ਚੋਣਾਂ ਨੇੜੇ ਆਉਂਦਿਆਂ ਹੀ ਸਰਗਰਮੀਆਂ ਵਧਾ ਦਿੰਦੇ ਹਨ ਖੇਤਰੀ ਦਲ

ਆਂਧ੍ਰ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁੱਖੀ ਐਨ ਚੰਦਰਬਾਬੂ ਨਾਇਡੂ ਨੇ ਕੇਂਦਰ ਸਰਕਾਰ ਤੋਂ ਆਪਣੇ ਦੋਵਾਂ ਮੰਤਰੀਆਂ ਨੂੰ ਹਟਾ ਕੇ ਇੱਕ ਵਾਰ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ| ਬਦਲੇ ਵਿੱਚ ਚੰਦਰਬਾਬੂ ਨਾਇਡੂ ਦੀ ਸਰਕਾਰ ਤੋਂ ਵੀ ਭਾਜਪਾ ਦੇ ਦੋ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ| ਦੋਵੇਂ ਪਾਸਿਉਂ ਦੋ – ਦੋ ਮੰਤਰੀਆਂ ਨੇ ਸਰਕਾਰ ਭਾਵੇਂ ਛੱਡ ਦਿੱਤੀ ਹੋਵੇ, ਪਰੰਤੂ ਗਠਜੋੜ ਟੁੱਟਣ ਦਾ ਐਲਾਨ ਅਜੇ ਕਿਸੇ ਵੱਲੋਂ ਨਹੀਂ ਹੋਇਆ ਹੈ| ਗਠਜੋੜ ਕਦੋਂ ਤੱਕ ਬਣਿਆ ਰਹੇਗਾ, ਇਸ ਬਾਰੇ ਹੁਣ ਕੋਈ ਕਿਆਸ ਲਗਾਉਣਾ ਜਲਦਬਾਜੀ ਹੋਵੇਗੀ| ਦਰਅਸਲ, ਤੇਦੇਪਾ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰ ਰਹੀ ਹੈ| ਇਸ ਮੰਗ ਨੂੰ ਲੈ ਕੇ ਸੰਸਦ ਦੇ ਅੰਦਰ ਅਤੇ ਬਾਹਰ ਕਦੇ ਕਦੇ ਤੇਦੇਪਾ ਦੇ ਧਰਨੇ-ਪ੍ਰਦਰਸ਼ਨ ਹੁੰਦੇ ਰਹੇ ਹਨ| ਪਰੰਤੂ ਇਸ ਵਾਰ ਜਦੋਂ ਬਜਟ ਵਿੱਚ ਆਂਧਰਾ ਪ੍ਰਦੇਸ਼ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਮਿਲਿਆ ਤਾਂ ਤੇਦੇਪਾ ਦਾ ਸਬਰ ਟੁੱਟ ਗਿਆ ਅਤੇ ਉਸਨੇ ਸਰਕਾਰ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ| ਇਸ ਦੀ ਇੱਕ ਵਜ੍ਹਾ ਚੁਣਾਵੀ ਵੀ ਹੋ ਸਕਦੀ ਹੈ|
ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਵੀ ਵਿਧਾਨਸਭਾ ਚੋਣਾਂ ਅਗਲੇ ਸਾਲ ਲੋਕਸਭਾ ਚੋਣਾਂ ਦੇ ਨਾਲ ਹੀ ਹੋਣ| ਆਂਧਰਾ ਵਿੱਚ ਚੰਦਰਬਾਬੂ ਨਾਇਡੂ ਅਤੇ ਤੇਲੰਗਾਨਾ ਵਿੱਚ ਕੇ. ਚੰਦਰਸ਼ੇਖਰ ਰਾਓ, ਦੋਵਾਂ ਦੀ ਹੀ ਪਹਿਲ ਵਿਧਾਨਸਭਾ ਚੋਣਾਂ ਵਿੱਚ ਆਪਣੀ ਸੱਤਾ ਬਚਾਉਣ ਅਤੇ ਭਾਜਪਾ ਨੂੰ ਰੋਕਣ ਦੀ ਹੈ| ਪੂਰਬ ਉੱਤਰ ਵਿੱਚ ਭਾਜਪਾ ਦੀ ਕਾਮਯਾਬੀ ਨੇ ਖੇਤਰੀ ਦਲਾਂ ਦੀ ਨੀਂਦ ਉਡਾ ਦਿੱਤੀ ਹੈ| ਪੱਛਮ ਬੰਗਾਲ ਵਿੱਚ ਮਮਤਾ ਬੈਨਰਜੀ ਤੋਂ ਲੈ ਕੇ ਆਂਧਰਾ ਪ੍ਰਦੇਸ਼ , ਤੇਲੰਗਾਨਾ ਅਤੇ ਓੜੀਸ਼ਾ ਤੱਕ ਦੇ ਸੱਤਾਧਾਰੀ ਖੇਤਰੀ ਦਲ ਅਗਲੀਆਂ ਚੋਣਾਂ ਵਿੱਚ ਖੁਦ ਨੂੰ ਬਚਾਉਣ ਦੀ ਚਿੰਤਾ ਵਿੱਚ ਹਨ| ਵਿਸ਼ੇਸ਼ ਦਰਜੇ ਦੀ ਮੰਗ ਨੂੰ ਤੂਲ ਦੇਣ ਨਾਲ ਨਾਇਡੂ ਨੂੰ ਉਮੀਦ ਹੋਵੇਗੀ ਕਿ ਇਸ ਨਾਲ ਆਂਧਰਾ ਦੀ ਜਨਤਾ ਵਿੱਚ ਇਹ ਸੁਨੇਹਾ ਜਾਵੇਗਾ ਕਿ ਭਾਜਪਾ ਆਂਧਰਾ ਪ੍ਰਦੇਸ਼ ਦੀ ਅਨਦੇਖੀ ਕਰ ਰਹੀ ਹੈ| ਫਿਰ, ਨਾਇਡੂ ਦੀਆਂ ਨਜਰਾਂ ਕਾਂਗਰਸ ਵੱਲ ਵੀ ਹਨ| ਰਾਹੁਲ ਗਾਂਧੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਸੱਤਾ ਵਿੱਚ ਆਈ ਤਾਂ ਆਂਧਰਾ ਅਤੇ ਤੇਲੰਗਾਨਾ ਨੂੰ ਵਿਸ਼ੇਸ਼ ਦਰਜਾ ਦੇਵੇਗੀ | ਚੰਦਰਬਾਬੂ ਨਾਇਡੂ ਵੀ ਸਮਝ ਰਹੇ ਹਨ ਕਿ ਅਗਲੀਆਂ ਚੋਣਾਂ ਵਿੱਚ ਭਾਜਪਾ ਵਾਈਐਸਆਰ ਕਾਂਗਰਸ ਦੇ ਨਾਲ ਮਿਲ ਕੇ ਚੋਣ ਲੜ ਸਕਦੀ ਹੈ, ਇਸ ਲਈ ਇਸਨੂੰ ਹੁਣ ਛੱਡ ਦੇਣਾ ਬਿਹਤਰ ਹੈ ਅਤੇ ਸਾਲ ਭਰ ਵਿੱਚ ਭਾਜਪਾ ਨੂੰ ਰੋਕਣ ਲਈ ਜ਼ਮੀਨ ਪੁਖਤਾ ਕੀਤੀ ਜਾ ਸਕੇਗੀ| ਤੇਲੰਗਾਨਾ ਦੇ ਮੁੱਖਮੰਤਰੀ ਕੇ . ਚੰਦਰਸ਼ੇਖਰ ਰਾਓ ਨੇ ਹਾਲ ਵਿੱਚ ਤੀਜਾ ਮੋਰਚਾ ਬਣਾਉਣ ਦਾ ਜੋ ਰਾਗ ਛੇੜਿਆ ਹੈ ਉਹ ਵੀ ਰਾਜ ਵਿੱਚ ਭਾਜਪਾ ਨੂੰ ਰੋਕਣ ਦੀ ਦਿਸ਼ਾ ਵਿੱਚ ਹੀ ਕਦਮ ਹੈ| ਐਨ ਡੀ ਏ ਦੇ ਇੱਕ ਅਤੇ ਸਾਥੀ ਜਨਤਾ ਦਲ ( ਏਕੀ ) ਦੇ ਰਾਜ ਸਭਾ ਸਾਂਸਦ ਪਵਨ ਵਰਮਾ ਅਤੇ ਬੁਲਾਰਾ ਕੇਸੀ ਤਿਆਗੀ ਨੇ ਵੀ ਬਿਹਾਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਚੁੱਕੀ ਹੈ| ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਕੀ ਇਸ ਵਿੱਚ ਨੀਤੀਸ਼ ਦੀ ਵੀ ਸਹਿਮਤੀ ਹੈ? ਨੀਤੀਸ਼ ਇਹ ਮੰਗ ਪਹਿਲਾਂ ਕਈ ਵਾਰ ਉਠਾ ਚੁੱਕੇ ਹਨ, ਇਸ ਲਈ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਉਨ੍ਹਾਂ ਵੱਲੋਂ ਬਿਹਾਰ ਦੇ ਵਿਸ਼ੇਸ਼ ਦਰਜੇ ਦੀ ਮੰਗ ਭਾਜਪਾ ਦਾ ਸਿਰਦਰਦ ਬਣ ਜਾਵੇ | ਬਹਿਰਹਾਲ, ਕੇਂਦਰ ਦਾ ਕਹਿਣਾ ਹੈ ਕਿ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਵਿਸ਼ੇਸ਼ ਰਾਜ ਦੀ ਸ਼੍ਰੇਣੀ ਹੀ ਖਤਮ ਕਰ ਦਿੱਤੀ ਗਈ ਹੈ| ਅਜਿਹੇ ਵਿੱਚ ਕਿਸੇ ਨੂੰ ਵਿਸ਼ੇਸ਼ ਦਰਜਾ ਦੇਣਾ ਸੰਭਵ ਨਹੀਂ ਹੈ | ਹਾਲਤ ਇਹ ਹੈ ਕਿ ਆਂਧਰਾ ਅਤੇ ਤੇਲੰਗਾਨਾ ਵਿੱਚ ਰੁਜਗਾਰ ਅਤੇ ਕਿਸਾਨਾਂ ਦੇ ਮੁੱਦੇ ਤਾਂ ਗਰਮ ਹਨ ਹੀ, ਵਿਕਾਸ ਪ੍ਰਜੈਕਟਾਂ ਵੀ ਕੇਂਦਰੀ ਮਦਦ ਤੋਂ ਬਿਨਾਂ ਸਿਰੇ ਨਹੀਂ ਚੜ੍ਹ ਪਾ ਰਹੇ| ਇਸ ਲਈ ਖੇਤਰੀ ਦਲ ਚੋਣਾਂ ਕਰੀਬ ਆਉਂਦੇ ਹੀ ਆਪਣੀ ਰਣਨੀਤੀ ਵਿੱਚ ਕੋਈ ਕਸਰ ਨਹੀਂ ਰੱਖਣਾ ਚਾਹੁੰਦੇ|
ਰਾਜਨਾਥ ਚੌਹਾਨ

Leave a Reply

Your email address will not be published. Required fields are marked *