ਚੋਣ ਕਮਿਸ਼ਨ ਦੀ ਸਖਤੀ ਕਾਰਨ ਉਮੀਦਵਾਰਾਂ ਨੇ ਬਦਲਿਆ ਚੋਣ ਪ੍ਰਚਾਰ ਦਾ ਢੰਗ

ਐਸ. ਏ. ਐਸ. ਨਗਰ 25 ਜਨਵਰੀ (ਸ.ਬ.) ਚੋਣ ਕਮਿਸ਼ਨ ਦੀ ਸਖਤੀ ਕਾਰਨ ਇਸ ਵਾਰ ਚੋਣ ਲੜ ਰਹੇ ਉਮੀਦਵਾਰਾਂ ਨੇ ਵੀ ਆਪਣੇ ਚੋਣ ਪ੍ਰਚਾਰ ਦਾ ਢੰਗ ਬਦਲ ਲਿਆ ਹੈ| ਪਹਿਲਾਂ ਚੋਣਾਂ ਦੌਰਾਨ ਜੋ ਕੁਝ ਖੁਲੇ ਰੂਪ ਵਿਚ ਹੁੰਦਾ ਸੀ, ਉਹ ਹੁਣ ਲੁਕਵੇ ਰੂਪ ਵਿਚ ਹੋ ਰਿਹਾ ਹੈ| ਚੋਣ ਕਮਿਸ਼ਨ ਦੀ ਸਖਤੀ ਕਾਰਨ ਹੁਣ ਚੋਣਾਂ ਦੌਰਾਨ ਪਹਿਲਾ ਵਾਲਾ ਕੰਨਫਾੜੂ ਰੌਲਾ ਰੱਪਾ ਨਜ਼ਰ ਨਹੀ ਆ ਰਿਹਾ| ਪਹਿਲਾਂ ਚੋਣਾਂ ਦੌਰਾਨ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਵਾਲੇ ਰਿਕਸ਼ੇ ਵਾਲਿਆ, ਆਟੋ ਵਾਲਿਆਂ ਵਲੋਂ ਉੱਚੀ ਆਵਾਜ਼ ਵਿਚ ਸਪੀਕਰ ਲਗਾ ਕੇ ਗਲੀ- ਗਲੀ ਵਿਚ ਚੋਣ ਪ੍ਰਚਾਰ ਕੀਤਾ ਜਾਂਦਾ ਸੀ ਅਤੇ ਹਰ ਗਲੀ ਵਿਚ ਹੀ ਸਾਰਾ ਦਿਨ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਵਾਲੇ ਰੇਹੜੀਆਂ ਵਾਲੇ, ਰਿਕਸ਼ੇ ਵਾਲੇ ਉੱਚੀ ਆਵਾਜ਼ ਵਿਚ ਸਪੀਕਰ ਲਗਾ ਕੇ ਘੁੰਮਦੇ ਰਹਿੰਦੇ ਸਨ, ਜਿਸ ਨਾਲ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਸਨ ਅਤੇ ਬੱਚਿਆਂ ਦੀ  ਪੜ੍ਹਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਸੀ ਪਰ ਇਸ ਵਾਰੀ ਅਜਿਹਾ ਕੁਝ ਵੇਖਣ ਵਿਚ ਨਹੀਂ ਆ ਰਿਹਾ| ਇਸ ਵਾਰੀ ਉਮੀਦਵਾਰਾਂ ਵਲੋਂ ਘੱਟ ਖਰਚਾ ਕਰਨ ਲਈ ਚੋਣ ਪ੍ਰਚਾਰ ਨੂੰ ਵੀ ਸੀਮਿਤ ਕੀਤਾ ਗਿਆ ਹੈ ਅਤੇ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਵਾਲੇ ਟਾਂਵੇ ਟਾਂਵੇ ਵਾਹਨ ਹੀ ਸ਼ਹਿਰਾਂ ਤੇ ਪਿੰਡਾਂ ਵਿਚ ਘੁੰਮ ਰਹੇ ਹਨ| ਪਿਛਲੀਆਂ ਚੋਣਾਂ ਦੌਰਾਨ ਹਰ ਉਮੀਦਵਾਰ ਵਲੋਂ ਹੀ ਵੱਡੀਆਂ ਵੱਡੀਆ ਰੈਲੀਆਂ ਕੀਤੀਆਂ ਜਾਂਦੀਆਂ ਸਨ ਅਤੇ ਵੱਡੀ ਗਿਣਤੀ ਵਾਹਨਾਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਸੀ ਪਰ ਅੱਜ ਕਲ ਵਿਧਾਨ ਸਭਾ  ਚੋਣਾਂ ਦਾ ਦਿਨ ਨੇੜੇ ਆਉਣ ਦੇ ਬਾਵਜੂਦ ਉਮੀਦਵਾਰਾਂ ਵਲੋਂ ਵੱਡੀਆਂ ਰੈਲੀਆਂ ਕਰਨ ਤੇ ਗੁਰੇਜ ਕੀਤਾ ਜਾ ਰਿਹਾ ਹੈ| ਜਿਸ ਕਰਕੇ ਇਸ ਵਾਰੀ ਪਿਛਲੀਆਂ ਚੋਣਾਂ ਵਾਲਾ ਰੰਗ ਅਜੇ  ਤੱਕ ਨਹੀਂ ਜੰਮਿਆ|
ਇਸ ਤੋਂ ਇਲਾਵਾ ਉਮੀਦਵਾਰਾਂ ਅਤੇ ਉਹਨਾਂ ਦੇ ਖਾਸਮ ਖਾਸ ਬੰਦਿਆਂ ਵਲੋਂ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਜੋ ਮੁਹੱਲਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ| ਉਹਨਾਂ ਮੀਟਿੰਗਾਂ ਵਿਚ ਵੀ ਚਾਹ ਅਤੇ ਸਮੋਸੇ ਦੇਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ ਤਾਂ ਕਿ ਉਸਦਾ ਖਰਚਾ ਵੀ ਚੋਣ ਖਰਚ ਵਿਚ ਨਾ ਜੁੜ ਜਾਵੇ ਜਦੋਂ ਕਿ ਪਹਿਲਾਂ ਉਮੀਦਵਾਰਾਂ ਵਲੋਂ ਕੀਤੀਆਂ ਜਾਂਦੀਆਂ ਅਜਿਹੀਆਂ ਮੀਟਿੰਗਾਂ ਵਿਚ ਵੋਟਰਾਂ ਨੂੰ ਚਾਰ-ਚਾਰ ਚੀਜਾਂ ਖਾਣ ਲਈ ਦਿੱਤੀਆਂ ਜਾਂਦੀਆਂ ਸਨ|
ਪਿਛਲੀਆਂ ਚੋਣਾਂ ਦੌਰਾਨ ਉਮੀਦਵਾਰਾਂ ਵਲੋਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਖੁੱਲੇਆਮ ਸ਼ਰਾਬ ਵੰਡੀ ਜਾਂਦੀ ਸੀ ਅਤੇ ਵੋਟਰਾਂ ਨੂੰ ਹੋਰ ਚੀਜ਼ਾਂ ਵੰਡੀਆਂ ਜਾਂਦੀਆ ਸਨ ਪਰ ਇਸ ਵਾਰੀ ਇਹ ਢੰਗ ਵੀ ਬਦਲ ਲਿਆ ਹੈ ਹੁਣ ਕਿਸੇ ਵੀ ਉਮੀਦਵਾਰ ਵਲੋਂ ਵੋਟਰਾਂ ਨੂੰ ਸਿੱਧੇ ਢੰਗ ਨਾਲ ਸ਼ਰਾਬ ਨਹੀਂ ਦਿੱਤੀ ਜਾ ਰਹੀ, ਸਗੋਂ ਲੋਕਾਂ ਨੂੰ ਪਰਚੀਆਂ ਦੇ ਦਿੱਤੀਆਂ ਜਾਂਦੀਆਂ ਹਨ ਜਿਸ ਨਾਲ ਪਰਚੀਆਂ ਦੇ ਕੇ ਠੇਕਿਆਂ ਉੱਪਰੋਂ ਸ਼ਰਾਬ ਮਿਲ ਜਾਂਦੀ ਹੈ|
ਪਹਿਲਾਂ ਉਮੀਦਵਾਰਾਂ ਵਲੋਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਵੋਟਰਾਂ ਨੂੰ ਪੈਸੇ ਵੀ ਵੰਡੇ ਜਾਂਦੇ ਸਨ ਪਰ ਇਸ ਵਾਰੀ ਵੋਟਰਾਂ ਨੂੰ ਉਮੀਦਵਾਰਾਂ ਵਲੋਂ ਸਿੱਧੇ ਪੈਸੇ ਵੰਡਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ|
ਕਹਿਣ ਦਾ ਭਾਵ ਇਹ ਹੈ ਕਿ ਚੋਣ ਕਮਿਸ਼ਨ ਦੀ ਸਖਤੀ ਕਾਰਨ ਇਸ ਵਾਰੀ ਚੋਣਾਂ ਦੌਰਾਨ ਰੌਲਾ ਰੱਪਾ ਵੀ ਘਟਿਆ ਹੈ ਅਤੇ ਸ਼ਰਾਬ ਦੀ ਖਪਤ ਵੀ ਪਹਿਲਾਂ ਵਰਗੀ ਨਹੀਂ ਹੋ ਰਹੀ| ਇਸ ਤੋਂ ਇਲਾਵਾ ਚੋਣ ਕਮਿਸ਼ਨ ਦੀ ਸਖਤੀ ਕਾਰਨ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਦੇ ਢੰਗ ਹੀ ਬਦਲ ਲਏ ਹਨ|

Leave a Reply

Your email address will not be published. Required fields are marked *