ਚੋਣ ਅਮਲ ਦੌਰਾਨ ਨਸ਼ਿਆਂ ਦੀ ਦੁਰਵਰਤੋਂ ਤੇ ਕਾਬੂ ਕਰਨਾ ਚੋਣ ਕਮਿਸ਼ਨ ਦੀ ਜਿੰਮੇਵਾਰੀ

ਪੰਜਾਬ ਵਿਧਾਨਸਭਾ ਦੀ 4 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਵਲੋਂ ਕੀਤਾ ਜਾ ਰਿਹਾ ਪ੍ਰਚਾਰ ਪੂਰੀ ਤੇਜੀ ਫੜ ਚੁੱਕਿਆ ਹੈ| ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਅਧਿਕਾਰਤ ਉਮੀਦਵਾਰਾਂ ਤੋਂ ਇਲਾਵਾ ਚੋਣ ਮੈਦਾਨ ਵਿੱਚ ਉਤਰੇ ਆਜਾਦ ਉਮੀਦਵਾਰਾਂ ਵੱਲੋਂ ਵੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਸਾਰੇ ਹੀ ਉਮੀਦਵਾਰਾਂ ਵੱਲੋਂ ਹਲਕੇ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ (ਜਾਇਜ ਨਾਜਾਇਜ ਤਰੀਕੇ ਨਾਲ) ਆਪਣੀ ਪੂਰੀ ਵਾਹ ਲਗਾਈ ਜਾ ਰਹੀ ਹੈ|
ਹਮੇਸ਼ਾ ਤੋਂ ਇੰਝ ਹੀ ਹੁੰਦਾ ਆਇਆ ਹੈ ਕਿ ਚੋਣਾਂ ਦਾ ਮੌਸਮ ਆਉਂਦਿਆਂ ਹੀ ਚੋਣ ਲੜਣ ਦੇ ਚਾਹਵਾਨ ਆਪਣੇ ਖੰਭ ਕੱਢਣੇ ਆਰੰਭ ਕਰ ਦਿੰਦੇ ਹਨ| ਵੋਟਰਾਂ ਨੂੰ ਖੁਸ਼ ਕਰਨ ਲਈ ਉਮੀਦਵਾਰਾਂ ਦਾ ਸਭ ਤੋਂ ਪਸੰਦੀਦਾ ਵਰਤਾਰਾ ਲੋਕਾਂ ਨੂੰ ਨਸ਼ੇ ਦਾ ਸਾਮਾਨ ਮੁਹਈਆ ਕਰਵਾ ਕੇ ਉਹਨਾਂ ਦੀ ਖੁਸ਼ ਕਰਨ ਦੀ ਕੋਸ਼ਿਸ਼ ਨੂੰ ਹੀ ਸਮਝਿਆ ਜਾਂਦਾ ਹੈ| ਸਾਡਾ ਤਜਰਬਾ ਦੱਸਦਾ ਹੈ ਕਿ ਅਜਿਹੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਖੁਸ਼ ਕਰਨ ਲਈ ਜਿੱਥੇ ਟ੍ਰੱਕਾਂ ਦੇ ਟ੍ਰੱਕ ਸ਼ਰਾਬ ਵਰਤਾਈ ਜਾਂਦੀ ਰਹੀ ਹੈ ਉੱਥੇ ਅਫੀਮ, ਭੂਕੀ, ਡੋਡੇ, ਚਰਸ, ਗੋਲੀਆਂ ਅਤੇ ਹੋਰ ਪਤਾ ਨਹੀਂ ਕਿੰਨਾ ਅਜਿਹਾ ਸਾਮਾਨ ਵੋਟਰਾਂ ਵਿੱਚ ਵੰਡਿਆ ਜਾਦਾ ਰਿਹਾ ਹੈ| ਨਸ਼ੇ ਵੰਡਣ ਦਾ ਇਹ ਕੰਮ ਚੋਣਾਂ ਦੀ ਤਰੀਕ ਦਾ ਐਲਾਨ ਹੁੰਦਿਆਂ ਸਾਰ ਹੀ ਆਰੰਭ ਕਰ ਦਿੱਤਾ ਜਾਂਦਾ ਹੈ ਅਤੇ ਪਹਿਲਾਂ ਪਹਿਲਾਂ ਜਿੱਥੇ ਉਮੀਦਵਾਰਾਂ ਵੱਲੋਂ ਸ਼ਰਾਬ ਅਤੇ ਹੋਰ ਨਸ਼ੇ ਸਿਰਫ ਆਪੋ-ਆਪਣੇ ਖਾਸ ਬੰਦਿਆਂ ਵਿੱਚ ਹੀ ਵੰਡੇ ਜਾਂਦੇ ਹਨ ਉੱਥੇ ਜਿਵੇਂ ਜਿਵੇਂ ਚੋਣਾ ਦੀ ਤਰੀਕ ਨੇੜੇ ਆਉਂਦੀ ਹੈ ਇਹ ਨਸ਼ੇ ਆਮ ਲੋਕਾਂ ਵਿੱਚ ਵੀ ਲੁਕਵੇਂ ਰੂਪ ਵਿੱਚ ਵੰਡੇ ਜਾਂਦੇ ਹਨ|
ਚੋਣਾਂ ਦੌਰਾਨ ਵੱਡੇ ਪੱਧਰ ਤੇ ਕੀਤੀ ਜਾਂਦੀ ਨਸ਼ਿਆਂ ਦੀ ਇਹ ਵਰਤੋਂ ਸਾਡੇ ਲੋਕਤੰਤਰ ਦੇ ਬਦਨੁਮਾ ਦਾਗ ਵਰਗੀ ਹੈ| ਚੋਣਾਂ ਵੇਲੇ ਨਸ਼ੇ ਵੰਡਣ ਦੀ ਇਸ ਕਾਰਵਾਈ ਲਈ ਸਿਰਫ ਉਮੀਦਵਾਰਾਂ ਨੂੰ ਹੀ ਦੋਸ਼ੀ ਨਹੀਂ ਮੰਨਿਆ ਜਾ ਸਕਦਾ ਬਲਕਿ ਇਸ ਲਈ ਉਹ ਵੋਟਰ ਵੀ ਬਰਾਬਰ ਦੇ ਜਿੰਮੇਵਾਰ ਹਨ ਜਿਹੜੇ ਆਪਣੀ ਵੋਟ ਦੀ ਕੀਮਤ ਇਹਨਾਂ ਨਸ਼ਿਆਂ ਦੇ ਰੂਪ ਵਿੱਚ ਵਸੂਲ ਕਰਦੇ ਹਨ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਨੂੰ ਨਸ਼ੇ ਵੰਡਣ ਲਈ ਮਜਬੂਰ ਕਰਦੇ ਹਨ| ਮੁਫਤ ਦੇ ਨਸ਼ਿਆਂ ਦਾ ਲਾਲਚ ਇੱਥੋਂ ਤੱਕ ਵੱਧ ਗਿਆ ਹੈ ਕਿ ਵਿਹਲੜ-ਕਿਸਮ ਦੇ ਆਦਮੀ ਵੀ ਇਸ ਸਮੇਂ ਕਿਸੇ ਨਾ ਕਿਸੇ ਉਮੀਦਵਾਰ ਦਾ ਚੋਣ ਪ੍ਰਚਾਰ ਕਰਦੇ ਵੇਖੇ ਜਾ ਸਕਦੇ ਹਨ| ਉਮੀਦਵਾਰ ਨੂੰ ਤਾਂ ਆਪਣੀ ਜਿੱਤ ਨਾਲ ਮਤਲਬ ਹੁੰਦਾ ਹੈ ਅਤੇ ਇਸ ਲਈ ਉਹ ਹਰ ਨੈਤਿਕ-ਅਨੈਤਿਕ ਕੰਮ ਕਰਨ ਲਈ ਤੁਰੰਤ ਤਿਆਰ ਹੋ ਜਾਂਦਾ ਹੈ|
ਉਮੀਦਵਾਰਾਂ ਵਲੋਂ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਨਸ਼ੇ ਵੰਡਣ ਦੀ ਇਸ ਕਾਰਵਾਈ ਤੇ ਕਾਬੂ ਕਰਨ ਲਈ ਹਾਲਾਂਕਿ ਚੋਣ ਕਮਿਸ਼ਨ ਵਲੋਂ ਕਈ ਕਦਮ ਚੁੱਕੇ ਗਏ ਹਨ ਅਤੇ ਚੋਣ ਕਮਿਸ਼ਨ ਦੀ ਇਸ ਸਖਤੀ ਦਾ ਅਸਰ ਵੀ ਦਿਖ ਰਿਹਾ ਹੈ ਪਰੰਤੂ ਉਮੀਦਵਾਰਾਂ ਵਲੋਂ ਬਦਲਵੇਂ ਰਾਹ ਅਖਤਿਆਰ ਕੀਤੇ ਜਾ ਰਹੇ ਹਨ| ਇਸ ਰੁਝਾਨ ਨੂੰ ਰੋਕਣ ਲਈ ਜਰੂਰੀ ਹੈ ਕਿ ਵੋਟਰ ਆਪਣੀ ਵੋਟ ਦੀ ਕੀਮਤ ਬਦਲੇ ਨਸ਼ੇ ਮੰਗਣ ਦੇ ਰੁਝਾਨ ਤੇ ਕਾਬੂ ਕਰੇ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਨਸ਼ੇ ਵੰਡਣ ਦੀ ਇਸ ਕਾਰਵਾਈ ਦਾ ਵਿਰੋਧ              ਕਰੇ| ਵੋਟਰਾਂ ਨੂੰ ਚਾਹੀਦਾ ਹੈ ਕਿ ਮੁਫਤ ਦੇ ਲਾਲਚ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਨਾ ਫਸਣ ਕਿਉਂਕਿ ਅਜਿਹਾ ਕਰਕੇ ਉਹ ਖੁਦ ਦਾ ਹੀ ਨੁਕਸਾਨ ਕਰਦੇ ਹਨ| ਵੋਟਰਾਂ ਨੂੰ ਜਿੱਥੇ ਨਸ਼ਿਆਂ ਤੋਂ             ਪਰਹੇਜ਼ ਕਰਨਾ ਚਾਹੀਦਾ ਹੈ, ਉੱਥੇ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਵੀ  ਕਰਨਾ ਚਾਹੀਦਾ ਹੈ| ਵੋਟਰਾਂ ਲਈ ਇਹ ਸੁਨਹਿਰੀ ਮੌਕਾ ਹੈ ਅਤੇ ਉਨ੍ਹਾਂ ਨੂੰ ਸ਼ਰਾਬ ਅਤੇ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਦਾ ਬਾਈਕਾਟ ਕਰਕੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ| ਨਸ਼ੇ ਵੰਡ ਕੇ ਚੋਣਾ ਜਿੱਤਣ ਵਾਲੇ ਉਮੀਦਵਾਰ ਕਦੇ ਵੀ ਜਨਤਾ ਦਾ ਭਲਾ ਨਹੀਂ ਕਰਦੇ ਬਲਕਿ ਉਹ ਚੋਣਾ ਦੌਰਾਨ ਕੀਤੇ ਗਏ ਖਰਚੇ ਦੀ ਪੂਰੀ ਵਸੂਲੀ ਕਰਦੇ ਹਨ ਇਸ ਲਈ ਵੋਟਰਾਂ ਨੂੰ ਇਸ ਛੋਟੇ ਲਾਲਚ ਵਿੱਚ ਨਾ ਫਸ ਕੇ ਸੂਬੇ ਦੇ               ਵਡੇਰੇ ਵਿਕਾਸ ਲਈ ਵੋਟਾਂ ਪਾਉਣੀਆਂ ਚਾਹੀਦੀਆਂ ਹਨ|
ਚੋਣ ਕਮਿਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਵੋਟਰਾਂ ਨੂੰ ਨਸ਼ੇ ਦੀ ਖੁਰਾਕ ਵੰਡਣ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਆਪਣੀ ਕਾਰਵਾਈ ਨੂੰ ਹੋਰ ਤਿੱਖਾ ਬਣਾਏ ਅਤੇ ਨਵੇਂ ਨਵੇਂ ਢੰਗ ਤਰੀਕੇ ਅਖਤਿਆਰ ਕਰਕੇ ਅਮਲ ਵਿੱਚ ਲਿਆਂਦੀ ਜਾ ਰਹੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਤੁਰੰਤ ਪ੍ਰਭਾਵੀ ਕਾਰਵਾਈ ਕਰੇ| ਚੋਣਾ ਦੌਰਾਨ ਨਸ਼ਿਆਂ ਦੀ ਵੰਡ ਦੀ ਕਾਰਵਾਈ ਤੇ ਰੋਕ ਲਗਾਉਣਾ ਚੋਣ ਕਮਿਸ਼ਨ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਕਮਿਸ਼ਨ ਵਲੋਂ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *