ਚੋਣ ਕਮਿਸ਼ਨ ਅਤੇ ਪੁਲੀਸ ਦੀ ਸਖਤੀ ਕਾਰਨ ਬੋਚ ਬੋਚ ਕੇ ਚੱਲ ਰਹੇ ਹਨ ਉਮੀਦਵਾਰ ਮੁੱਖ ਉਮੀਦਵਾਰਾਂ ਨੂੰ ਜਾਰੀ ਹੋ ਚੁੱਕੇ ਹਨ ਦਰਜਨਾਂ ਨੋਟਿਸ

ਐਸ ਏ ਐਸ ਨਗਰ, 21 ਜਨਵਰੀ (ਸ.ਬ.) ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਵਿਚ 15 ਕੁ ਦਿਨ ਹੀ ਬਾਕੀ ਬਚੇ ਹਨ , ਇਸ ਦੌਰਾਨ ਪੂਰੇ ਪੰਜਾਬ ਵਿਚ ਹੀ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਪੂਰੇ ਸਿਖਰਾਂ ਉਪਰ ਪਹੁੰਚਾਇਆ ਹੋਇਆ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਚੋਣ ਕਮਿਸ਼ਨ ਦੀ ਸਖਤੀ ਕਾਰਨ  ਅਤੇ ਪੁਲੀਸ ਵਲੋਂ ਵੀ ਥਾਂ ਥਾਂ ਨਾਕੇਬੰਦੀ ਕਰਕੇ ਸਖਤੀ ਕੀਤੀ ਹੋਣ ਕਾਰਨ ਉਮੀਦਵਾਰ ਬਹੁਤ ਬੋਚ ਬੋਚ ਕੇ ਕਦਮ ਚੁਕ ਰਹੇ ਹਨ|
ਇਥੇ ਇਹ ਜਿਕਰਯੋਗ ਹੈ ਕਿ ਚੋਣ ਕਮਿਸਨ ਦੀ ਘੁਰਕੀ ਤੋਂ ਡਰਦਿਆਂ ਸਾਰੇ ਹੀ ਉਮੀਦਵਾਰਾਂ ਵਲੋਂ ਸੀਮਿਤ ਖਰਚਿਆਂ ਵਿਚ ਚੋਣ ਮੁਹਿੰਮ ਚਲਾਈ ਜਾ ਰ ਹੀ ਹੈ, ਦੁਜੇ ਪਾਸੇ ਪੁਲੀਸ ਦੀ ਸਖਤੀ ਅੱਗੇ ਵੀ ਉਮੀਦਵਾਰਾਂ ਦੀ ਕੋਈ ਵਾਹ ਨਹੀਂ ਜਾ ਰਹੀ| ਪਿਛਲੇ ਦਿਨਾਂ ਦੌਰਾਨ ਮੁਹਾਲੀ ਪੁਲੀਸ ਵਲੋਂ ਜਿਥੇ ਵੱਡੀ ਗਿਣਤੀ ਵਿਚ ਸੋਨਾ ਬਰਾਮਦ ਕੀਤਾ ਗਿਆ ਹੈ,ਉਥੇ ਹੀ ਪੁਲੀਸ ਵਲੋਂ ਲੱਖਾਂ ਰੁਪਏ ਨਗਦੀ ਵੀ ਬਰਾਮਦ ਕੀਤੀ ਜਾ ਚੁਕੀ ਹੈ| ਇਸ ਤੋਂ ਇਲਾਵਾ ਪੁਲੀਸ ਵਲੋਂ ਵੱਖ ਵੱਖ ਥਾਂਵਾਂ ਉਪਰ ਨਾਕੇ ਲਗਾ ਕੇ ਵਾਹਨਾਂ ਦੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ| ਬੀਤੇ ਦਿਨ ਲੁਧਿਆਣਾ ਪੁਲੀਸ ਵਲੋਂ ਵਿਸੇਸ ਨਾਕਾਬੰਦੀ ਦੌਰਾਨ 4 ਕਰੋੜ ਵੀਹ ਲੱਖ ਦਾ ਸੋਨਾ ਬਰਾਮਦ ਕੀਤਾ ਗਿਆ ਹੈ, ਇਸੇ ਤਰਾਂ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਪੁਲੀਸ ਵਲੋਂ ਨਗਦੀ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁਕੇ ਹਨ| ਜਿਸ ਕਾਰਨ ਚੋਣਾਂ ਵਿਚ ਨਸ਼ੇ ਵੰਡਣ ਵਾਲੇ ਉਮੀਦਵਾਰਾਂ  ਦੀ ਕੋਈ ਵਾਹ ਨਹੀਂ ਜਾ ਰਹੀ|
ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆ ਚੋਣਾਂ ਦੌਰਾਨ ਅਕਸਰ ਹੀ ਇਹ ਵਾਪਰਦਾ ਹੈ ਕਿ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਹੋਰ ਆਜਾਦ ਉਮੀਦਵਾਰ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਵੋਟਰਾਂ ਨੂੰ ਕਈ ਤਰਾਂ ਦੇ ਲਾਲਚ ਦੇਣ ਦੇ ਨਾਲ ਹੀ ਨਸ਼ੇ ਅਤੇ ਸ਼ਰਾਬ ਆਦਿ ਵੰਡਦੇ ਹਨ ਪਰ ਇਸ ਵਾਰੀ ਇਹ ਅਮਲ ਘੱਟ ਹੀ ਦੇਖਣ ਵਿਚ ਆ ਰਿਹਾ ਹੈ| ਇਸ ਦਾ ਮੁੱਖ ਕਾਰਨ ਚੋਣ ਕਮਿਸ਼ਨੀ ਦੀ ਸਖਤੀ ਅਤੇ ਪੁਲੀਸ ਵਲੋਂ ਨਾਕੇਬੰਦੀ ਕਰਕੇ ਕੀਤੀ ਗਈ ਸਖਤੀ ਕਰਕੇ ਹੈ|
ਚੋਣ ਕਮਿਸ਼ਨ ਵਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਚੋਣ ਲੜਨ ਦੌਰਾਨ ਕੀਤੇ ਜਾ ਰਹੇ ਖਰਚੇ ਉਪਰ ਖਾਸ ਨਜਰ ਰੱਖੀ ਜਾ ਰਹੀ ਹੈ,ਜਿਸ ਕਾਰਨ ਚੋਣਾਂ ਲੜ ਰਹੇ ਸਾਰੇ ਹੀ ਉਮੀਦਵਾਰ ਵਧੇਰੇ ਖਰਚਾ ਕਰਨ ਤੋਂ  ਗੁਰੇਜ ਕਰ ਰਹੇ ਹਨ| ਇਸ ਤੋਂ ਇਲਾਵਾ ਵੱਡੀ ਗਿਣਤੀ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਅਜੇ ਅਖਬਾਰਾਂ ਵਿਚ ਇਸਤਿਹਾਰ ਦੇਣ ਤੋਂ ਵੀ ਗੁਰੇਜ ਕੀਤਾ ਜਾ ਰਿਹਾ ਹੈ| ਉਮੀਦਵਾਰਾਂ ਨੁੰ ਇਹ ਡਰ ਸਤਾ ਰਿਹਾ ਹੈ ਕਿ ਜੇ ਅਖਬਾਰਾਂ ਵਿਚ ਉਹਨਾਂ ਨੇ ਜਾਂ ਉਹਨਾਂ ਦੇ ਸਮਰਥਕਾਂ ਨੇ ਇਸਤਿਹਾਰ ਦੇ ਦਿਤੇ ਤਾਂ ਇਹਨਾਂ ਇਸਤਿਹਾਰਾਂ ਦਾ ਖਰਚਾ ਵੀ ਉਹਨਾਂ ਦੇ ਚੋਣ ਖਰਚੇ ਵਿਚ ਜੁੜ ਜਾਵੇਗਾ| ਇਸ ਕਰਕੇ ਅਜਿਹੀ ਕਿਸੇ ਸਮਸਿਆ ਤੋਂ ਬਚਣ ਲਈ ਉਮੀਦਵਾਰਾਂ ਵਲੋਂ ਆਪਣੇ ਚੋਣ ਪ੍ਰਚਾਰ ਲਈ ਵੀ ਅਖਬਾਰਾਂ ਨੂੰ ਇਸ਼ਤਿਹਾਰ ਜਾਰੀ ਨਹੀਂ ਕੀਤੇ ਜਾ ਰਹੇ|
ਅਖਬਾਰਾਂ ਵਿਚ ਉਮੀਦਵਾਰਾਂ ਦੀ ਇਸਤਿਹਾਰ ਬਾਜੀ ਨਾ ਹੋਣ ਕਾਰਨ ਚੋਣਾਂ ਦਾ ਰੰਗ ਫਿੱਕਾ ਜਿਹਾ ਹੀ ਲੱਗ ਰਿਹਾ ਹੈ ਜਦੋਂਕਿ ਪਿਛਲੀਆਂ ਚੋਣਾਂ ਦੌਰਾਨ ਸਾਰੇ ਹੀ ਅਖਬਾਰ ਇਸਤਿਹਾਰਾਂ ਨਾਲ ਭਰੇ ਪਏ ਹੁੰਦੇ ਸਨ|
ਇਸ ਤੋਂ ਇਲਾਵਾ ਉਮੀਦਾਵਾਰਾਂ ਵਲੋਂ ਆਪੋ ਆਪਣੇ ਚੋਣ ਪ੍ਰਚਾਰ ਲਈ ਰਿਕਸ਼ੇ, ਆਟੋ ਅਤੇ ਹੋਰ ਵਾਹਨਾਂ ਦੀ ਵਰਤੋ ਵੀ ਬਹੁਤ ਘੱਟ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦੇ ਵੀ ਖਰਚੇ ਤੋਂ ਬਚਿਆ ਜਾ ਸਕੇ| ਇਸ ਕਾਰਨ ਮੁਹਾਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਵੋਟਾਂ ਦਾ ਰੌਲਾ ਘੱਟ ਹੀ ਸੁਣਨ ਵਿਚ ਆ ਰਿਹਾ ਹੈ|ਭਾਵੇਂ ਕਿ ਸਾਰੇ ਹੀ ਉਮੀਦਵਾਰ ਬੋਚ ਬੋਚ ਕੇ ਕਦਮ ਪੁੱਟ ਰਹੇ ਹਨ ਪਰ ਫਿਰ ਵੀ ਚੋਣ ਕਮਿਸ਼ਨ ਵਲੋਂ ਮੁੱਖ ਉਮੀਦਵਾਰਾਂ ਨੂੰ ਦਰਜਣਾਂ ਨੋਟਿਸ ਜਾਰੀ ਕਰਕੇ ਉਹਨਾਂ ਵੱਲੋਂ ਕੀਤੀ ਜਾ ਰਹੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਜਵਾਬ ਮੰਗੇ ਜਾ ਰਹੇ  ਹਨ|

Leave a Reply

Your email address will not be published. Required fields are marked *