ਚੋਣਾਂ ਦੌਰਾਨ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਦੇ ਗੁੱਸੇ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣ ਸੱਤਾਧਾਰੀ

ਸਾਢੇ ਚਾਰ ਸਾਲ ਪਹਿਲਾਂ ਹੋਈਆਂ ਲੋਕਸਭਾ ਚੋਣਾ ਮੌਕੇ ਦੇਸ਼ ਦੀ ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਦੇ ਵਾਇਦੇ ਨਾਲ ਕੇਂਦਰ ਸਰਕਾਰ ਦੀ ਸੱਤਾ ਤੇ ਕਾਬਿਜ ਹੋਏ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਮਹਿੰਗਾਈ ਦੀ ਮਾਰ ਵਿੱਚ ਬੁਰੀ ਤਰ੍ਹਾਂ ਪਿਸ ਕੇ ਆਮ ਜਨਤਾ ਨੂੰ ਕੋਈ ਵੀ ਰਾਹਤ ਦੇਣ ਵਿੱਚ ਨਾਕਾਮ ਸਾਬਿਤ ਹੋਈ ਹੈ ਅਤੇ ਇਸ ਦੌਰਾਨ ਜਨਤਾ ਚੰਗੇ ਦਿਨਾਂ ਦੀ ਉਡੀਕ ਹੀ ਕਰਦੀ ਰਹੀ ਹੈ| ਇਸ ਦੌਰਾਨ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਵਲੋਂ ਦੇਸ਼ ਦੀ ਜਨਤਾ ਨਾਲ ਕੀਤੇ ਗਏ ਵਾਇਦੇ ਤਾਂ ਕੀ ਵਫਾ ਹੋਣੇ ਸਨ ਉਲਟਾ ਆਮ ਲੋਕਾਂ ਦਾ ਜੀਵਨ ਹੋਰ ਵੀ ਔਖਾ ਹੋ ਗਿਆ ਹੈ ਅਤੇ ਆਮ ਜਨਤਾ ਖੁਦ ਨੂੰ ਠੱਗਿਆ ਗਿਆ ਮਹਿਸੂਸ ਕਰ ਰਹੀ ਹੈ|
ਲਗਾਤਾਰ ਵੱਧਦੀ ਮਹਿੰਗਾਈ ਦਾ ਆਲਮ ਇਹ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੀ ਆਮ ਜਰੂਰਤ ਦੇ ਹਰ ਸਾਮਾਨ ਦੀ ਕੀਮਤ ਦੋ ਗੁਨਾ ਜਾਂ ਉਸ ਤੋਂ ਵੀ ਵੱਧ ਹੋ ਚੁੱਕੀ ਹੈ ਅਤੇ ਲੋਕਾਂ ਲਈ ਆਪਣਾ ਗੁਜਾਰਾ ਕਰਨਾ ਤਕ ਔਖਾ ਹੋ ਚੁੱਕਿਆ ਹੈ| ਦਵਾਈਆਂ, ਕਪੜੇ, ਕਿਤਾਬਾਂ, ਰਾਸ਼ਨ, ਮਕਾਨ ਉਸਾਰੀ ਦਾ ਸਾਮਾਨ, ਘਰੇਲੂ ਲੋੜ ਦੀਆਂ ਵਸਤਾਂ ਸਮੇਤ ਹਰ ਸਾਮਾਨ ਦੀ ਕੀਮਤ ਲਗਾਤਾਰ ਵੱਧਦੀ ਰਹੀ ਹੈ ਅਤੇਮਹਿੰਗਾਈ ਦੀ ਮਾਰ ਹੇਠ ਪਿਸ ਰਹੇ ਆਮ ਲੋਕਾਂ ਨੂੰ ਆਪਣੇ ਜਰੂਰੀ ਖਰਚੇ ਪੂਰੇ ਕਰਨ ਲਈ ਕਰਜੇ ਤਕ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਅਜਿਹੇ ਵਿੱਚ ਜਦੋਂ ਲੋਕਾਂ ਨਾਲ ਮੋਦੀ ਸਰਕਾਰ ਦੌਰਾਨ ਉਹਨਾਂ ਦੀ ਜਿੰਦਗੀ ਵਿੱਚ ਆਏ ਬਦਲਾਓ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਗੱਲਾਂ ਵਿੱਚ ਮੋਦੀ ਸਰਕਾਰ ਪ੍ਰਤੀ ਨਾਰਾਜਗੀ ਸਾਫ ਝਲਕਦੀ ਹੈ|
ਕੇਂਦਰ ਸਰਕਾਰ ਦਾ ਕਾਰਜਕਾਲ ਪੰਜ ਮਹੀਨਿਆਂ ਬਾਅਦ ਖਤਮ ਹੋ ਜਾਣਾ ਹੈ ਅਤੇ ਇਸ ਦੌਰਾਨ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਹੈ| ਸਰਕਾਰ ਦੇ ਕਾਰਜਕਾਲ ਦੇ ਅਖੀਰਲੇ ਸਾਲ ਦੌਰਾਨ ਜਨਤਾ ਨੂੰ ਪੂਰੀ ਆਸ ਸੀ ਕਿ ਮੋਦੀ ਸਰਕਾਰ ਵਲੋਂ (ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ) ਕੁੱਝ ਲੋਕਲੁਭਾਓ ਐਲਾਨ ਜਰੂਰ ਕੀਤੇ ਜਾਣਗੇ ਅਤੇ ਜੇਕਰ ਅਜਿਹਾ ਨਾ ਵੀ ਹੋਇਆ ਤਾਂ ਵੀ ਲੋਕਾਂ ਨੂੰ ਲਗਾਤਾਰ ਵੱਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਕੁੱਝ ਅਹਿਮ ਕਦਮ ਜਰੂਰ ਚੁੱਕੇ ਜਾਣਗੇ ਪਰੰਤੂ ਅਜਿਹਾ ਕੁੱਝ ਵੀ ਨਹੀਂ ਹੋਇਆ ਹੈ ਅਤੇ ਮੋਦੀ ਸਰਕਾਰ ਦੇ ਇਸ ਪੁਰੇ ਕਾਰਜਕਾਲ ਦੌਰਾਨ ਆਮ ਜਨਤਾ ਮਹਿੰਗਾਈ ਦੀ ਮਾਰ ਵਿੱਚ ਬੁਰੀ ਤਰ੍ਹਾਂ ਪਿਸਦੀ ਰਹੀ ਹੈ| ਜਨਤਾ ਨੂੰ ਇਹ ਵੀ ਆਸ ਸੀ ਕਿ ਸਰਕਾਰ (ਉਸਦੇ ਦਾਅਵਿਆਂ ਅਨੁਸਾਰ) ਜੀ ਐਸ ਟੀ ਨਾਲ ਹੋਣ ਵਾਲੀ ਵੱਧ ਕਮਾਈ ਨੂੰ ਮੁੱਖ ਰੱਖਦਿਆਂ ਆਮ ਜਨਤਾ ਨੂੰ ਕੋਈ ਨਾ ਕੋਈ ਵੱਡੀ ਰਾਹਤ ਦੇਵੇਗੀ ਪਰੰਤੂ ਸਰਕਾਰ ਵਲੋਂ ਜਨਤਾ ਨੂੰ ਕੋਈ ਵੀ ਰਾਹਤ ਨਹੀ ਦਿੱਤੀ ਗਈ ਹੈ|
ਸਰਕਾਰ ਦੇ ਲੱਖ ਦਾਅਵਿਆਂ ਅਤੇ ਸਰਕਾਰ ਵਲੋਂ ਮਹਿੰਗਾਈ ਦਰ ਵਿੱਚ ਹੁੰਦੀ ਕਟੌਤੀ ਸੰਬੰਧੀ ਜਾਰੀ ਕੀਤੇ ਜਾਣ ਵਾਲੇ ਤਮਾਮ ਅੰਕੜਿਆਂ ਦੇ ਬਾਵਜੂਦ ਦੇਸ਼ ਦੀ ਜਨਤਾ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਅਤੇ ਲੋਕਾਂ ਦੀ ਆਮ ਵਰਤੋਂ ਦਾ ਲਗਭਗ ਹਰ ਛੋਟਾ ਵੱਡਾ ਸਾਮਾਨ ਹੁਣ ਹੋਰ ਮਹਿੰਗਾ ਹੁੰਦਾ ਰਿਹਾ ਹੈ| ਚੰਗੇ ਦਿਨਾਂ ਦੀ ਉਡੀਕ ਕਰਨ ਵਾਲੇ ਦੇਸ਼ ਦੇ ਮੱਧ ਵਰਗੀ ਪਰਿਵਾਰਾਂ (ਜਿਹਨਾਂ ਦੀਆਂ ਵੋਟਾਂ ਦੇ ਸਹਾਰੇ ਹੀ ਕੇਂਦਰ ਵਿਚਲੀ ਮੋਦੀ ਸਰਕਾਰ ਹੋਂਦ ਵਿੱਚ ਆਈ ਸੀ) ਨੂੰ ਸਮਝ ਨਹੀਂ ਆ ਰਿਹਾ ਕਿ ਉਹ ਹੁਣ ਕਿੱਥੇ ਜਾਣ ਅਤੇ ਕਿਸਦੇ ਅੱਗੇ ਆਪਣਾ ਦੁਖੜਾ ਸੁਣਾਉਣ|
ਜੇਕਰ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਆਮ ਆਦਮੀ ਜੇਕਰ ਮੋਦੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਦਿਖ ਰਿਹਾ ਹੈ ਤਾਂ ਉਸਦਾ ਸਿੱਧਾ ਕਾਰਨ ਇਹ ਹੈ ਕਿ ਉਸਨੂੰ ਮੋਦੀ ਸਰਕਾਰ ਤੋਂ ਢੇਰਾਂ ਆਸਾਂ ਸਨ ਪਰੰਤੂ ਸਰਕਾਰ ਉਸਦੀਆਂ ਆਸਾਂ ਤੇ ਖਰੀ ਉਤਰਨ ਦੀ ਸਮਰਥ ਨਹੀਂ ਹੋ ਪਾਈ ਹੈ| ਲਗਾਤਾਰ ਵੱਧਦੀ ਮਹਿੰਗਾਈ ਦੇ ਇਸ ਦੌਰ ਵਿੱਚ ਜੀ ਐਸ ਟੀ ਦੀਆਂ ਭਾਰੀ ਦਰਾਂ ਕਾਰਨ ਪਹਿਲਾਂ ਹੀ ਤੰਗੀ ਵਿੱਚ ਜੀਵਨ ਗੁਜਾਰ ਰਹੇ ਸ਼ਹਿਰੀ ਮੱਧ ਵਰਗ ਨੂੰ ਕੋਈ ਰਾਹਤ ਨਾ ਮਿਲਣ ਕਾਰਨ ਉਸਦੀ ਪਰੇਸ਼ਾਨੀ ਹੋਰ ਵੀ ਵੱਧ ਗਈ ਹੈ| ਸਰਕਾਰ ਦੇ ਖੁਦ ਦੇ ਦਾਅਵਿਆਂ ਵਿੱਚ ਉਸਨੇ ਮਹਿੰਗਾਈ ਤੇ ਕਾਫੀ ਹੱਦ ਤਕ ਕਾਬੂ ਪਾ ਲਿਆ ਹੈ ਅਤੇ ਸਰਕਾਰ ਇਸ ਵਾਸਤੇ ਆਪਣੀ ਪਿੱਠ ਵੀ ਥਪਥਪਾ ਸਕਦੀ ਹੈ ਪਰੰਤੂ ਆਮ ਲੋਕਾਂ ਵਿੱਚ ਝਲਕਦੀ ਨਿਰਾਸ਼ਾ ਨੂੰ ਦੂਰ ਕਰਨਾ ਵੀ ਉਸੇ ਦੀ ਜਿੰਮੇਵਾਰੀ ਹੈ ਜਿਸਨੂੰ ਪੂਰਾ ਕਰਨ ਵਿੱਚ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ| ਹੁਣ ਜਦੋਂ ਲੋਕਸਭਾ ਚੋਣਾਂ ਵਿੱਚ ਸਿਰਫ ਚਾਰ ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਆਮ ਲੋਕਾਂ ਦਾ ਸਰਕਾਰ ਪ੍ਰਤੀ ਗੁੱਸਾ ਹੋਰ ਵੀ ਮੁਖਰ ਹੋ ਕੇ ਸਾਮ੍ਹਣੇ ਆਉਣ ਲੱਗ ਪਿਆ ਹੈ ਅਤੇ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਨੂੰ ਵੋਟਰਾਂ ਦੇ ਗੁੱਸੇ ਦਾ ਸਾਮ੍ਹਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ|

Leave a Reply

Your email address will not be published. Required fields are marked *