ਚੋਣਾਂ ਮੌਕੇ ਪਾਲਾ ਬਦਲਣ ਵਾਲੇ ਆਗੂ ਜਨਤਾ ਦਾ ਕੀ ਸਵਾਰਣਗੇ

ਪੰਜਾਬ ਵਿ4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸਤ ਜੋਰ ਫੜ ਚੁੱਕੀ ਹੈ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਵਿੱਚ ਤੇਜੀ ਲਿਆ ਦਿੱਤੀ ਗਈ ਹੈ| ਪੰਜਾਬ ਵਿੱਚ ਇਸ ਵਾਰ ਤਿਕੋਨਾ ਮੁਕਾਬਲਾ ਹੋਣ ਦੀ ਚਰਚਾ ਹੈ ਅਤੇ ਸੂਬੇ ਦੀ ਸੱਤਾ ਤੇ ਕਾਬਿਜ ਅਕਾਲੀ ਭਾਜਪਾ ਗਠਜੋੜ, ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਪਿਛਲੇ ਸਮੇਂ ਦੌਰਾਨ ਸੂਬੇ ਦੀ ਰਾਜਨੀਤੀ ਉੱਪਰ ਆਪਣੀ ਪਕੜ ਮਜਬੂਤ ਕਰਦੀ ਜਾ ਰਹੀ ਆਮ ਆਦਮੀ ਪਾਰਟੀ ਵਿਚਕਾਰ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਨਜਰ ਆ ਰਹੀ ਹੈ| ਇਹਨਾਂ ਤਿੰਨਾ ਹੀ ਧਿਰਾਂ ਦਾ ਪੂਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਦੂਜੀਆਂ ਪਾਰਟੀਆਂ ਦੇ ਅਸੰਤੁਸ਼ਟ ਆਗੂਆਂ ਨੂੰ ਆਪਣੇ ਖੇਮੇ ਵਿੱਚ ਸ਼ਾਮਿਲ ਕਰ ਲਿਆ ਜਾਵੇ ਤਾਂ ਜੋ ਵਿਰੋਧੀ ਉਮੀਦਵਾਰ ਦੇ ਸਮਰਥਕ ਘੱਟ ਹੋ ਜਾਣ| ਇਸ ਸੰਬੰਧੀ ਪੰਜਾਬ ਦੇ ਵੱਖ ਵੱਖ ਹਲਕਿਆਂ ਵਿੱਚ ਸਰਗਰਮ ਕਈ ਆਗੂ ਇੱਕ ਤੋਂ ਬਾਅਦ ਇੱਕ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵੱਲ ਉਡਾਰੀ ਮਾਰ ਵੀ ਚੁੱਕੇ ਹਨ| ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚ ਕੁੱਝ ਤਾਂ ਅਜਿਹੇ ਹੀ ਹਨ ਜਿਹੜੇ ਸਾਰੀ ਉਮਰ ਕਿਸੇ ਪਾਰਟੀ ਵਿਸ਼ੇਸ਼ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਉਸੇ ਦਾ ਹਿੱਸਾ ਉਸਦੇ  ਸੋਹਲੇ ਗਾਉਂਦੇ ਦਿਖਦੇ ਹਨ|
ਇਸ ਦੌਰਾਨ ਜਿੱਥੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਹਰ ਸੰਭਵ ਯਤਨ ਕਰਕੇ ਆਪਣੇ ਸਮਰਥਕਾਂ ਦੀ ਫੌਜ ਵਧਾਉਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਉੱਥੇ ਇਹਨਾਂ ਉਮੀਦਵਾਰਾਂ ਦੇ ਸਮਰਥਕ ਵੀ ਮੋਕਾ ਵੇਖ ਕੇ ਆਪਣੀਆਂ ਵਫਾਦਾਰੀਆਂ ਬਦਲਦੇ ਵੇਖੇ ਜਾ ਸਕਦੇ ਹਨ| ਆਪਣੀ ਵਫਾਦਾਰੀ ਬਦਲ ਕੇ ਕਿਸੇ ਦੂਜੇ ਉਮੀਦਵਾਰ ਦੇ ਕੈਂਪ ਵਿੱਚ ਸ਼ਾਮਿਲ ਹੋਣ ਵਾਲੇ ਇਹਨਾਂ ਆਗੂਆਂ ਵਲੋਂ ਆਪਣੀ ਇਸ ਕਾਰਵਾਈ ਨੂੰ ਜਾਇਜ ਠਹਿਰਾਉਣ ਲਈ ਜਿੱਥੇ ਕਈ ਤਰ੍ਹਾਂ ਦੇ ਤਰਕ ਦਿੱਤੇ ਜਾਂਦੇ ਹਨ ਉੱਥੇ ਪਾਲਾ ਬਦਲਣ ਵਾਲੇ ਅਜਿਹੇ ਵਿਅਕਤੀਆਂ ਉੱਪਰ ਕਈ ਤਰ੍ਹਾਂ ਦੇ ਇਲਜਾਮ ਵੀ ਲੱਗਦੇ ਰਹਿੰਦੇ ਹਨ| ਹਾਲਾਂਕਿ ਇਹ ਗੱਲ ਵੀ ਪੂਰੀ ਤਰ੍ਹਾਂ ਸਚ ਹੈ ਕਿ ਚੋਣਾਂ ਦੇ ਇਸ ਮੌਸਮ ਵਿੱਚ ਕੁੱਝ ਮਤਲਬ-ਪਰਸਤ ਲੋਕ ਮੌਕੇ ਦਾ ਪੂਰਾ ਫਾਇਦਾ ਉਠਾਉਂਦੇ ਹਨ ਅਤੇ ਲੋਕਾਂ ਵਿੱਚ ਆਪਣੇ ਰਸੂਖ ਦੀ ਪੂਰੀ ਕੀਮਤ ਵਸੂਲ ਕਰਦੇ ਹਨ|
ਮੌਕਾ ਆਉਣ ਤੇ ਪਾਲਾ ਬਦਲਣ ਵਾਲੇ ਇਹਨਾਂ ਆਗੂਆਂ ਵਿੱਚੋਂ ਜਿਆਦਾਤਰ ਨੂੰ ਹਰ ਵਾਰ ਚੋਣਾਂ ਦੇ ਮੌਸਮ ਵਿੱਚ ਆਪਣੀਆਂ ਵਫਾਦਰੀਆਂ ਬਦਲਦੇ ਵੇਖਿਆ ਜਾ ਸਕਦਾ ਹੈ| ਚੋਣਾਂ ਵੇਲੇ ਕਿਉਂਕਿ ਇਹਨਾਂ ਆਗੂਆਂ ਦੀ ਕਦਰ ਪੈ ਜਾਂਦੀ ਹੈ ਅਤੇ ਆਪਣੀਆਂ ਮੂਲ ਪਾਰਟੀਆਂ ਵਿੱਚ ਹੋ ਰਹੀ ਆਪਣੀ               ਬੇਕਦਰੀ ਤੋਂ ਦੁਖੀ ਇਹ ਆਗੂ ਕੁੱਝ ਬਿਹਤਰ ਹਾਸਿਲ ਕਰਨ ਲਈ ਪਾਲਾ ਬਦਲ ਕੇ ਨਵੇਂ ਸਿਰੇ ਤੋਂ ਆਪਣੀ ਸਿਆਸੀ ਡਫਲੀ ਵਜਾਉਣ ਲੱਗ ਜਾਂਦੇ ਹਨ| ਇਹਨਾਂ ਆਗੂਆਂ ਵਿੱਚੋਂ ਜਿਆਦਾਤਰ ਦੀ ਸੋਚ ਇਹ ਹੁੰਦੀ ਹੈ ਕਿ ਸੱਤਾ ਤੇ ਕਾਬਜ ਹੋਣ ਵਾਲੀ ਪਾਰਟੀ ਦੇ ਉਮੀਦਵਾਰ ਦਾ ਹੀ ਸਮਰਥਨ ਕੀਤਾ ਜਾਵੇ ਤਾਂ ਜੋ ਬਾਅਦ ਵਿੱਚ ਸਰਕਾਰ ਬਣਨ ਤੇ ਉਹ ਆਪਣੇ ਅਤੇ ਆਪਣੇ ਸਮਰਥਕਾਂ ਦੇ ਕੰਮ ਕਰਵਾ ਸਕਣ ਅਤੇ ਆਪਣੇ ਫਾਇਦੇ ਨੁਕਸਾਨ ਦਾ ਪੂਰਾ ਹਿਸਾਬ ਕਿਤਾਬ ਲਗਾਉਣ ਤੋਂ ਬਾਅਦ ਹੀ ਉਹ ਪਾਲਾ ਬਦਲਦੇ ਹਨ|
ਵੋਟਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਉਮੀਦਵਾਰ  ਦੀ ਕਾਬਲੀਅਤ ਦਾ ਪੈਮਾਨਾ ਇਹ ਨਹੀਂ ਹੁੰਦਾ ਕਿ ਕਿਹੜਾ ਉਮੀਦਵਾਰ ਆਪਣੇ ਮੁਕਾਬਲੇ ਤੇ ਚੋਣ ਲੜਣ ਵਾਲੇ ਦੂਜੇ ਉਮੀਦਵਾਰਾਂ ਦੇ ਕਿੰਨੇ ਕੁ ਸਮਰਥਕਾਂ  ਨੂੰ ਆਪਣੇ ਪਾਲੇ ਵਿੱਚ ਸ਼ਾਮਿਲ ਕਰਨ ਵਿੱਚ ਕਾਮਯਾਬ ਹੁੰਦਾ ਹੈ ਜਾਂ ਫਿਰ ਕਿਸ ਵਿੱਚ ਕਿੰਨੀ ਵੱਧ ਭੀੜ ਇੱਕਠੀ ਕਰਨ ਦੀ ਸਮਰਥਾ ਹੈ ਬਲਕਿ ਉਮੀਦਵਾਰ ਦੀ ਚੋਣ ਕਰਨ ਵੇਲੇ ਆਮ ਲੋਕਾਂ ਨੂੰ ਉਮੀਦਵਾਰ ਦੀ ਸ਼ਖਸ਼ੀਅਤ, ਉਸਦੇ ਕਿਰਦਾਰ ਅਤੇ ਰਾਜਨੀਤਿਕ ਪਹੁੰਚ ਦੇ ਨਾਲ ਨਾਲ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਉਸਦੀ ਸੋਚ ਨੂੰ ਵੀ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਣਾ ਚਾਹੀਦਾ ਹੈ| ਬਾਕੀ ਰਹੀ ਗੱਲ ਪਾਲਾ ਬਦਲਣ ਵਾਲੇ ਆਗੂਆਂ ਦੀ ਤਾਂ ਅਜਿਹੇ ਵਿਅਕਤੀ ਦਾਅਵੇ ਭਾਵੇਂ ਜਿੰਨੇ ਮਰਜੀ ਕਰਦੇ ਹੋਣ ਪਰੰਤੂ ਨਿੱਜੀ ਹਿੱਤਾਂ ਦੀ ਪੂਰਤੀ ਲਈ ਪਾਲਾ ਬਦਲਣ ਵਾਲੇ ਇਹ ਆਗੂ ਭਲਾ ਜਨਤਾ ਦਾ ਕੀ ਸਵਾਰਣਗੇ| ਇਸ ਲਈ ਵੋਟਰ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਵੇਲੇ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ|

Leave a Reply

Your email address will not be published. Required fields are marked *