ਚੋਣ ਕਮਿਸ਼ਨ ਦੀ ਸਖਤੀ ਦੇ ਬਾਵਜੂਦ ਵੋਟਰਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ ਉਮੀਦਵਾਰ ਤੇ ਰਾਜਸੀ ਆਗੂ

ਐਸ ਏ ਐਸ ਨਗਰ, 15 ਮਾਰਚ (ਸ.ਬ.) ਲੋਕ ਸਭਾ ਚੋਣਾਂ ਸਬੰਧੀ ਭਾਵੇਂ ਚੋਣ ਕਮਿਸ਼ਨ ਵਲੋਂ ਪੂਰੀ ਸਖਤੀ ਕੀਤੀ ਜਾਂਦੀ ਹੈ ਤਾਂ ਕਿ ਚੋਣ ਲੜ ਰਹੇ ਉਮੀਦਵਾਰ ਅਤੇ ਰਾਜਸੀ ਆਗੂ ਵੋਟਰਾਂ ਨੂੰ ਕਿਸੇ ਲਾਲਚ ਜਾਂ ਕਿਸੇ ਹੋਰ ਤਰੀਕੇ ਨਾਲ ਭਰਮਾਉਣ ਦਾ ਯਤਨ ਨਾ ਕਰਨ ਪਰ ਚੋਣ ਕਮਿਸ਼ਨ ਦੀ ਸਖਤੀ ਦੇ ਬਾਵਜੂਦ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਅਤੇ ਰਾਜਸੀ ਆਗੂ ਵੋਟਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਭਰਮਾਉਣ ਵਿੱਚ ਸਫਲ ਹੋ ਜਾਂਦੇ ਹਨ|
ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਨਾਲ ਭਾਰਤ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਚੁਕਿਆ ਹੈ, ਜਿਸ ਤਹਿਤ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਕੋਈ ਵੀ ਲੋਕ ਲੁਭਾਊ ਫੈਸਲੇ ਨਹੀਂ ਲੈ ਸਕਦੀਆਂ, ਨਾ ਹੀ ਚੋਣ ਜਾਬਤੇ ਦੌਰਾਨ ਮੰਤਰੀਆਂ ਵਲੋਂ ਵਿਕਾਸ ਕੰਮਾਂ ਦੇ ਸ਼ੁਰੂ ਹੋਣ ਦੇ ਨੀਂਹ ਪੱਥਰ ਰੱਖੇ ਜਾ ਸਕਦੇ ਹਨ ਅਤੇ ਨਾ ਹੀ ਕੰਮ ਮੁਕੰਮਲ ਹੋਣ ਉਦਘਾਟਨ ਕੀਤੇ ਜਾ ਸਕਦੇ ਹਨ ਪਰ ਸੱਤਾਧਾਰੀ ਧਿਰ ਵਲੋਂ ਹਰ ਰਾਜ ਵਿੱਚ ਅੰਦਰਖਾਤੇ ਅਜਿਹੇ ਕੰਮ ਕਰਨੇ ਜਾਰੀ ਰਹਿੰਦੇ ਹਨ| ਇਸ ਤੋਂ ਇਲਾਵਾ ਵੋਟਾਂ ਪੱਕੀਆਂ ਕਰਨ ਲਈ ਸੱਤਾਧਾਰੀ ਆਗੂਆਂ ਵਲੋਂ ਵੱਖ ਵੱਖ ਸੰਸਥਾਵਾਂ ਨੂੰ ਗ੍ਰਾਂਟਾ ਵੀ ਚੋਣ ਜਾਬਤੇ ਦੌਰਾਨ ਅੰਦਰਖਾਤੇ ਵੰਡ ਦਿੱਤੀਆਂ ਜਾਂਦੀਆਂ ਹਨ ਪਰ ਕਾਗਜਾਂ ਵਿੱਚ ਇਹ ਗ੍ਰਾਂਟਾ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਜਾਰੀ ਕੀਤੀਆਂ ਦਿਖਾ ਦਿੱਤੀਆਂ ਜਾਂਦੀਆਂ ਹਨ|
ਇਸ ਸਬੰਧੀ ਮੀਡੀਆ ਵਿਚ ਜੋ ਖਬਰਾਂ ਜਾਰੀ ਕੀਤੀਆਂ ਜਾਂਦੀਆਂ ਹਨ, ਉਹਨਾਂ ਵਿੱਚ ਵੀ ਪਿਛਲੇ ਦਿਨੀਂ ਲਿਖ ਕੇ ਇਸ ਕਾਰਵਾਈ ਨੂੰ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਦੀ ਦਿਖਾ ਦਿੱਤਾ ਜਾਂਦਾ ਹੈ| ਚੋਣ ਜਾਬਤਾ ਲੱਗਣ ਤੋਂ ਬਾਅਦ ਜਿਥੇ ਸੱਤਾਧਾਰੀ ਧਿਰ ਵਾਲੇ ਵੋਟਾਂ ਪੱਕੀਆਂ ਕਰਨ ਲਈ ਸਰਕਾਰੀ ਗ੍ਰਾਂਟਾਂ ਨੂੰ ਅੰਦਰਖਾਤੇ ਜਾਰੀ ਕਰਦੇ ਰਹਿੰਦੇ ਹਨ, ਉਥੇ ਵਿਰੋਧੀ ਦਲਾਂ ਦੇ ਉਮੀਦਵਾਰ ਤੇ ਰਾਜਸੀ ਆਗੂ ਵੀ ਵੋਟਾਂ ਪੱਕੀਆਂ ਕਰਨ ਲਈ ਵੋਟਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਜਾਂ ਗਿਫਟ ਆਦਿ ਦੇ ਕੇ ਉਹਨਾਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ| ਸੁਣਨ ਵਿੱਚ ਤਾਂ ਇਹ ਵੀ ਆਇਆ ਹੈ ਕਿ ਜਿਹੜੇ ਘਰ ਵਿਚ ਦਸ ਜਾਂ ਦਸ ਤੋਂ ਵੱਧ ਵੋਟਾਂ ਹੁੰਦੀਆਂ ਹਨ, ਉਹ ਵੋਟਾਂ ਪੱਕੀਆਂ ਕਰਨ ਲਈ ਰਾਜਸੀ ਆਗੂਆਂ ਵਲੋਂ ਇਹਨਾਂ ਪਰਿਵਾਰਾਂ ਨੂੰ ਕੂਲਰ ਜਾਂ ਟੀ ਵੀ ਜਾਂ ਮੋਟਰਸਾਈਕਲ ਵਰਗੇ ਤੋਹਫੇ ਵੀ ਦਿੱਤੇ ਜਾਂਦੇ ਹਨ| ਇਸ ਤੋਂ ਇਲਾਵਾ ਵੱਖ ਵੱਖ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਵਲੋਂ ਇਹਨਾਂ ਚੋਣਾਂ ਵਿੱਚ ਪੈਸਾ ਪਾਣੀ ਵਾਂਗ ਵਹਾਉਂਦੇ ਹਨ| ਕਈ ਵਾਰ ਤਾਂ ਪੈਸੇ ਦੇ ਕੇ ਵੋਟਾਂ ਖਰੀਦਣ ਤੱਕ ਦੇ ਦੋਸ਼ ਵੱਖ ਵੱਖ ਉਮੀਦਵਾਰਾਂ ਵਲੋਂ ਇਕ ਦੂਜੇ ਤੇ ਲਾਏ ਜਾਂਦੇ ਹਨ|
ਹਰ ਚੋਣਾਂ ਵਿੱਚ ਚੋਣਾਂ ਲੜਨ ਵਾਲੇ ਵੱਖ ਵੱਖ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਭਰਮਾਉਣ ਦੇ ਯਤਨ ਵੱਡੀ ਪੱਧਰ ਤੇ ਹੁੰਦੇ ਰਹਿੰਦੇ ਹਨ| ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਵਿਚ ਕਿੰਨਾ ਕੁ ਸਫਲ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ|

Leave a Reply

Your email address will not be published. Required fields are marked *