ਚੋਣਾਂ ਦੌਰਾਨ ਸ਼ੇਅਰ ਬਾਜਾਰ ਵਿੱਚ ਹੋਣ ਵਾਲੇ ਉਲਟਫੇਰ ਤੋਂ ਬਚਣ ਲਈ ਆਪਣੀ ਪੂੰਜੀ ਸੁਰਖਿਅਤ ਕਰਨ ਨਿਵੇਸ਼ਕ

ਤਿੰਨ ਮਹੀਨੇ ਬਾਅਦ ਹੋਣ ਵਾਲੀਆਂ ਲੋਕਸਭਾ ਚੋਣਾਂ ਲਈ ਮੈਦਾਨ ਸਜਨਾ ਸ਼ੁਰੂ ਹੋ ਗਿਆ ਹੈ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੀ ਸਿਆਸੀ ਸਰਗਰਮੀਆਂ ਵਿੱਚ ਤੇਜੀ ਲਿਆ ਦਿੱਤੀ ਗਈ ਹੈ| ਇਸਦੇ ਨਾਲ ਹੀ ਸ਼ੇਅਰ ਬਾਜਾਰ ਵਿੱਚ ਵੀ ਭਾਰੀ ਉਲਟਫੇਰ ਦੀ ਸ਼ੁਰੂਆਤ ਹੋ ਗਈ ਹੈ| ਪਿਛਲੇ ਕੁੱਝ ਦਿਨਾਂ ਤੋਂ ਅਜਿਹਾ ਵੇਖਣ ਵਿੱਚ ਆ ਰਿਹਾ ਹੈ ਕਿ ਸ਼ੇਅਰ ਬਾਜਾਰ ਦਾ ਸੂਚਕ ਅੰਕ ਕਿਸੇ ਦਿਨ ਅਚਾਨਕ ਕਾਫੀ ਵੱਧ ਜਾਂਦਾ ਹੈ ਪਰੰਤੂ ਅਗਲੇ ਹੀ ਦਿਨ ਇਸ ਵਿੱਚ ਗਿਰਾਵਟ ਆ ਜਾਂਦੀ ਹੈ| ਬਾਜਾਰ ਵਿੱਚ ਹੋਣ ਵਾਲਾ ਇਹ ਉਲਟਫੇਰ ਲਗਾਤਾਰ ਵੱਧ ਰਿਹਾ ਹੈ ਅਤੇ ਜਿਵੇਂ ਜਿਵੇਂ ਆਮ ਚੋਣਾਂ ਦਾ ਸਮਾਂ ਆਉਣਾ ਹੈ ਇਸ ਵਿੱਚ ਹੋਰ ਵੀ ਵਾਧਾ ਹੋਣਾ ਹੈ|
ਸਾਡੇ ਦੇਸ਼ ਦਾ ਸ਼ੇਅਰ ਬਾਜਾਰ ਇਸ ਵੇਲੇ ਆਪਣੇ ਸਭ ਤੋਂ ਉੱਚੇ ਪੱਧਰ ਦੇ ਆਸਪਾਸ ਹੈ ਅਤੇ ਪਿਛਲੇ 6 ਕੁ ਮਹੀਨਿਆਂ ਤੋਂ ਇਹ ਇਸੇ ਪੱਧਰ ਦੇ ਆਸਪਾਸ ਚਲਦਾ ਆ ਰਿਹਾ ਹੈ| ਇਸ ਦੌਰਾਨ ਇਸ ਵਿੱਚ ਕਦੇ ਤੇਜ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਤੁਰੰਤ ਹੀ ਤੇਜੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ| ਹਾਲਾਂਕਿ ਇਹ ਬਾਜਾਰ ਹਾਲੇ ਹੋਰ ਵੀ ਉੱਪਰ ਜਾਵੇਗਾ ਜਾਂ ਫਿਰ ਇਸ ਵਿੱਚ ਅਚਾਨਕ ਗਿਰਾਵਟ ਦਾ ਦੌਰ ਆਰੰਭ ਹੋ ਜਾਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਸ਼ੇਅਰ ਬਾਜਾਰ ਦੇ ਮਾਹਿਰ ਹੁਣੇ ਇਸ ਵਿੱਚ ਹੋਰ ਤੇਜੀ ਆਉਣ ਦੀ ਪੇਸ਼ੀਨਗੋਹੀ ਵੀ ਕਰ ਰਹੇ ਹਨ ਪਰੰਤੂ ਆਮ ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਨਿਵੇਸ਼ਕਾਂ ਵਲੋਂ ਸਾਵਧਾਨੀ ਵਰਤੀ ਜਾਣੀ ਜਰੂਰੀ ਹੈ ਤਾਂ ਜੋ ਅਚਾਨਕ ਆਉਣ ਵਾਲੀ ਕਿਸੇ ਵੱਡੀ ਗਿਰਾਵਟ ਦੌਰਾਨ ਉਹਨਾਂ ਦਾ ਮੁਨਾਫਾ ਨੁਕਸਾਨ ਵਿੱਚ ਨਾ ਬਦਲ ਜਾਵੇ|
ਪਿਛਲੀ ਵਾਰ ਹੋਈਆਂ ਆਮ ਚੋਣਾਂ ਤੋਂ ਲੈ ਕੇ ਹੁਣ ਤਕ ਦੇ ਸਮੇਂ ਦੌਰਾਨ (ਜਦੋਂ ਤੋਂ ਦੇਸ਼ ਵਿੱਚ ਸ੍ਰੀ ਨਰਿੰੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆਈ ਹੈ) ਸ਼ੇਅਰ ਬਾਜਾਰ ਦਾ ਅੰਕੜਾ ਲਗਭਗ 80 ਫੀਸਦੀ ਦੇ ਆਸਪਾਸ ਵੱਧ ਚੁੱਕਿਆ ਹੈ ਅਤੇ 2014 ਵਿੱਚ 20 ਹਜਾਰ ਦੇ ਆਸ ਪਾਸ ਘੁੰਮਣ ਵਾਲਾ ਭਾਰਤੀ ਸ਼ੇਅਰ ਬਾਜਾਰ ਦਾ ਸੂਚਕ ਅੰਕ ਇਸ ਵੇਲੇ 36 ਹਜਾਰ ਦੇ ਅੰਕੜੇ ਤੋਂ ਵੀ ਉੱਪਰ ਹੈ| ਹਾਲਾਂਕਿ ਇਸ ਦੌਰਾਨ ਵੀ ਇਸ ਵਿੱਚ ਉਲਟਫੇਰ ਹੁੰਦਾ ਰਿਹਾ ਹੈ| ਮਈ 2014 ਤੋਂ ਲੈ ਕੇ ਦਸੰਬਰ 2015 ਤਕ ਦੇ ਸਮੇਂ ਵਿੱਚ ਇਹ ਲਗਭਗ ਡੇਢ ਗੁਨਾ ਤਕ ਵੱਧ ਕੇ 30 ਹਜਾਰ ਦੇ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਇਸ ਵਿੱਚ ਭਾਰੀ ਗਿਰਾਵਟ ਆਈ ਸੀ ਅਤੇ ਇਹ ਵਾਪਸ 23 ਹਜਾਰ ਦੇ ਆਸਪਾਸ ਆ ਗਿਆ ਸੀ| ਉਸ ਵੇਲੇ ਵੀ ਸ਼ੇਅਰ ਬਾਜਾਰ ਵਿੱਚ ਆਈ ਇਹ ਗਿਰਾਵਟ ਨਿਵੇਸ਼ਕਾਂ ਦਾ ਪੂਰਾ ਮੁਨਾਫਾ ਆਪਣੇ ਨਾਲ ਸਮੇਟ ਕੇ ਲੈ ਗਈ ਸੀ|
ਸ਼ੇਅਰ ਬਾਜਾਰ ਦਾ ਹੁਣ ਤਕ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਵੀ ਇਸ ਵਿੱਚ ਰਿਕਾਰਡ ਤੋੜ ਤੇਜੀ ਆਉਂਦੀ ਹੈ ਤਾਂ ਫਿਰ ਕੁੱਝ ਸਮੇਂ ਬਾਅਦ ਇਸ ਵਿੱਚ ਉਸੇ ਤੇਜੀ ਨਾਲ ਗਿਰਾਵਟ ਦਾ ਦੌਰ ਵੀ ਜਰੂਰ ਆਉਂਦਾ ਹੈ| ਹਰ ਵਾਰ ਅਜਿਹਾ ਹੀ ਹੁੰਦਾ ਹੈ ਅਤੇ ਬਾਜਾਰ ਵਿੱਚ ਆਉਣ ਵਾਲੀ ਇਹ ਗਿਰਾਵਟ ਛੋਟੇ ਨਿਵੇਸ਼ਕਾਂ ਦਾ ਭਾਰੀ ਨੁਕਸਾਨ ਕਰਦੀ ਹੈ| ਨਿਵੇਸ਼ਕ ਹੁਣੇ ਵੀ ਸ਼ੇਅਰ ਬਾਜਾਰ ਵਿੱਚ ਸਾਲ 2008 ਵਿੱਚ ਆਈ ਭਾਰੀ ਗਿਰਾਵਟ ਨੂੰ ਭੁੱਲੇ ਨਹੀ ਹੋਣਗੇ ਜਦੋਂ ਵਿਸ਼ਵ ਦੀ ਅਰਥ ਵਿਵਸਥਾ ਤੇ ਹਾਵੀ ਹੋਈ ਭਾਰੀ ਮੰਦੀ ਦੇ ਕਾਰਨ ਭਾਰਤੀ ਸ਼ੇਅਰ ਬਾਜਾਰ ਵਿੱਚ ਭਾਰੀ ਗਿਰਾਵਟ ਆਈ ਸੀ ਅਤੇ ਇਸ ਦੌਰਾਨ ਨਿਵੇਸ਼ਕਾਂ ਦੀ ਸਾਰੀ ਪੂਜੀ ਇਸ ਗਿਰਾਵਟ ਦੀ ਭੇਂਟ ਚੜ੍ਹ ਗਈ ਸੀ| ਉਸ ਵੇਲੇ ਸ਼ੇਅਰ ਬਾਜਾਰ ਇੱਕ ਵਾਰ 21000 ਦੇ ਜਾਦੂਈ ਅੰਕੜੇ ਨੂੰ ਪਾਰ ਕਰਨ ਤੋਂ ਬਾਅਦ ਬਹੁਤ ਤੇਜੀ ਨਾਲ ਹੇਠਾਂ ਆਇਆ ਸੀ ਅਤੇ ਡਿੱਗਦਾ ਡਿੱਗਦਾ 7800 ਦੇ ਅੰਕੜੇ ਤਕ ਪਹੁੰਚ ਗਿਆ ਸੀ|
ਸ਼ੇਅਰ ਬਾਜਾਰ ਦੇ ਮਾਹਿਰਾਂ ਦੇ ਦਾਅਵੇ ਕਦੋਂ ਝੂਠੇ ਪੈ ਜਾਣਗੇ ਅਤੇ ਉੱਪਰ ਵੱਲ ਨੂੰ ਜਾਂਦਾ ਇਹ ਬਾਜਾਰ ਕਦੋਂ ਤੇਜੀ ਨਾਲ ਹੇਠਾਂ ਡਿੱਗਣਾ ਸ਼ੁਰੂ ਹੋ ਜਾਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ| ਬਾਜਾਰ ਵਿੱਚ ਆਉਣ ਵਾਲੀ ਅਜਿਹੀ ਕਿਸੇ ਵੀ ਗਿਰਾਵਟ ਦੀ ਸਭ ਤੋਂ ਵੱਧ ਮਾਰ ਛੋਟੇ ਨਿਵੇਸ਼ਕਾਂ ਨੂੰ ਹੀ ਸਹਿਣੀ ਪੈਂਦੀ ਹੈ ਇਸ ਲਈ ਨਿਵੇਸ਼ਕਾਂ ਨੂੰ ਪੂਰੀ ਤਰ੍ਹਾਂ ਚੌਕਸ ਹੋ ਜਾਣਾ ਚਾਹੀਦਾ ਹੈ ਅਤੇ ਆਪਣੀ ਪੂੰਜੀ ਨੂੰ ਸੁਰਖਿਅਤ ਕਰ ਲੈਣਾ ਚਾਹੀਦਾ ਹੈ|
ਸ਼ੇਅਰ ਬਾਜਾਰ ਵਿੱਚ ਪੈਸਾ ਲਗਾਉਣ ਵਾਲੇ ਛੋਟੇ ਨਿਵੇਸ਼ਕਾਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਬਾਜਾਰ ਵਿੱਚ ਹੋਣ ਵਾਲਾ ਇਹ ਉਲਟਫੇਰ ਛੋਟੇ ਨਿਵੇਸ਼ਕਾਂ ਲਈ ਹਮੇਸ਼ਾ ਮਾਰੂ ਸਿੱਧ ਹੁੰਦਾ ਆਇਆ ਹੈ ਅਤੇ ਨਿਵੇਸ਼ਕਾਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾਂ ਸਾਵਧਾਨੀ ਵਰਤਣ ਅਤੇ ਸਮਾ ਰਹਿੰਦਿਆਂ ਪੂੰਜੀ ਨੂੰ ਸੁਰਖਿਅਤ ਕਰਨ| ਸ਼ੇਅਰ ਬਾਜਾਰ ਵਿੱਚ ਆਉਣ ਵਾਲੀ ਗਿਰਾਵਟ ਦੀ ਮਾਰ ਤੋਂ ਬਚਣ ਲਈ ਨਿਵੇਸ਼ਕਾਂ ਨੂੰ ਸਭ ਤੋਂ ਪਹਿਲਾਂ ਆਪਣੀ ਪੁੰਜੀ ਸੁਰਖਿਅਤ ਕਰਨੀ ਚਾਹੀਦੀ ਹੈ ਤਾਂ ਜੋ ਬਾਜਾਰ ਵਿੱਚ ਆਉਣ ਵਾਲੀ ਗਿਰਾਵਟ ਦੌਰਾਨ ਉਹ ਕਿਸੇ ਵੱਡੇ ਨੁਕਸਾਨ ਤੋਂ ਬਚ ਸਕਣ|

Leave a Reply

Your email address will not be published. Required fields are marked *