ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਤੋਂ ਦੂਰ ਰਹਿਣ ਉਮੀਦਵਾਰ ਅਤੇ ਵੋਟਰ

ਪੰਜਾਬ ਵਿਧਾਨਸਭਾ ਦੀਆਂ ਚੋਣਾਂ ਦਾ ਰਸਮੀ ਐਲਾਨ ਹੋ ਗਿਆ ਹੈ ਅਤੇ ਇਹਨਾਂ ਚੋਣਾਂ ਲਈ 4 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਹੈ| ਇਸਦੇ ਨਾਲ ਹੀ ਪਿਛਲੇ ਕੁੱਝ ਸਮੇਂ ਤੋਂ ਚਲ ਰਹੀਆਂ ਰਾਜਨੀਤਿਕ ਸਰਗਰਮੀਆਂ ਨੇ ਵੀ ਕਾਫੀ ਤੇਜੀ ਫੜ ਲਈ ਹੈ ਅਤੇ ਉਮੀਦਵਾਰਾਂ ਵਲੋਂ ਕੀਤੇ ਜਾਂਦਾ ਚੋਣ ਪ੍ਰਚਾਰ ਵੀ ਭਖ ਗਿਆ ਹੈ| ਚੋਣ ਮੈਦਾਨ ਵਿੱਚ ਇਸ ਵਾਰ ਵੀ ਪਹਿਲਾਂ ਵਾਂਗ ਵੱਖ ਵੱਖ ਪਾਰਟੀਆਂ ਦੇ ਅਧਿਕਾਰਤ ਉਮੀਦਵਾਰਾਂ ਤੋਂ ਇਲਾਵਾ ਆਜਾਦ ਉਮੀਦਵਾਰ ਵੀ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਸਾਰੇ ਹੀ ਉਮੀਦਵਾਰਾਂ ਵੱਲੋਂ ਹੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਪੂਰੀ ਵਾਹ ਲਗਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ|
ਹਰ ਵਾਰ ਹੀ ਅਜਿਹਾ ਹੁੰਦਾ ਹੈ ਕਿ ਚੋਣਾਂ ਦਾ ਮੌਸਮ ਆਉਂਦਿਆਂ ਹੀ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਆਪੋ ਆਪਣੇ ਖੰਭ ਲੈਂਦੇ ਹਨ| ਚੋਣ ਲੜਣ ਵਾਲੇ ਜਿਆਦਾਤਰ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖੁਸ਼ ਕਰਨ ਲਈ ਉਮੀਦਵਾਰਾਂ ਦਾ ਸਭ ਤੋਂ ਪਸੰਦੀਦਾ ਅਮਲ ਲੋਕਾਂ ਨੂੰ ਨਸ਼ੇ ਦਾ ਸਾਮਾਨ ਮੁਹਈਆ ਕਰਵਾ ਕੇ ਉਹਨਾਂ ਦੀ ਖੁਸ਼ ਕਰਨ ਦੀ ਕੋਸ਼ਿਸ਼ ਨੂੰ ਹੀ ਸਮਝਿਆ ਜਾਂਦਾ ਹੈ| ਇਹੀ ਕਾਰਨ ਹੈ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਖੁਸ਼ ਕਰਨ ਲਈ ਜਿੱਥੇ ਟ੍ਰੱਕਾਂ ਦੇ ਟ੍ਰੱਕ ਸ਼ਰਾਬ ਵਰਤਾਈ ਜਾਂਦੀ ਹੈ ਉੱਥੇ ਅਫੀਮ, ਭੂਕੀ, ਡੋਡੇ, ਚਰਸ, ਗੋਲੀਆਂ ਅਤੇ ਹੋਰ ਪਤਾ ਨਹੀਂ ਕਿੰਨਾ ਅਜਿਹਾ ਸਾਮਾਨ ਵੋਟਰਾਂ ਵਿੱਚ ਵੰਡਿਆ ਜਾਦਾ ਰਿਹਾ ਹੈ| ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਵੀ ਸੂਬੇ ਵਿੱਚ ਸ਼ਰਾਬ ਦੀਆਂ ਅਜਿਹੀਆਂ ਕਈ ਵੱਡੀਆਂ ਖੇਪਾਂ ਕਾਬੂ ਕੀਤੀਆਂ ਗਈਆਂ ਸਨ ਜਿਹਨਾਂ ਨੂੰ ਵੋਟਰਾਂ ਵਿੱਚ ਵੰਡਣ ਲਈ ਲਿਜਾਇਆ ਜਾ ਰਿਹਾ ਸੀ|
ਹਰ ਵਾਰ ਹੀ ਅਜਿਹਾ ਹੁੰਦਾ ਹੈ ਕਿ ਨਸ਼ੇ ਵੰਡਣ ਦਾ ਇਹ ਕੰਮ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਸਾਰ ਹੀ ਆਰੰਭ ਕਰ ਦਿੱਤਾ ਜਾਂਦਾ ਹੈ| ਪਹਿਲਾਂ ਪਹਿਲਾਂ ਜਿੱਥੇ ਉਮੀਦਵਾਰਾਂ ਵੱਲੋਂ ਸ਼ਰਾਬ ਅਤੇ ਹੋਰ ਨਸ਼ੇ ਸਿਰਫ ਆਪੋ-ਆਪਣੇ ਖਾਸ ਬੰਦਿਆਂ ਵਿੱਚ ਹੀ ਵੰਡੇ ਜਾਂਦੇ ਹਨ ਉੱਥੇ ਜਿਵੇਂ ਜਿਵੇਂ ਚੋਣਾਂ ਦੀ ਤਰੀਕ ਨੇੜੇ ਆਉਂਦੀ ਹੈ ਇਹ ਨਸ਼ੇ ਆਮ ਲੋਕਾਂ ਵਿੱਚ ਵੀ ਲੁਕਵੇਂ ਰੂਪ ਵਿੱਚ ਵੰਡੇ ਜਾਂਦੇ ਹਨ|  ਉਮੀਦਵਾਰਾਂ ਵਲੋਂ ਵੋਟਰਾਂ ਨੂੰ ਖੁਸ਼ ਕਰਨ ਲਈ ਨਸ਼ੇ ਵੰਡਣ ਦੀ ਇਸ ਕਾਰਵਾਈ ਲਈ ਸਿਰਫ ਉਹਨਾਂ ਨੂੰ ਹੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਬਲਕਿ ਇਸ ਲਈ ਉਹ ਵੋਟਰ ਵੀ ਬਰਾਬਰ ਦੇ ਜਿੰਮੇਵਾਰ ਹਨ ਜਿਹੜੇ ਆਪਣੀ ਵੋਟ ਦੀ ਕੀਮਤ ਇਹਨਾਂ ਨਸ਼ਿਆਂ ਦੇ ਰੂਪ ਵਿੱਚ ਵਸੂਲ ਕਰਦੇ ਹਨ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਨਸ਼ੇ ਵੰਡਣ ਲਈ ਮਜਬੂਰ ਕਰਦੇ ਹਨ| ਉਮੀਦਵਾਰ ਨੂੰ ਤਾਂ ਆਪਣੀ ਜਿੱਤ ਨਾਲ ਮਤਲਬ ਹੁੰਦਾ ਹੈ ਅਤੇ ਇਸ ਲਈ ਉਹ ਹਰ ਨੇਤਿਕ-ਅਨੈਤਿਕ ਕੰਮ ਕਰਨ ਲਈ ਤੁਰੰਤ ਤਿਆਰ ਹੋ ਜਾਂਦਾ ਹੈ|
ਵੋਟਰਾਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਤੋਂ ਰੱਖੀ ਜਾਂਦੀ ਨਸ਼ੇ ਦੇ ਸਾਮਾਨ ਦੀ ਸਪਲਾਈ ਦੀ ਆਸ ਗੁਲਾਮੀ ਦੀ ਮਾਨਸਿਕਤਾ ਦੀ ਪ੍ਰਤੀਕ ਹੈ| ਸਾਡਾ ਦੇਸ਼ ਲੰਬਾ ਸਮਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਰਿਹਾ ਹੈ ਅਤੇ ਹੁਣ ਭਾਵੇਂ ਸਾਡੇ ਦੇਸ਼ ਵਿੰਚ ਲੋਕਤਾਂਤਰਿਕ ਪ੍ਰਣਾਲੀ ਲਾਗੂ ਹੈ ਪਰੰਤੂ ਚੋਣਾਂ ਦੌਰਾਨ ਵੱਡੇ ਪੱਧਰ ਤੇ ਕੀਤੀ ਜਾਂਦੀ ਨਸ਼ਿਆਂ ਦੀ ਵਰਤੋਂ ਲੋਕਤੰਤਰ ਦੇ ਬਦਨੁਮਾ ਦਾਗ ਵਰਗੀ ਹੈ| ਮੁਫਤ ਦੇ ਨਸ਼ਿਆਂ ਦਾ ਲਾਲਚ ਇੱਥੋਂ ਤੱਕ ਵੱਧ ਗਿਆ ਹੈ ਕਿ ਵਿਹਲੜ-ਕਿਸਮ ਦੇ ਆਦਮੀ ਵੀ ਇਸ ਦੌਰਾਨ ਸਮੇਂ ਕਿਸੇ ਨਾ ਕਿਸੇ ਉਮੀਦਵਾਰ ਦਾ ਪ੍ਰਚਾਰ ਕਰਦੇ ਦਿਖਦੇ ਹਨ| ਮੁਫਤ ਦੀ ਸ਼ਰਾਬ ਅਤੇ ਹੋਰ ਨਸ਼ੇ ਮਿਲਣ ਕਰਕੇ ਆਮ ਲੋਕ ਖਾਸ ਕਰਕੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ|
ਉਮੀਦਵਾਰਾਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਵੰਡਣ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਹਾਲਾਂਕਿ ਚੋਣ ਕਮਿਸ਼ਨ ਵਲੋਂ ਕਈ ਕਦਮ ਚੁੱਕੇ ਜਾਂਦੇ ਹਨ ਪਰੰਤੂ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨੂੰ ਖੁਸ਼ ਕਰਨ ਲਈ ਨਵਂ ਨਵੇਂ ਢੰਗ ਤਰੀਕੇ ਅਖਤਿਆਰ ਕਰ ਲਏ ਜਾਂਦੇਹਨ| ਇਸ ਰੁਝਾਨ ਨੂੰ ਰੋਕਣ ਲਈ ਜਰੂਰੀ ਹੈ ਕਿ ਵੋਟਰ ਆਪਣੀ ਵੋਟ ਦੀ ਕੀਮਤ ਬਦਲੇ ਨਸ਼ੇ ਮੰਗਣ ਤੋਂ ਤੌਬਾ ਕਰੇ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਨਸ਼ੇ ਵੰਡਣ ਦੀ ਇਸ ਕਾਰਵਾਈ ਦਾ ਵਿਰੋਧ ਕਰੇ|
ਇਸ ਸੰਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਇਸ ਲਈ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ| ਵੋਟਰਾਂ ਨੂੰ ਵੀ ਚਾਹੀਦਾ ਹੈ ਕਿ ਮੁਫਤ ਦੇ ਲਾਲਚ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਨਾ ਫਸਣ ਕਿਉਂਕਿ ਅਜਿਹਾ ਕਰਕੇ ਉਹ ਖੁਦ ਦਾ ਹੀ ਨੁਕਸਾਨ ਕਰਦੇ ਹਨ| ਪੰਜਾਬ ਦੇ ਵੋਟਰਾਂ ਲਈ ਇਹ ਸੁਨਹਿਰੀ ਮੌਕਾ ਹੈ ਅਤੇ ਉਨ੍ਹਾਂ ਨੂੰ ਸ਼ਰਾਬ ਅਤੇ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਕੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ|

Leave a Reply

Your email address will not be published. Required fields are marked *