ਚੋਣਾਂ ਦੌਰਾਨ ਵੋਟਰ, ਪਾਰਟੀਆਂ ਦੀ ਥਾਂ ਉਮੀਦਵਾਰਾਂ ਦੇ ਕੰਮ ਅਤੇ ਸਖਸ਼ੀਅਤ ਦੇ ਅਧਾਰ ਤੇ ਵੋਟਾਂ ਪਾਉਣ : ਹਰਦੀਪ ਸਿੰਘ

ਐਸ ਏ ਐਸ ਨਗਰ, 2 ਫਰਵਰੀ (ਸ.ਬ.) ਸਿੰਘ ਸਭਾ ਪੰਜਾਬ ਦੇ ਕਨਵੀਨਰ ਅਤੇ ਸ਼੍ਰੋਮਣੀ ਕਮੇਟੀ ਦੇ ਅਜਾਦ ਮੈਂਬਰ ਸ੍ਰ: ਹਰਦੀਪ ਸਿੰਘ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਖਾਂ ਬੰਦ ਕਰਕੇ ਕਿਸੇ ਇੱਕ ਪਾਰਟੀ ਨੂੰ ਵੋਟਾਂ ਪਾਉਣ ਦੀ ਥਾਂ ਪਾਰਟੀ ਸਫਾਂ ਤੋਂ ਉੱਪਰ ਹੋ ਕੇ ਉਮੀਦਵਾਰਾਂ ਦੇ ਕੀਤੇ ਕੰਮਾਂ, ਸਖਸ਼ੀਅਤ, ਮਿਲਵਰਤਨ ਅਤੇ ਸਹਿਚਾਰ ਦੇ ਅਧਾਰ ਤੇ ਵੋਟਾਂ ਪਾਉਣ| ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਰਾਹੀਂ ਜਿੱਥੇ ਚੰਗੇ ਲੋਕਾਂ ਦਾ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਣਾ ਜਰੂਰੀ ਹੈ ਉੱਥੇ ਪੰਜਾਬ ਵਿਰੋਧੀ ਉਮੀਦਵਾਰਾਂ ਦਾ ਹਾਰਨਾ ਵੀ ਜਰੂਰੀ ਹੈ|
ਉਹਨਾਂ ਕਿਹਾ ਕਿ ਇਸ ਸੋਚ ਨੂੰ ਆਧਾਰ ਬਣਾ ਕੇ ਸਿੰਘ ਸਭਾ ਪੰਜਾਬ ਵੱਲੋਂ ਹੋਰ ਹਮ ਖਿਆਲ ਸਮਾਜਿਕ ਅਤੇ ਪੰਥਕ ਜਥੇਬੰਦੀਆਂ ਨਾਲ ਮਸ਼ਵਰਾ  ਕਰਕੇ ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ ਦੇ ਦਾਖਾ ਤੋਂ ਸ੍ਰ: ਐਚ ਐਸ ਫੂਲਕਾ, ਖਰੜ ਤੋਂ ਸ੍ਰ: ਕੰਵਰ ਸਿੰਘ ਸੰਧੂ, ਭੁਲੱਥ ਤੋਂ ਸ੍ਰ:  ਸੁਖਪਾਲ ਸਿੰਘ ਖਹਿਰਾ, ਲੁਧਿਆਣਾ ਤੋਂ ਸ੍ਰ: ਬਲਵਿੰਦਰ ਸਿੰਘ ਬੈਂਸ, ਸ੍ਰ: ਸਿਮਰਨਜੀਤ ਸਿੰਘ ਬੈਂਸ, ਰਾਜਾਸਾਂਸੀ ਤੋਂ ਸ੍ਰ: ਜਗਜੋਤ ਸਿੰਘ ਖਾਲਸਾ ਅਤੇ ਕਾਂਗਰਸ ਦੇ ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ, ਜਲੰਧਰ ਤੋਂ ਸ੍ਰ: ਪਰਗਟ ਸਿੰਘ ਅਤੇ ਮਜੀਠਾ ਤੋਂ ਲਾਲੀ ਮਜੀਠੀਆ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ|  ਉਹਨਾਂ ਦੱਸਿਆ ਕਿ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਮਦਦ ਦਾ ਕਾਰਨ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਪੰਜਾਬ ਅਤੇ ਪੰਥ ਦੇ ਹੱਕ ਵਿੱਚ ਪਾਇਆ ਵਿਸ਼ੇਸ਼ ਯੋਗਦਾਨ ਹੈ|
ਸ੍ਰ. ਹਰਦੀਪ ਸਿੰਘ ਨੇ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਲੰਬੀ ਅਤੇ ਜਲਾਲਾਬਾਦ ਤੋਂ ਬਾਦਲਾਂ ਅਤੇ ਸਿਕੰਦਰ ਸਿੰਘ ਮਲੂਕਾ ਨੂੰ ਪਛਾੜਨ ਲਈ ਵਿਰੋਧੀ ਵੋਟਾਂ ਨੁੰ ਵੰਡੇ ਜਾਣ ਤੋਂ ਰੋਕਣਾ ਵੀ ਜਰੂਰੀ ਹੈ| ਉਹਨਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਰਾਜਸੀ ਤਾਕਤ ਦੀ ਦੁਰਵਰਤੋਂ ਨੇ ਪੰਜਾਬ ਅਤੇ ਪੰਥ ਦਾ ਬਹੁਤ  ਨੁਕਸਾਨ ਕੀਤਾ ਹੈ| ਉਹਨਾਂ ਕਿਹਾ ਕਿ ਚੋਣਾਂ ਲੜ ਰਹੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਦੀ ਕਾਰਜਸ਼ੈਲੀ ਇੱਕੋ ਜਿਹੀ ਹੈ, ਇਸ ਲਈ ਪਾਰਟੀਆਂ ਬਦਲਣ ਨਾਲ ਹਾਲਾਤ ਨਹੀਂ ਬਦਲ ਸਕਦੇ ਅਤੇ ਹਾਲਾਤ ਬਦਲਣ ਲਈ ਮੁੱਦਿਆਂ ਅਤੇ ਉਮੀਦਵਾਰਾਂ ਦੇ ਅਧਾਰ ਤੇ ਫੈਸਲੇ ਲੈਣੇ ਜਰੂਰੀ ਹਨ| ਉਨ੍ਹਾਂ ਕਿਹਾ ਕਿ ਨਵੀਂ ਉੱਭਰੀ ਆਮ ਆਦਮੀ ਪਾਰਟੀ ਦੀ ਭਰੋਸੇਯੋਗਤਾ ਵੀ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਹੈ|

Leave a Reply

Your email address will not be published. Required fields are marked *