ਕਾਰਵਾਈ ਨੂੰ ਕਿਸੇ ਖਾਸ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਵਿਸ਼ੇਸ਼ ਨੂੰ ਫਾਇਦਾ ਪਹੁੰਚਾਉਣ ਲਈ ਹੀ ਅੰਜਾਮ ਦਿੱਤਾ ਜਾਂਦਾ ਹੈ| ਅਜਿਹਾ ਹੋਣ ਤੇ ਜਿੱਥੇ ਆਮ ਲੋਕਾਂ ਨੂੰ ਗਲਤ ਜਾਣਕਾਰੀ ਮਿਲਦੀ ਹੈ ਉੱਥੇ ਅਜਿਹਾ ਹੋਣ ਕਾਰਣ ਮੀਡੀਆ ਦੀ ਭਰੋਸੇਯੋਗਤਾ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਜਾਂਦੇ ਹਨ| ਇਸ ਅਮਲ ਵਿੱਚ ਹੁਣ ‘ਪੇਡ ਨਿਊਜ’ ਦੀ ਅਲਾਮਤ ਵੀ ਸ਼ਾਮਿਲ ਹੋ ਗਈ ਹੈ ਜਿਸ ਕਾਰਨ ਸਾਰਾ ਕੁੱਝ ਹੀ ਸ਼ੱਕੀ ਲਗਣ ਲੱਗ ਪਿਆ ਹੈ|
ਰਾਜਨੀਤਿਕ ਪਾਰਟੀਆਂ ਦੇ ਜਿਆਦਾਤਰ ਆਗੂ ਇਸ ਗੱਲ ਦੇ ਚਾਹਵਾਨ ਦਿਖਦੇ ਹਨ ਕਿ ਮੀਡੀਆ ਵਿੱਚ ਉਹਨਾਂ ਦੀ ਚੜ੍ਹਤ ਹੋਵ ਅਤੇ ਉਹਨਾਂ ਨੂੰ ਮੀਡੀਆ ਵਿੱਚ ਨਾ ਸਿਰਫ ਉਹਨਾਂ ਦੀ ਮਰਜੀ ਅਨੁਸਾਰ ਕਵਰੇਜ ਹਾਸਿਲ ਹੋਵੇ ਬਲਕਿ ਉਹਨਾਂ ਦੀ ਸਖਸ਼ੀਅਤ ਨੂੰ ਹੋਰਨਾਂ ਦੇ ਮੁਕਾਬਲੇ ਜਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ            ਜਾਵੇ| ਆਪਣੀ ਇਸ ਚਾਹਤ ਦੀ ਪੂਰਤੀ ਲਈ ਜਿੱਥੇ ਇਹ ਆਗੂ ਹਰ ਜਾਇਜ ਨਾਜਾਇਜ ਤਰੀਕਾ ਵਰਤਣ ਲਈ ਵੀ ਤਿਆਰ ਰਹਿੰਦੇ ਹਨ ਉੱਥੇ ਉਹਨਾਂ ਵੱਲੋਂ ਮੀਡੀਆ ਨੂੰ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾਂਦੇ ਹਨ| ਇਹ ਲਾਲਚ ਵੀ ਹੁਣ ਕੁੱਝ ਹੱਦ ਤਕ ਆਪਣਾ ਅਸਰ ਵਿਖਾਉਣ ਲੱਗ ਪਿਆ ਹੈ ਜਿਹੜਾ ਪੇਡ ਨਿਊਜ ਦੇ ਰੂਪ ਵਿੱਚ ਸਾਮ੍ਹਣੇ ਆਇਆ ਹੈ|
ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਦੇ ਰੁਝਾਨ ਅਤੇ ਚੋਣਾਂ ਤੋਂ ਐਨ ਪਹਿਲਾਂ ਜਾਰੀ ਹੋਣ ਵਾਲੇ ਚੋਣ ਸਰਵੇਖਣਾਂ ਬਾਰੇ ਵੀ ਇਹ ਇਲਜ਼ਾਮ ਲੱਗਦੇ ਹਨ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਵਿੱਚ ਆਪਣਾ ਮਜਬੂਤ ਆਧਾਰ ਜਾਹਿਰ ਕਰਵਾਉਣ ਲਈ ਆਪਣੇ ਹੱਕ ਵਿੱਚ ਰਿਪੋਰਟਿੰਗ ਕਰਵਾਈ ਜਾਂਦੀ ਹੈ ਅਤੇ ਵੱਖ ਵੱਖ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਤੇ ਆਉਣ ਵਾਲੇ ਇਹ ਸਰਵੇਖਣ ਕਿਉਂਕਿ ਅਕਸਰ ਆਪਾ ਵਿਰੋਧੀ ਹੁੰਦੇ ਹਨ ਇਸ ਕਾਰਣ ਇਹਨਾਂ ਦੀ ਭਰੋਸੇਯੋਗਤਾ ਵੀ ਸ਼ੱਕੀ ਹੁੰਦੀ ਜਾ ਰਹੀ ਹੈ|
ਮੀਡੀਆ ਦੀ ਇਹ ਜਿੰਮੇਵਾਰੀ ਹੈ ਕਿ ਉਹ ਚੋਣਾਂ ਦੌਰਾਨ ਖੁਦ ਲਈ ਵੀ ਜਾਬਤਾ ਲਾਗੂ ਕਰਕੇ ਹਾਂ ਪੱਖੀ ਭੂਮਿਕਾ ਨਿਭਾਏ ਅਤੇ  ਸਮਾਜ ਦੀ ਅਸਲ ਤਸਵੀਰ ਜਨਤਾ ਦੇ ਸਾਮ੍ਹਣੇ ਲਿਆਏ| ਇਸ ਲਈ ਜਰੂਰੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਲਾਲਚ ਵਿੱਚ ਆਏ ਬਿਨਾ ਪੂਰੀ ਤਰ੍ਹਾ ਨਿਰਪੱਖ ਹੋ ਕੇ ਆਪਣਾ ਕੰਮ ਕਰੇ ਤਾਂ ਜੋ ਮੀਡੀਆ ਦੀ ਭਰੋਸੇਯੋਗਤਾ ਬਣੀ ਰਹੇ|

Leave a Reply

Your email address will not be published. Required fields are marked *